ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤਿੰਨ ਸਾਲ ਪੁਰਾਣੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੇਸ਼ੀ ਭੁਗਤਣ ਲਈ ਅੱਜ ਇਥੇ ਈ ਡੀ ਦਫ਼ਤਰ ਪਹੁੰਚੇ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਆਧਾਰ ਬਣਾ ਕੇ ਕੇਂਦਰੀ ਏਜੰਸੀ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਵਿਜੀਲੈਂਸ ਨੇ ਸਾਲ 2023 ਵਿੱਚ ਕਿੱਕੀ ਢਿੱਲੋਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਬਿਊਰੋ ਦੀ ਜਾਂਚ ਅਨੁਸਾਰ ਸਾਲ 2017 ਤੋਂ 2022 ਤੱਕ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕਿੱਕੀ ਢਿੱਲੋਂ ਦੀ ਕੁੱਲ ਆਮਦਨ 3.18 ਕਰੋੜ ਰੁਪਏ ਸੀ। ਇਸ ਦੇ ਮੁਕਾਬਲੇ ਉਨ੍ਹਾਂ ਵੱਲੋਂ 10.72 ਕਰੋੜ ਰੁਪਏ ਖਰਚ ਕੀਤੇ ਗਏ, ਜੋ ਉਨ੍ਹਾਂ ਦੀ ਜਾਇਜ਼ ਆਮਦਨ ਤੋਂ 245 ਫੀਸਦੀ ਵੱਧ ਬਣਦੇ ਹਨ। ਜਾਂਚ ਦੌਰਾਨ ਸਾਬਕਾ ਵਿਧਾਇਕ 7.53 ਕਰੋੜ ਰੁਪਏ ਦੇ ਵਾਧੂ ਖਰਚੇ ਦਾ ਕੋਈ ਪੁਖਤਾ ਹਿਸਾਬ ਪੇਸ਼ ਨਹੀਂ ਕਰ ਸਕੇ ਸਨ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਚਾਰਜਸ਼ੀਟ ਫਾਈਲ ਕੀਤੀ ਹੋਈ ਹੈ। ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਕਿੱਕੀ ਢਿੱਲੋਂ ਨੇ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਸਾਦਿਕ ਦੇ ਪਿੰਡ ਮੁਮਰਾ ਵਿੱਚ ਹੋਰਾਂ ਵਿਅਕਤੀਆਂ ਦੇ ਨਾਂ ’ਤੇ ਜਾਇਦਾਦਾਂ ਖਰੀਦੀਆਂ ਸਨ।
ਇਸ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਕਿੱਕੀ ਢਿੱਲੋਂ ਦੇ ਨਾਲ ਫਰੀਦਕੋਟ ਦੇ ਗੁਰਸੇਵਕ ਸਿੰਘ ਅਤੇ ਫਿਰੋਜ਼ਪੁਰ ਦੇ ਰਾਜਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਸੀ। ਈ ਡੀ ਵੱਲੋਂ ਹੁਣ ਇਸ ਮਾਮਲੇ ਵਿੱਚ ਪੈਸੇ ਦੇ ਲੈਣ-ਦੇਣ ਅਤੇ ਮਨੀ ਲਾਂਡਰਿੰਗ ਦੇ ਪਹਿਲੂਆਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

