ਪੱਤਰਕਾਰ ਲਲਿਤ ਮੋਹਨ ਦੀ ਮਾਤਾ ਦਾ ਦੇਹਾਂਤ
ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਅਤੇ ਹੋਰ ਆਗੂਆਂ ਨੇ ਦੁੱਖ ਪ੍ਰਗਟਾਇਆ; ਸ਼ਰਧਾਂਜਲੀ ਸਮਾਗਮ ਅੱਜ
ਰੂਪਨਗਰ ਤੋਂ ‘ਦਿ ਟ੍ਰਿਬਿਊਨ’ ਦੇ ਪ੍ਰਿੰਸੀਪਲ ਕੋਰਸਪੌਂਡੈਂਟ ਲਲਿਤ ਮੋਹਨ ਦੀ ਮਾਤਾ ਚਮੇਲੀ ਦੇਵੀ (82) ਦਾ ਉਨ੍ਹਾਂ ਦੀ ਨੰਗਲ ਸਥਿਤ ਰਿਹਾਇਸ਼ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪੁੱਤਰ ਲਲਿਤ ਮੋਹਨ, ਨੂੰਹ ਰਸ਼ਮੀ ਸ਼ਰਮਾ ਅਤੇ ਧੀ ਮੰਜੂ ਸ਼ਰਮਾ ਹਨ।
ਉਨ੍ਹਾਂ ਦੇ ਦੇਹਾਂਤ ’ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਊਨਾ ਤੋਂ ਭਾਜਪਾ ਵਿਧਾਇਕ ਸਤਨਾਮ ਸੱਤੀ, ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਭਾਜਪਾ ਆਗੂ ਰਾਜੇਸ਼ ਚੌਧਰੀ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਭਾਜਪਾ ਆਗੂ ਅਰਵਿੰਦ ਮਿੱਤਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਪੱਤਰਕਾਰ ਭਾਈਚਾਰੇ ਵੱਲੋਂ ਬਹਾਦਰਜੀਤ ਸਿੰਘ ਰੂਪਨਗਰ, ਸਤਨਾਮ ਸਿੰਘ ਸੱਤੀ ਰੂਪਨਗਰ, ਬਲਵਿੰਦਰ ਰੈਤ ਨੰਗਲ ਅਤੇ ਪ੍ਰਭਾਤ ਭੱਟੀ ਨੰਗਲ ਨੇ ਸ਼ੋਕ ਮਤਿਆਂ ਰਾਹੀਂ ਲਲਿਤ ਮੋਹਨ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਚਮੇਲੀ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ 27 ਸਤੰਬਰ ਨੂੰ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਨੰਗਲ ਵਿੱਚ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗਾ। ਇਸ ਮੌਕੇ ਵੱਖ-ਵੱਖ ਸਿਆਸੀ ਆਗੂਆਂ, ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜ ਸੇਵੀਆਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।

