DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੇ ਸੀ ਟੀ ਮਿੱਲ ਮੁੜ ਚਾਲੂ ਹੋਵੇਗੀ: ਭਗਵੰਤ ਮਾਨ

ਸ਼ੁਕਰਾਨਾ ਯਾਤਰਾ ਦੌਰਾਨ ਜੇ ਸੀ ਟੀ ਦੀ ਫੁਟਬਾਲ ਟੀਮ ਦੀ ਬਹਾਲੀ ਦਾ ਵੀ ਕੀਤਾ ਵਾਅਦਾ

  • fb
  • twitter
  • whatsapp
  • whatsapp
featured-img featured-img
ਫਗਵਾੜਾ ’ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਫਗਵਾੜਾ ਦੀ ਸ਼ਾਨ ਜੇ ਸੀ ਟੀ ਮਿੱਲ, ਜੋ ਲੰਮੇ ਸਮੇਂ ਤੋਂ ਬੰਦ ਹੈ, ਨੂੰ ਜਲਦੀ ਮੁੜ ਚਾਲੂ ਕੀਤਾ ਜਾ ਰਿਹਾ ਹੈ ਤੇ ਜੇ ਸੀ ਟੀ ਫੁਟਬਾਲ ਟੀਮ ਦੀ ਬਹਾਲੀ ਵੀ ਕੀਤੀ ਜਾਵੇਗੀ।

ਇੱਥੇ ਅੱਜ ਗਾਂਧੀ ਚੌਕ ’ਚ ਬੇਅਦਬੀਆਂ ਬਾਰੇ ਬਣਾਏ ਕਾਨੂੰਨ ਸਬੰਧੀ ਸ਼ੁਕਰਾਨਾ ਯਾਤਰਾ ਮੌਕੇ ਉਨ੍ਹਾਂ ਇਹ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਹ ਮਿੱਲ ਕਾਰੋਬਾਰੀ ਨੇ ਖ਼ਰੀਦ ਲਈ ਹੈ। ਸਰਕਾਰ ਨੇ ਇਹ ਸ਼ਰਤ ਰੱਖੀ ਹੈ ਕਿ ਸਭ ਤੋਂ ਪਹਿਲਾਂ ਮਜ਼ਦੂਰਾਂ ਦੇ ਬਕਾਏ ਦਿੱਤੇ ਜਾਣ, ਫਿਰ ਇਹ ਮਿੱਲ ਚਾਲੂ ਹੋਣ ਦਿੱਤੀ ਜਾਵੇਗੀ। ਸਰਕਾਰ ਨੇ ਇਹ ਵੀ ਸ਼ਰਤ ਲਗਾਈ ਹੈ ਕਿ ਜੇ ਸੀ ਟੀ ਮਿੱਲ ਦੀ ਫੁਟਬਾਲ ਦੀ ਟੀਮ ਵੀ ਪਹਿਲਾਂ ਵਾਂਗ ਹੀ ਬਣਾਈ ਜਾਵੇਗੀ।

Advertisement

ਫਗਵਾੜਾ ਗੰਨਾ ਮਿੱਲ ਦੇ ਪੁਰਾਣੇ ਮਾਲਕਾਂ ਵੱਲ ਖੜ੍ਹੇ 29 ਕਰੋੜ ਰੁਪਏ ਬਾਰੇ ਉਨ੍ਹਾਂ ਕਿਹਾ ਕਿ ਮਿੱਲ ਮਾਲਕਾਂ ਦੀ ਜਾਇਦਾਦ ਸਰਕਾਰ ਨੇ ਆਪਣੇ ਕਬਜ਼ੇ ’ਚ ਲੈ ਲਈ ਹੈ ਤੇ ਜਲਦੀ ਹੀ ਇਸ ਦੀ ਬੋਲੀ ਕਰਵਾ ਕੇ ਕਿਸਾਨਾਂ ਦੀ ਅਦਾਇਗੀ ਕਰਵਾਈ ਜਾਵੇਗੀ।

Advertisement

ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਉਨ੍ਹਾਂ ਕਿਹਾ ਕਿ ਮਹਾਰਾਜਿਆਂ ਦੀਆਂ ਰਿਆਸਤਾਂ ਸਮੇਂ ਇਸ ਸ਼ਹਿਰ ਨੂੰ ਕਪੂਰਥਲਾ ’ਚ ਸ਼ਾਮਲ ਕੀਤਾ ਗਿਆ ਸੀ। ਇਸ ਸ਼ਹਿਰ ਦੇ ਕਪੂਰਥਲਾ ਨਾਲ ਜੁੜਨ ਕਰ ਕੇ ਲੋਕਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਪੂਰਥਲਾ ਦੀ ਦੂਰੀ ਬਹੁਤ ਜ਼ਿਆਦਾ ਹੈ। ਉਹ ਜਲਦੀ ਹੀ ਫਗਵਾੜਾ ਦੇ ਲੋਕਾਂ ਨਾਲ ਇਸ ਦੇ ਇਲਾਕੇ ਸਬੰਧੀ ਵਿਚਾਰ ਕਰਨਗੇ।

ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ’ਤੇ ਸਰਕਾਰ ਕੰਮ ਕਰ ਰਹੀ ਹੈ। ਭਗਵੰਤ ਮਾਨ ਨੇ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਕੋਈ ਚੰਗੀ ਸੋਚ ਰੱਖ ਕੇ ਕਾਨੂੰਨ ਨਹੀਂ ਬਣਾਇਆ ਜਿਸ ਕਾਰਨ ਗੁਨਾਹਕਾਰ ਚੋਰ-ਮੋਰੀ ਰਾਹੀਂ ਬਚ ਜਾਂਦੇ ਸਨ। ਉਨ੍ਹਾਂ ਇਸ ਮੌਕੇ ਸਰਕਾਰ ਦੀਆਂ ਪ੍ਰਾਪਤੀਆਂ ਜਿਵੇਂ ਕਿ ਬਿਜਲੀ ਦੇ ਬਿੱਲਾਂ ਦੀ ਮੁਆਫ਼ੀ, 10 ਲੱਖ ਦੀ ਬੀਮਾ ਯੋਜਨਾ ਅਤੇ ਕਈ ਹੋਰ ਯੋਜਨਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਹਲਕਾ ਇੰਚਾਰਜ ਹਰਜੀ ਮਾਨ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਤੇ ਹੋਰ ਹਾਜ਼ਰ ਸਨ।

ਸਥਾਨਕ ਆਗੂਆਂ ’ਚ ਨਿਰਾਸ਼ਾ

ਮੁੱਖ ਮੰਤਰੀ ਦੀ ਫੇਰੀ ਦੌਰਾਨ ਸਥਾਨਕ ਪ੍ਰਬੰਧਕਾਂ ਨੇ ਸ਼ਹਿਰ ਦੇ ਕਿਸੇ ਵੀ ਧਾਰਮਿਕ ਜਾਂ ਨਾਮਵਰ ਵਿਅਕਤੀ ਨੂੰ ਇਸ ’ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ। ਸਮਾਗਮ ਵਾਲੀ ਥਾਂ ’ਤੇ ਅਤਿ ਦੀ ਗਰਮੀ ਸੀ ਤੇ ਮੁੱਖ ਮੰਤਰੀ ਬਾਅ ਦੁਪਹਿਰ ਕਰੀਬ 3.30 ਵਜੇ ਪੁੱਜੇ ਤੇ ਕੋਈ ਖਾਸ ਪ੍ਰਬੰਧ ਨਾ ਹੋਣ ਕਰਕੇ ਲੋਕ ਧੁੱਪ ’ਚ ਖੜ੍ਹੇ ਰਹੇ ਤੇ ਮੁੱਖ ਮੰਤਰੀ ਨੂੰ ਉਡੀਕਦੇ ਰਹੇ। ਮੁੱਖ ਮੰਤਰੀ ਵੱਲੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਉਨ੍ਹਾਂ ਦੇ ਪੁੱਤਰ ਹਰਨੂਰ ਸਿੰਘ ਹਰਜੀ ਮਾਨ ਜਾਂ ਕਿਸੇ ਵੀ ਹੋਰ ਆਗੂ ਦਾ ਨਾਂ ਸਟੇਜ ’ਤੋਂ ਨਾ ਲੈਣ ’ਤੇ ਆਗੂਆਂ ਤੇ ਉਨ੍ਹਾਂ ਦੇ ਹਮਾਇਤੀਆਂ ’ਚ ਨਾਰਾਜ਼ਗੀ ਦੇਖੀ ਗਈ। ਪੁਲੀਸ ਵੱਲੋਂ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਕਈ ਆਗੂ ਘਰ ’ਚ ਨਜ਼ਰਬੰਦ ਕੀਤੇ

ਮੁੱਖ ਮੰਤਰੀ ਦੀ ਫਗਵਾੜਾ ਪੁੱਜਣ ਵਾਲੀ ‘ਸ਼ੁਕਰਾਨਾ ਯਾਤਰਾ’ ਤੋਂ ਪਹਿਲਾਂ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਪੁਲੀਸ ਨੇ ਆਪਣੇ ਘੇਰੇ ’ਚ ਲੈ ਲਿਆ ਅਤੇ ਅੱਜ ਸਵੇਰ ਤੋਂ ਹੀ ਉਨ੍ਹਾਂ ਨੂੰ ਨਜ਼ਰਬੰਦ ਰੱਖਿਆ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਮੈਂਬਰਾਂ ਨੂੰ ਦਾਣਾ ਮੰਡੀ ਵਿੱਚ ਰੋਕ ਕੇ ਰੱਖਿਆ ਗਿਆ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਫਗਵਾੜਾ ਸ਼ੂਗਰ ਮਿੱਲ ਵੱਲ ਸੀਜ਼ਨ 2021-22 ਦਾ, ਜੋ 28 ਕਰੋੜ ਰੁਪਏ ਗੰਨੇ ਦਾ ਬਕਾਇਆ ਹੈ, ਉਸ ਦੀ ਅਦਾਇਗੀ ਨਹੀਂ ਹੋ ਰਹੀ। ਉਨ੍ਹਾਂ ਸ਼ੰਭੂ ਬਾਰਡਰ ’ਤੇ ਕਿਸਾਨ ਸੰਘਰਸ਼ ਤੋਂ ਬਾਅਦ ਚੋਰੀ ਹੋਈਆਂ ਟਰਾਲੀਆਂ ਦਾ ਮੁੱਦਾ ਵੀ ਚੁੱਕਿਆ। ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਤੇ ਕੁਲਵਿੰਦਰ ਕਾਲਾ ਸਰਪੰਚ ਅਠੋਲੀ ਨੂੰ ਮੌਲੀ ਵਿੱਚ, ਸੰਤੋਖ ਸਿੰਘ ਨੂੰ ਲੱਖਪੁਰ ਵਿੱਚ ਤੇ ਮਨਜੀਤ ਸਿੰਘ ਰਾਏ ਨੂੰ ਹੁਸ਼ਿਆਰਪੁਰ ’ਚ ਰੋਕ ਕੇ ਰੱਖਿਆ ਗਿਆ। ਇਸ ਦੌਰਾਨ ਮਰਦਮਸ਼ੁਮਾਰੀ ਫਾਰਮ ’ਚ ਦਰਜ ਇਤਰਾਜ਼ਯੋਗ ਸ਼ਬਦਾਵਲੀ ਬਾਰੇ ਦਲਿਤਾਂ ਵੱਲੋਂ ਕੀਤੇ ਜਾਣ ਵਾਲੇ ਰੋਸ ਮਾਰਚ, ਕਾਲੀਆਂ ਝੰਡੀਆਂ ਦਿਖਾਉਣ ਦੇ ਪ੍ਰੋਗਰਾਮ ਨੂੰ ਵੀ ਪੁਲੀਸ ਨੇ ਨਾਕਾਮ ਕਰ ਦਿੱਤਾ। ਭਾਈਚਾਰੇ ਨੇ ਇਸ ਸਬੰਧੀ ਪ੍ਰਸਾਸ਼ਨ ਨੂੰ ਮੰਗ ਪੱਤਰ ਦਿੱਤਾ।

Advertisement
×