Khanna: ਜੇਤੂ ਅਕਾਲੀ ਕੌਂਸਲਰ ਹਨੀ ਰੋਸ਼ਾ ਕੁੱਟਮਾਰ ਦੇ ਦੋਸ਼ ’ਚ ਭਤੀਜੇ ਸਮੇਤ ਗ੍ਰਿਫ਼ਤਾਰ
ਨਗਰ ਕੌਂਸਲ ਖੰਨਾ ਦੀਆਂ ਚੋਣਾਂ ਦੇ ਨਤੀਜਿਆਂ ਉਪਰੰਤ ਸ਼ਹਿਰ ਦਾ ਮਾਹੌਲ ਅਜੇ ਵੀ ਸਿਆਸੀ ਤੌਰ ’ਤੇ ਭਖਿਆ ਹੋਇਆ ਹੈ। ਇਸੇ ਤਹਿਤ ਖੰਨਾ ਪੁਲੀਸ ਨੇ ਵਾਰਡ ਨੰਬਰ-30 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਅਤੇ ਉਨ੍ਹਾਂ ਦੇ ਭਤੀਜੇ ਨੂੰ ‘ਆਪ’ ਵੱਲੋਂ...
ਨਗਰ ਕੌਂਸਲ ਖੰਨਾ ਦੀਆਂ ਚੋਣਾਂ ਦੇ ਨਤੀਜਿਆਂ ਉਪਰੰਤ ਸ਼ਹਿਰ ਦਾ ਮਾਹੌਲ ਅਜੇ ਵੀ ਸਿਆਸੀ ਤੌਰ ’ਤੇ ਭਖਿਆ ਹੋਇਆ ਹੈ। ਇਸੇ ਤਹਿਤ ਖੰਨਾ ਪੁਲੀਸ ਨੇ ਵਾਰਡ ਨੰਬਰ-30 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਅਤੇ ਉਨ੍ਹਾਂ ਦੇ ਭਤੀਜੇ ਨੂੰ ‘ਆਪ’ ਵੱਲੋਂ ਉਮੀਦਵਾਰ ਵੱਲੋਂ ਦਿੱਤੀ ਸ਼ਿਕਾਇਤ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇਥੋਂ ਦੇ ਵਾਰਡ ਨੰਬਰ-30 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਹਰਦੀਪ ਸਿੰਘ ਹਨੀ ਰੋਸ਼ਾ ਆਪਣੇ ਹਮਾਇਤੀਆਂ ਨਾਲ ਵਾਰਡ ਵਿਚ ਜਿੱਤ ਦਾ ਜਸ਼ਨ ਮਨਾ ਰਹੇ ਸਨ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਪ੍ਰਦੀਪ ਕੁਮਾਰ ਉਰਫ਼ ਸੋਨੂੰ ਜੌਹਰ ਦੇ ਘਰ ਦੇ ਅੱਗੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਸ਼ਿਕਾਇਤ ਅਨੁਸਾਰ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਰਿਹਾਇਸ਼ ਅੱਗੇ ਪਟਾਕੇ ਚਲਾਏ ਤੇ ਅਸ਼ਲੀਲ ਗਾਣੇ ਗਾਏ। ਜਦੋਂ ਸੋਨੂੰ ਜੌਹਰ ਦੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਗਾਲੀ ਗਲੋਚ ਕਰਕੇ ਬਦਸਲੂਕੀ ਕੀਤੀ ਗਈ ਅਤੇ ਬਾਅਦ ’ਚ ਘਰ ਅੰਦਰ ਹਮਲਾ ਕੀਤਾ ਗਿਆ। ਇਹ ਵੀ ਦੋਸ਼ ਹੈ ਕਿ ਹਨੀ ਰੋਸ਼ਾ ਅਤੇ ਹੋਰਾਂ ਨੇ ਸੋਨੂੰ ਜੌਹਰ ਦੀ ਗਰਭਵਤੀ ਭਾਬੀ ਨਾਲ ਵੀ ਬਦਸਲੂਕੀ ਤੇ ਕੁੱਟਮਾਰ ਕੀਤੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਆਧਾਰ ’ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਧਾਰਾ 452 ਅਧੀਨ ਹਨੀ ਰੋਸ਼ਾ ਅਤੇ ਉਨ੍ਹਾਂ ਦੇ ਭਤੀਜੇ ਕਰਨ ਰੋਸ਼ਾ ਨੂੰ ਗ੍ਰਿਫ਼ਤਾਰ ਕਰਕੇ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਇਸ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦਾ ਪਤਾ ਲੱਗਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਯਾਦਵਿੰਦਰ ਸਿੰਘ ਯਾਦੂ ਨੇ ਥਾਣੇ ਅੱਗੇ ਇੱਕਠ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਕਾਲੀ ਦਲ ਦੇ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਅਕਾਲੀ ਕੌਂਸਲਰ ਦੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ। ਜਿਸ ਦਾ ਹਿਸਾਬ ਆਉਣ ਵਾਲੇ ਸਮੇਂ ’ਚ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਤਾਨਾਸ਼ਾਹੀ ਰਾਜ ਦਾ ਅੰਤ ਜਲਦ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਹਰਦੀਪ ਸਿੰਘ ਹਨੀ ਰੋਸ਼ਾ ਨਾਲ ਕਾਗਜ਼ ਭਰਨ ਸਮੇਂ ਧੱਕਾ ਹੋਇਆ ਅਤੇ ਹੁਣ ਜਿੱਤਣ ’ਤੇ ਵੀ ਮੰਤਰੀ ਵੱਲੋਂ ਸਿਆਸੀ ਰੰਜਿਸ਼ ਤਹਿਤ ਧੱਕਾ ਕੀਤਾ ਜਾ ਰਿਹਾ ਹੈ।

