Kalanaur Bomb Attack: ਫਿਰੌਤੀ ਨਾ ਮਿਲਣ ਕਾਰਨ ਹਸਪਤਾਲ ’ਤੇ ਬੰਬ ਸੁੱਟਿਆ
ਹਸਪਤਾਲ ਦੇ ਸ਼ੀਸ਼ੇ ਟੁੱਟੇ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ
ਫਿਰੌਤੀ ਨਾ ਮਿਲਣ ਕਾਰਨ ਅੱਜ ਬਾਅਦ ਦੁਪਹਿਰ ਕਸਬਾ ਕਲਾਨੌਰ ਸਥਿਤ ਮੁਲਤਾਨੀ ਹਸਪਤਾਲ ਵਿੱਚ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਹਸਪਤਾਲ ਦੇ ਸ਼ੀਸ਼ੇ ਟੁੱਟ ਗਏ।
ਹਸਪਤਾਲ ਦੇ ਮਾਲਕ ਡਾ. ਐੱਸ ਕੇ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਰੌਤੀ ਲਈ ਪਿਛਲੇ ਸਾਲ ਅਗਸਤ ਅਤੇ ਅਕਤੂਬਰ ਮਹੀਨਿਆਂ ਵਿੱਚ ਵੀ ਧਮਕੀਆਂ ਮਿਲੀਆਂ ਸਨ। ਪੁਲੀਸ ਨੇ ਪਹਿਲਾਂ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਸੀ ਪਰ ਬਾਅਦ ਵਿੱਚ ਹਟਾ ਲਈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਅੱਜ ਪਹਿਲਾਂ 10-15 ਮਿੰਟ ਹਸਪਤਾਲ ਦੇ ਬਾਹਰ ਉਡੀਕ ਕੀਤੀ ਅਤੇ ਜਦੋਂ ਮਰੀਜ਼ ਹਸਪਤਾਲ ਤੋਂ ਬਾਹਰ ਚਲੇ ਗਏ, ਉਸ ਸਮੇਂ ਉਸ ਨੇ ਬੰਬ ਸੁੱਟ ਦਿੱਤਾ। ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।
ਡਾ. ਮੁਲਤਾਨੀ ਅਨੁਸਾਰ ਇਹ ਘਟਨਾ ਬਾਅਦ ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਫਿਰੌਤੀਆਂ ਲਈ ਉਸ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ, ਪਰ ਪੁਲੀਸ ਵੱਲੋਂ ਕਿਸ ਕਾਰਨ ਸੁਰੱਖਿਆ ਵਾਪਸ ਲਈ ਉਹ ਸਮਝ ਤੋਂ ਬਾਹਰ ਹੈ। ਹੁਣ ਧਮਕੀਆਂ ਦੇਣ ਵਾਲੇ ਸ਼ਰੇਆਮ ਬੰਬ ਸੁੱਟ ਰਹੇ ਹਨ। ਦੂਜੇ ਪਾਸੇ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਗੁਰਦਾਸਪੁਰ ਦੇ ਐੱਸ ਐੱਸ ਪੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ। ਕੁਝ ਮਹੀਨੇ ਪਹਿਲਾਂ ਡੇਰਾ ਬਾਬਾ ਨਾਨਕ ਵਿੱਚ ਮੈਡੀਕਲ ਸਟੋਰ ਦੇ ਮਾਲਕ ਨੂੰ ਫਿਰੌਤੀ ਲਈ ਧਮਕੀਆਂ ਮਿਲੀਆਂ ਸਨ। ਉੱਥੇ ਵੀ ਪੁਲੀਸ ਵੱਲੋਂ ਸੁਰੱਖਿਆ ਦਿੱਤੀ ਗਈ ਸੀ ਪਰ ਜਿਵੇਂ ਹੀ ਪੁਲੀਸ ਸੁਰੱਖਿਆ ਹਟਾਈ ਗਈ ਤਾਂ ਹਮਲਾਵਰਾਂ ਨੇ ਸਵੇਰੇ ਦੁਕਾਨ ਖੋਲ੍ਹਦਿਆਂ ਹੀ ਗੋਲੀ ਮਾਰ ਕੇ ਸਟੋਰ ਮਾਲਕ ਦੀ ਹੱਤਿਆ ਕਰ ਦਿੱਤੀ ਸੀ।

