ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਜਥੇ ਦਿੱਲੀ ਪੁੱਜੇ

ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ; ਪੰਜਾਬ ਤੋਂ ਰਾਸ਼ਨ ਨਾਲ ਭਰੇ ਟਰੱਕ ਤੇ ਟਰਾਲੀਆਂ ਰਾਜਧਾਨੀ ਵੱਲ ਭੇਜੇ

ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਜਥੇ ਦਿੱਲੀ ਪੁੱਜੇ

ਬਨੂੜ ਵਿੱਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਸਭਾ ਦੇ ਕਾਰਕੁਨ।

ਕਰਮਜੀਤ ਸਿੰਘ ਚਿੱਲਾ

ਬਨੂੜ, 2 ਦਸੰਬਰ

ਬਨੂੜ ਖੇਤਰ ਵਿੱਚੋਂ ਕਿਸਾਨ ਸਭਾ ਦੇ ਕਾਰਕੁਨਾਂ ਦਾ ਵੱਡਾ ਜਥਾ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਦਿੱਲੀ ਦੇ ਸਿੰਘੂ ਬਾਰਡਰ ਤੇ ਪਹੁੰਚ ਗਿਆ ਹੈ। ਕਿਸਾਨ ਸਭਾ ਦੇ ਸੂਬਾਈ ਆਗੂਆਂ ਧਰਮਪਾਲ ਸਿੰਘ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਕਰਤਾਰ ਸਿੰਘ ਨੰਡਿਆਲੀ ਆਦਿ ਨੇ ਦੱਸਿਆ ਕਿ ਉਹ 26 ਦਸੰਬਰ ਨੂੰ ਵੱਡੇ ਜਥੇ ਨਾਲ ਪਹਿਲਾਂ ਦੀ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਪੂਰੇ ਦੇਸ਼ ਦੇ ਕਿਸਾਨਾਂ ਤੇ ਹੋਰ ਵਰਗਾਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ ਤੇ ਜੇਕਰ ਕੇਂਦਰ ਸਰਕਾਰ ਨੇ ਮੌਕਾ ਨਾ ਸਾਂਭਿਆ ਤਾਂ ਦੇਸ਼ ਭਰ ਵਿੱਚੋਂ ਕਿਸਾਨ ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦੇਣਗੇ। ਇਸ ਮੌਕੇ ਦਿੱਲੀ ਪਹੁੰਚੇ ਕਾਰਕੁਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸੇ ਦੌਰਾਨ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਕਿਸਾਨਾਂ ਦਾ ਧਰਨਾ 53ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਸਾਬਕਾ ਫੌਜੀਆਂ ਵੱਲੋਂ ਇਸ ਧਰਨੇ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਤੇ ਸਾਬਕਾ ਫੌਜੀ ਇੱਥੇ ਚੌਵੀ ਘੰਟੇ ਧਰਨੇ ਉੱਤੇ ਬੈਠ ਰਹੇ ਹਨ। ਇਸੇ ਦੌਰਾਨ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਆਗੂਆਂ ਨੇ ਇੱਕ ਬਿਆਨ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਕਿਸਾਨਾਂ ਲਈ ਗੁਰਦੁਆਰਾ ਲੰਗਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਵੱਲੋਂ ਲੰਗਰ ਚਲਾਇਆ ਜਾਵੇਗਾ। ਕਾਰ ਸੇਵਾ ਵਾਲੀ ਉਕਤ ਸੰਸਥਾ ਦੇ ਬਨੂੜ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿੱਚੋਂ ਮਮੌਲੀ ਤੇ ਹੋਰ ਪਿੰਡਾਂ ਦੀ ਸੰਗਤ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਰਸਦਾਂ/ਵਸਤਾਂ ਦੇ ਟਰੱਕ ਅੱਜ ਬਾਬਾ ਗੁਰਦੇਵ ਸਿੰਘ ਨੇ ਦਿੱਲੀ ਲਈ ਰਵਾਨਾ ਕੀਤੇ।

ਅਮਲੋਹ ਦੇ ਪਿੰਡ ਭੋਲੀਆਂ ਤੋਂ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੁੰਦਾ ਹੋਇਆ ਜਥਾ।

ਅਮਲੋਹ (ਡਾ. ਹਿਮਾਂਸ਼ੂ ਸੂਦ): ਪਿੰਡ ਭੋਲੀਆਂ ਤੋਂ ਕਿਸਾਨਾਂ ਦਾ ਜਥਾ ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਦਿੱਲੀ ਲਈ ਰਵਾਨਾ ਹੋਇਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਕਿਸਾਨ ਸੰਦੀਪ ਸਿੰਘ ਭੋਲੀਆਂ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ ਅਤੇ ਕੇਂਦਰ ਸਰਕਾਰ ਨੂੰ ਕਿਸਾਨੀ ਸੰਘਰਸ਼ ਅੱਗੇ ਝੁਕਣਾ ਪਵੇਗਾ।

ਕੁਰਾਲੀ (ਮਿਹਰ ਸਿੰਘ): ਕੇਂਦਰ ਸਕਰਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਰੰਭੇ ਕਿਸਾਨੀ ਸੰਘਰਸ਼ ਤਹਿਤ ਅੱਜ ਬੜੌਦੀ ਟੌਲ ਪਲਾਜ਼ਾ ’ਤੇ ਲਗਾਏ ਧਰਨੇ ਤੋਂ ਦੂਜਾ ਜਥਾ ਕਾਫ਼ਲੇ ਦੇ ਰੂਪ ਵਿੱਚ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਤੇ ਨਾਅਰੇਬਾਜ਼ੀ ਕੀਤੀ। ਲੋਕ ਹਿੱਤ ਮਿਸ਼ਨ ਦੇ ਪ੍ਰਬੰਧਕ ਗੁਰਮੀਤ ਸਿੰਘ ਸਾਂਟੂ, ਦਲਵਿੰਦਰ ਸਿੰਘ ਬੇਨੀਪਾਲ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ, ਰਵਿੰਦਰ ਸਿੰਘ ਬੈਂਸ ਤੇ ਹਰਜੀਤ ਸਿੰਘ ਹਰਮਨ ਨੇ ਕਾਫ਼ਲੇ ਨੂੰ ਰਵਾਨਾ ਕਰਦਿਆਂ ਦੱਸਿਆ ਕਿ ਬੜੌਦੀ ਟੌਲ ਪਲਾਜ਼ਾ ਤੋਂ ਪਹਿਲਾਂ 26 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਰਵਾਨਾ ਹੋਏ ਕਿਸਾਨਾਂ ਨੇ ਕੁੰਡਲੀ ਬਾਰਡਰ ’ਤੇ ਧਰਨਾ ਲਗਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਸਮਰਥਨ ਲਈ ਹੀ ਅੱਜ ਦੂਜਾ ਜਥਾ ਰਵਾਨਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਇਸੇ ਤਰ੍ਹਾਂ ਜਥੇ ਰਵਾਨਾ ਕੀਤੇ ਜਾਣਗੇ।

ਫ਼ਤਿਹਗੜ੍ਹ ਸਾਹਿਬ (ਅਜੇ ਮਲਹੋਤਰਾ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜ਼ਿਲੇ ਦੇ ਵਿਦੇਸ਼ਾਂ ’ਚ ਵਸਦੇ ਐੱਨਆਰਆਈ ਵੀਰਾਂ ਵੱਲੋਂ ਤਨ, ਮਨ ਅਤੇ ਧਨ ਨਾਲ ਪੂਰੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਐੱਨਆਰਆਈ ਜਸਵਿੰਦਰ ਸਿੰਘ ਮਾਨ ਨੇ ਆਸਟਰੇਲੀਆਂ ਤੋਂ ਦੱਸਿਆ ਕਿ ਬੇਸ਼ੱਕ ਉਹ ਤੇ ਉਨ੍ਹਾਂ ਵਰਗੇ ਕਈ ਵਿਦੇਸ਼ਾਂ ’ਚ ਜਾ ਵਸੇ ਹਨ, ਪਰ ਹਾਲੇ ਵੀ ਕਿਸਾਨਾਂ ਦੇ ਹੀ ਪੁੱਤਰ ਹਨ ਤੇ ਇਸ ਘੜੀ ਵਿੱਚ ਉਹ ਹਰ ਤਰ੍ਹਾਂ ਨਾਲ ਕਿਸਾਨੀ ਸੰਘਰਸ਼ ਦਾ ਸਾਥ ਦੇਣਗੇ। ਇਸੇ ਤਰ੍ਹਾਂ ਸਥਾਨਕ ਦਿ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਕਰਮਚਾਰੀ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਹਾਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸ਼ਹੀਦੀ ਜੋੜ ਮੇਲ ਮੌਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ’ਚ ਲੰਗਰ ਲਗਾਉਣ ਦੇ ਨਾਲ-ਨਾਲ ਦਿੱਲੀ ਵਿਚ ਧਰਨਾ ਦੇ ਰਹੇ ਕਿਸਾਨਾਂ ਲਈ ਪਾਣੀ ਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਉਣ ਲਈ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ।

ਮੋਰਿੰਡਾ (ਸੰਜੀਵ ਤੇਜਪਾਲ): ਪਿੰਡ ਧਨੌਰੀ ਤੋਂ ਦਿੱਲੀ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਬਿੱਲਾਂ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਲਈ ਰਾਸ਼ਨ ਦਾ ਟਰਾਲਾ ਭੇਜਿਆ ਗਿਆ। ਬਲਜਿੰਦਰ ਸਿੰਘ ਧਨੌਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਿੱਲੀ ਵਿਚ ਧਰਨਾ ਦੇ ਰਹੇ ਕਿਸਾਨਾਂ ਲਈ ਰਾਸ਼ਨ ਦਾ ਟਰਾਲਾ ਭੇਜਿਆ ਹੈ। ਉਹਨਾਂ ਕਿਹਾ ਕਿ ਉਹ ਕਿਸਾਨਾਂ ਦਾ ਇਸ ਔਖੀ ਘੜੀ ਵਿੱਚ ਹਰ ਸਮੇਂ ਸਹਿਯੋਗ ਕਰਦੇ ਰਹਿਣਗੇ।

ਐੱਸਏਐੱਸ ਨਗਰ (ਪੱਤਰ ਪ੍ਰੇਰਕ): ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਮੀਟਿੰਗ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਦੇਸ਼ ਵਿਆਪੀ ਕਿਸਾਨ ਅੰਦੋਲਨ ਅਤੇ ਕੇਂਦਰ ਸਰਕਾਰ ਦੀਆਂ ਵਧੀਕੀਆਂ ’ਤੇ ਚਰਚਾ ਕੀਤੀ ਤੇ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਤੇ ਸਕੱਤਰ ਕੰਵਰ ਜ਼ੋਰਾਵਰ ਸਿੰਘ ਨੇ ਕਿਹਾ ਕਿ ਕਿਸਾਨ ਜਾਇਜ਼ ਹੱਕਾਂ ਲਈ ਲੜਾਈ ਲੜ ਰਹੇ ਹਨ ਤੇ ਕਿਸਾਨਾਂ ਨੂੰ ਰੋਕਣਾ ਅਤੇ ਸੰਘਰਸ਼ਸ਼ੀਲ ਅੰਨਦਾਤਾ ’ਤੇ ਤਸ਼ੱਦਦ ਕਰਨਾ ਬੇਹੱਦ ਨਿੰਦਣਯੋਗ ਅਤੇ ਗ਼਼ੈਰ ਲੋਕਤੰਤਰੀ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦਾਂ ਅਤੇ ਸੂਰਬੀਰ ਯੋਧਿਆਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਸੀ। ਜਿਸ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਨ, ਪਰ ਅੱਜ ਪੰਜਾਬ ਦਾ ਕਿਸਾਨ ਅਤੇ ਸਿੱਖ ਆਪਣੇ ਹੀ ਦੇਸ਼ ਵਿੱਚ ਬੇਗਾਨਾ ਹੋ ਗਿਆ ਹੈ।

ਜੇ ਕਾਨੂੰਨ ਸਹੀ ਹਨ ਤਾਂ ਕਿਸਾਨ ਸੜਕਾਂ ’ਤੇ ਕਿਉਂ ਉੱਤਰੇ: ਡਾ. ਅਮਰ

ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਬਣਾਏ ਗ਼ਲਤ ਕਾਨੂੰਨਾਂ ਨੂੰ ਲੈ ਕੇ ਹੀ ਕਿਸਾਨ ਸੜਕਾਂ ’ਤੇ ਉਤਰੇ ਹਨ, ਕੇਂਦਰ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹੈ ਤਾਂ ਫ਼ਿਰ ਕੇਂਦਰ ਸਰਕਾਰ ਹੀ ਦੱਸੇ ਕਿ ਕਿਸਾਨ ਸੜਕਾਂ ’ਤੇ ਕਿਉਂ ਉੱਤਰੇ ਹੋਏ ਹਨ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਾਂ ਸਿਰਫ਼ ਆਪਣੇ ਪੈਸੇ ਵਾਲੇ ਚਹੇਤਿਆਂ ਦਾ ਫ਼ਾਇਦਾ ਕਰਨ ਲੱਗੀ ਹੋਈ ਹੈ, ਉਹ ਪੰਜਾਬ ਦੇ ਅੰਨਦਾਤਾ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ।

ਹਰਿਆਣਾ ਪੁਲੀਸ ਦੀ ਟਰੈਫਿਕ ਐਡਵਾਈਜ਼ਰੀ ਜਾਰੀ

ਪੰਚਕੂਲਾ (ਪੀ.ਪੀ. ਵਰਮਾ): ਹਰਿਆਣਾ ਪੁਲੀਸ ਨੇ ਝੱਜਰ ਜ਼ਿਲ੍ਹਿਆਂ ਤੋਂ ਦਿੱਲੀ ਜਾਣ ਵਾਲੇ ਕੌਮੀ ਰਾਜਮਾਰਗਾਂ ਦੇ ਪ੍ਰਵੇਸ਼ ਬਿੰਦੂਆਂ ਦੇ ਰੁਕਾਵਟ ਹੋਣ ਕਰਕੇ ਇਹਤਿਆਤ ਵਜੋਂ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਰਾਈ ਅਤੇ ਕੁੰਡਲੀ ਵਿਚ ਇਕੱਠ ਹੋਣ ਕਰਕੇ ਯਾਤਰੀ ਕੌਮੀ ਰਾਜਮਾਰਗ-44 (ਅੰਬਾਲਾ-ਦਿੱਲੀ) ਸਥਿਤ ਸਿੰਧੂ ਬਾਡਰ ਤੋਂ ਕੌਮੀ ਰਾਜਧਾਨੀ ਜਾਣ ਤੋਂ ਬੱਚਣ। ਅੰਬਾਲਾ ਵੱਲੋਂ ਦਿੱਲੀ ਜਾਣ ਦੇ ਇਛੁੱਕ ਲੋਕਾਂ ਨੂੰ ਪਾਣੀਪਤ, ਰੋਹਤਕ-ਝੱਜਰ-ਗੁਰੂਗ੍ਰਾਮ-ਦਿੱਲੀ ਮਾਰਗ ਤੋਂ ਜਾਣ ਦਾ ਅਪੀਲ ਕੀਤੀ ਗਈ ਹੈ।

ਟ੍ਰਿੱਪਲ ਕਰਾਊਨ ਸੀਨੀਅਰਜ਼ ਕਲੱਬ ਵੱਲੋਂ ਹਮਾਇਤ

ਚਮਕੌਰ ਸਾਹਿਬ (ਸੰਜੀਵ ਬੱਬੀ): ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਟ੍ਰਿੱਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਸੇਵਾ ਮੁਕਤ ਪ੍ਰੋ. ਨਿਰਮਲ ਸਿੰਘ ਮਨੈਲੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਬਿੱਲ ਬਿਨਾਂ ਸ਼ਰਤ ਤੋਂ ਵਾਪਸ ਲੈਣੇ ਚਾਹੀਦੇ ਹਨ। ਪ੍ਰੋ. ਨਿਰਮਲ ਸਿੰਘ ਮਨੈਲੀ ਨੇ ਉਕਤ ਮੀਟਿੰਗ ਸਬੰਧੀ ਪ੍ਰੈੱਸ ਨੋਟ ਰਾਹੀਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਣ ਲਈ ਜੋ ਪ੍ਰੇਸ਼ਾਨੀਆਂ ਦਿੱਤੀਆਂ ਗਈਆਂ ਹਨ, ਉਹ ਬਹੁਤ ਹੀ ਨਿੰਦਣਯੋਗ ਹਨ, ਪਰ ਕਿਸਾਨ ਸ਼ਾਤਮਈ ਢੰਗ ਨਾਲ ਦਿੱਲੀ ਵੱਲ ਕੂਚ ਕਰ ਗਏ, ਜਿਸ ਦੀ ਦੇਸ਼-ਵਿਦੇਸ਼ਾਂ ਵਿੱਚ ਸ਼ਲਾਘਾ ਹੋ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All