ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 15 ਤੋਂ ਟੌਲ ਪਲਾਜ਼ੇ ਬੰਦ ਕਰਨ ਦਾ ਫ਼ੈਸਲਾ : The Tribune India

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 15 ਤੋਂ ਟੌਲ ਪਲਾਜ਼ੇ ਬੰਦ ਕਰਨ ਦਾ ਫ਼ੈਸਲਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 15 ਤੋਂ ਟੌਲ ਪਲਾਜ਼ੇ ਬੰਦ ਕਰਨ ਦਾ ਫ਼ੈਸਲਾ

ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 4 ਦਸੰਬਰ

ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਚੱਲ ਰਹੇ ਧਰਨਿਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸੁਣਵਾਈ ਨਾ ਕਰਨ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਇਸ ਤਹਿਤ ਜਥੇਬੰਦੀ ਵੱਲੋਂ 5 ਦਸੰਬਰ ਨੂੰ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ, 7 ਦਸੰਬਰ ਨੂੰ ਡੀਸੀ ਦਫ਼ਤਰਾਂ ਦਾ ਘਿਰਾਓ ਅਤੇ 12 ਦਸੰਬਰ ਨੂੰ ਰਾਜ ਸਰਕਾਰ ਦੇ ਵਜ਼ੀਰਾਂ ਤੇ ਵਿਧਾਇਕਾ ਦੇ ਘਿਰਾਓ ਤੋਂ ਬਾਅਦ 15 ਦਸੰਬਰ ਤੋਂ 15 ਜਨਵਰੀ ਤੱਕ ਸੂਬੇ ਭਰ ਵਿੱਚ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ ਜਾਣਗੇ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਬੀਤੀ ਸ਼ਾਮ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਸਰਕਾਰ ਦੇ ਲੋਕ ਮੁੱਦਿਆਂ ਪ੍ਰਤੀ ਮਾੜੇ ਰਵੱਈਏ ਖ਼ਿਲਾਫ਼ ਐਕਸ਼ਨ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜ ਦਸੰਬਰ ਨੂੰ ਲੋਕ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਤਾਂ ਜੋ ਉਹ ਸੈਸ਼ਨ ਵਿੱਚ ਲੋਕ ਮੰਗਾਂ ਨੂੰ ਚੁੱਕ ਸਕਣ।

ਇਸ ਤੋਂ ਬਾਅਦ 7 ਦਸੰਬਰ ਨੂੰ ਡੀਸੀ ਦਫ਼ਤਰਾਂ ਦੇ ਗੇਟਾਂ ’ਤੇ 4 ਘੰਟੇ ਦੇ ਧਰਨੇ ਲਗਾਏ ਜਾਣਗੇ। 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਆਮ ਜਨਤਾ ਲਈ ਸੜਕਾਂ ਟੌਲ ਮੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀ ਵੱਲੋਂ ਇੱਥੇ ਡੀਸੀ ਦਫ਼ਤਰ ਅੱਗੇ ਲਾਇਆ ਮੋਰਚਾ ਅੱਜ 9ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਪੰਜਾਬ ਵਿੱਚ ਲੱਗੇ ਧਰਨਿਆਂ ਨੂੰ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All