ਕਸ਼ਮੀਰੀ ਵਪਾਰੀ ਦਾ ਨੁਕਸਾਨ ਪੂਰ ਕੇ ਰੱਖੀ ਪੰਜਾਬ ਦੀ ਲਾਜ : The Tribune India

ਕਸ਼ਮੀਰੀ ਵਪਾਰੀ ਦਾ ਨੁਕਸਾਨ ਪੂਰ ਕੇ ਰੱਖੀ ਪੰਜਾਬ ਦੀ ਲਾਜ

ਕਸ਼ਮੀਰ ਤੋਂ ਆਏ ਟਰੱਕ ਪਲਟਣ ਮੌਕੇ ਲੋਕ ਚੁੱਕ ਕੇ ਲੈ ਗਏ ਸਨ ਸੇਬਾਂ ਦੀਆਂ ਪੇਟੀਆਂ

ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 5 ਦਸੰਬਰ

ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਦੀ ਹਾਜ਼ਰੀ ਵਿਚ ਅੱਜ ਪਟਿਆਲਾ ਦੇ ਵਸਨੀਕ ਰਾਜਵਿੰਦਰ ਸਿੰਘ ਤੇ ਮੁਹਾਲੀ ਵਾਸੀ ਗੁਰਪ੍ਰੀਤ ਸਿੰਘ ਦੇ ਯਤਨਾਂ ਸਦਕਾ ਨੁਕਸਾਨ ਨੂੰ ਪੂਰਨ ਲਈ ਕਸ਼ਮੀਰ ਦੇ ਵਪਾਰੀ ਮੁਹੰਮਦ ਸ਼ਾਹਿਦ ਨੂੰ 9 ਲੱਖ 12 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ ਗਿਆ। ਪੁਲੀਸ ਨੇ ਰਾਜਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਪੀੜਤ ਵਪਾਰੀ ਦੀ ਮਦਦ ਕਰਨ ਦੀ ਸ਼ਲਾਘਾ ਕੀਤੀ। ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਵੀਡੀਓ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਇਸ ਤੋਂ ਬਾਅਦ ਉਨ੍ਹਾਂ ਦਾ ਜ਼ਿਲ੍ਹਾ ਪੁਲੀਸ ਮੁਖੀ ਨਾਲ ਸੰਪਰਕ ਹੋਇਆ ਤੇ ਉਨ੍ਹਾਂ ਸੇਬਾਂ ਦੇ ਵਪਾਰੀ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਵਪਾਰੀ ਮੁਹੰਮਦ ਸ਼ਾਹਿਦ ਨੇ ਮਦਦ ਲਈ ਅੱਗੇ ਆਏ ਵਿਅਕਤੀਆਂ ਤੇ ਪੁਲੀਸ ਦਾ ਧੰਨਵਾਦ ਕੀਤਾ।

ਸੇਬਾਂ ਦੀਆਂ ਪੇਟੀਆਂ ਚੁੱਕਣ ਦੇ ਮਾਮਲੇ ਵਿੱਚ 10 ਗ੍ਰਿਫ਼ਤਾਰ

ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਬੀਤੇ ਦਿਨੀਂ ਸੇਬਾਂ ਦੇ ਭਰੇ ਟਰੱਕ ਦੇ ਪਲਟਣ ਤੋਂ ਬਾਅਦ ਫ਼ਲਾਂ ਦੀਆਂ ਪੇਟੀਆਂ ਚੁੱਕ ਕੇ ਲਿਜਾਣ ਦੇ ਮਾਮਲੇ ਵਿਚ ਪੁਲੀਸ ਨੇ ਕੇਸ ਦਰਜ ਕਰਕੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ 2 ਅਜੇ ਫ਼ਰਾਰ ਹਨ। ਇਹ ਟਰੱਕ ਕਸ਼ਮੀਰ ਤੋਂ ਉੜੀਸਾ ਨੂੰ ਜਾ ਰਿਹਾ ਸੀ। ਘਟਨਾ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲੀਸ ਨੇ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਕਸ਼ਮੀਰੀ ਵਪਾਰੀ ਸ੍ਰੀਨਗਰ ਤੋਂ 1265 ਪੇਟੀਆਂ ਸੇਬਾਂ ਦੀਆਂ ਲੈ ਕੇ ਉੜੀਸਾ ਜਾ ਰਿਹਾ ਸੀ। ਇਸੇ ਦੌਰਾਨ ਟਰੱਕ ਪਿੰਡ ਰਾਜਿੰਦਰਗੜ੍ਹ ਨਜ਼ਦੀਕ ਪਲਟ ਗਿਆ ਤੇ ਲੋਕਾਂ ਨੇ ਸੇਬਾਂ ਦੀਆਂ ਪੇਟੀਆਂ ਲੁੱਟ ਲਈਆਂ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਫੌਰੀ ਕਾਰਵਾਈ ਕਰਦਿਆਂ ਥਾਣਾ ਬਡਾਲੀ ਆਲਾ ਸਿੰਘ ਵਿਚ ਧਾਰਾ 379 ਅਧੀਨ ਮੁਕੱਦਮਾ ਦਰਜ ਕਰ ਕੇ ਤਕਨੀਕੀ ਟੀਮ ਦੀ ਸਹਾਇਤਾ ਨਾਲ 10 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਦਕਿ 2 ਵਿਅਕਤੀ ਅਜੇ ਫ਼ਰਾਰ ਹਨ। ਪੁਲੀਸ ਮੁਖੀ ਨੇ ਕਿਹਾ ਕਿ ਇਸ ਘਟਨਾ ਨੇ ਪੰਜਾਬ ਦੇ ਲੋਕਾਂ ਦੀ ਗਲਤ ਤਸਵੀਰ ਪੇਸ਼ ਕੀਤੀ ਤੇ ਇਹ ਸ਼ਰਮਨਾਕ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਸ਼ਹੀਦਾਂ ਤੇ ਪੀਰ ਪੈਗੰਬਰਾਂ ਦੀ ਧਰਤੀ ਹੈ ਤੇ ਅਜਿਹੀ ਘਟਨਾ ਇੱਥੇ ਵਾਪਰਨੀ ਬਹੁਤ ਅਫ਼ਸੋਸਜਨਕ ਸੀ। ਐੱਸਐੱਸਪੀ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਮੁਸ਼ਕਲ ਵਿਚ ਫ਼ਸੇ ਲੋਕਾਂ ਦੀ ਮਦਦ ਕੀਤੀ ਹੈ ਤੇ ਗੁਰੂਆਂ ਨੇ ਵੀ ਇਹੀ ਸੁਨੇਹਾ ਦਿੱਤਾ ਹੈ ਪਰ ਇਸ ਘਟਨਾ ਨੇ ਸ਼ਰਮਸਾਰ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All