ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਮਈ
ਕਰੋਨਾ ਮਹਾਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੀਆਂ ਪੰਜਾਬ ਦੀਆਂ ਧੀਆਂ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਟੈਂਟ ਹੇਠ ਰਾਤ ਲੰਘਾਉਣ ਲਈ ਮਜਬੂਰ ਹਨ, ਜੋ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਾਉਣ ਦੀ ਮੰਗ ਲਈ ਲਗਾਤਾਰ ਤੀਜੇ ਦਿਨ ਵੀ ਇੱਥੇ ਡਟੀਆਂ ਰਹੀਆਂ। ਧਰਨਾਕਾਰੀ ਕਰੋਨਾ ਯੋਧਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਐਤਵਾਰ ਤੱਕ ਮੀਟਿੰਗ ਦਾ ਕੋਈ ਹੱਲ ਨਾ ਨਿਕਲਿਆ ਤਾਂ ਉਹ ਪਰਿਵਾਰਾਂ ਸਮੇਤ ਕੋਈ ਗੁਪਤ ਐਕਸ਼ਨ ਕਰਨਗੇ। ਕੰਟਰੈਕਟ ਮੈਡੀਕਲ ਐਂਪਲਾਈਜ਼ ਜੁਆਇੰਟ ਕਮੇਟੀ ਕੋਵਿੰਡ-19 ਪੰਜਾਬ ਦੀ ਅਗਵਾਈ ਹੇਠ ਕਰੋਨਾ ਯੋਧਿਆਂ ਦਾ ਲਗਾਤਾਰ ਤੀਜੇ ਦਿਨ ਵੀ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਧਰਨਾ ਜਾਰੀ ਹੈ। ਇਸ ਮੌਕੇ ਪ੍ਰਧਾਨ ਸੰਦੀਪ ਕੌਰ ਅਤੇ ਮੀਤ ਪ੍ਰਧਾਨ ਰਮਨਦੀਪ ਕੌਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਹੁੰਦੇ ਸਨ ਕਿ ‘ਆਪ’ ਦੀ ਸਰਕਾਰ ਵਿੱਚ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਵੇਗੀ ਅਤੇ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਨੌਕਰੀ ਬਹਾਲੀ ਦੀ ਮੰਗ ਲਈ ਤਿੰਨ ਦਿਨਾਂ ਤੋਂ ਪੰਜਾਬ ਦੀਆਂ ਧੀਆਂ ਮੁੱਖ ਮੰਤਰੀ ਦੀ ਕੋਠੀ ਨੇੜੇ ਕਹਿਰ ਦੀ ਗਰਮੀ ਦੇ ਬਾਵਜੂਦ ਸੜਕ ਕਿਨਾਰੇ ਇੱਕ ਟੈਂਟ ਹੇਠ ਡਟੀਆਂ ਹੋਈਆਂ ਹਨ। ਦਿਨ ਸਮੇਂ ਸੈਂਕੜੇ ਪ੍ਰਦਰਸ਼ਨਕਾਰੀ ਰੋਸ ਧਰਨੇ ਵਿੱਚ ਸ਼ਾਮਲ ਹੁੰਦੇ ਹਨ ਪਰ ਰਾਤ ਵੇਲੇ ਕਰੀਬ ਢਾਈ ਦਰਜਨ ਲੜਕੀਆਂ ਟੈਂਟ ਹੇਠ ਰਾਤ ਕੱਟਣ ਲਈ ਮਜਬੂਰ ਹਨ, ਜੋ ਮੁੱਖ ਮੰਤਰੀ ਤੋਂ ਮੀਟਿੰਗ ਦੀ ਮੰਗ ਕਰ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਕੋਲ ਉਸ ਦੇ ਬੂਹੇ ਅੱਗੇ ਬੈਠੀਆਂ ਪੰਜਾਬ ਦੀਆਂ ਧੀਆਂ ਨੂੰ ਮਿਲਣ ਦਾ ਵੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਹਸਪਤਾਲ ਪਟਿਆਲਾ ਵਿਚਲੇ ਪੈਰਾ ਮੈਡੀਕਲ ਨਰਸਿੰਗ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ਰਾਹੀਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਕੱਢੇ ਗਏ ਇਸ਼ਤਿਹਾਰ ਰਾਹੀਂ ਕੋਵਿਡ-19 ਨਾਲ ਨਜਿੱਠਣ ਵਾਸਤੇ ਜੂਨ 2020-21 ਵਿੱਚ ਨਿਯੁਕਤ ਕੀਤਾ ਗਿਆ ਸੀ ਪਰ ਮਿਸ਼ਨ ਫਤਹਿ ਮਗਰੋਂ ਕਰੋਨਾ ਯੋਧਿਆਂ ਨੂੰ 30 ਸਤੰਬਰ, 2021 ਵਿਚ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਗਿਆ ਅਤੇ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐਤਵਾਰ ਤੱਕ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।