ਜਾਖੜ ਨੇ ਸਰਹੱਦੀ ਜ਼ਿਲ੍ਹਿਆਂ 'ਚ ਝੋਨੇ ਦੀ ਖਰੀਦ ਦੌਰਾਨ ਪ੍ਰਤੀ ਕੁਇੰਟਲ 6 ਤੋਂ 8 ਕਿੱਲੋ ਦੀ ਕਾਟ ਦਾ ਚੁੱਕਿਆ ਮੁੱਦਾ
'ਆਪ' ਸਰਕਾਰ ਉੱਤੇ ਸੇਧਿਆ ਨਿਸ਼ਾਨਾ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਸਰਹੱਦੀ ਜ਼ਿਲ੍ਹਿਆਂ, ਖਾਸ ਕਰਕੇ ਗੁਰਦਾਸਪੁਰ ਅਤੇ ਫਾਜ਼ਿਲਕਾ ਵਿੱਚ ਝੋਨੇ ਦੀ ਖਰੀਦ ਦੌਰਾਨ ਪ੍ਰਤੀ ਕੁਇੰਟਲ 6 ਤੋਂ 8 ਕਿੱਲੋ ਦੀ ਕਾਟ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਨੂੰ ਕਿਸਾਨਾਂ ਦੀ ਇਸ ਕਥਿਤ ਲੁੱਟ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ।
ਜਾਖੜ ਨੇ ਕਿਹਾ ਕਿ ਇਸ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਸੂਬਾ ਸਰਕਾਰ 'ਤੇ ਕਟੌਤੀਆਂ ਰਾਹੀਂ ਇਸ ਮੁਸ਼ਕਲ ਨੂੰ ਹੋਰ ਵਧਾਉਣ ਦਾ ਦੋਸ਼ ਲਾਇਆ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਨਰਿੰਦਰ ਮੋਦੀ ਸਰਕਾਰ ਝੋਨੇ ਦੀ ਖਰੀਦ ਲਈ ਪਹਿਲਾਂ ਹੀ ਸਾਰੇ ਫੰਡ ਜਾਰੀ ਕਰ ਚੁੱਕੀ ਹੈ, ਤਾਂ ਸੂਬਾ ਸਰਕਾਰ ਝੋਨਾ ਖਰੀਦਣ ਵਿੱਚ ਨਾਕਾਮ ਕਿਉਂ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਇੱਕ ਸੁਨੇਹੇ ਵਿੱਚ ਜਾਖੜ ਨੇ ਮੁੱਖ ਮੰਤਰੀ ਮਾਨ ਨੂੰ ਪੁੱਛਿਆ ਕਿ ਉਨ੍ਹਾਂ ਦੀ "ਅਖੌਤੀ ਇਮਾਨਦਾਰ ਸਰਕਾਰ" ਕਿੱਥੇ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਝੋਨੇ ਦੀ ਖਰੀਦ ਲਈ ਪੂਰੀ ਰਕਮ ਪੇਸ਼ਗੀ ਵਜੋਂ ਦੇ ਦਿੱਤੀ ਸੀ ਅਤੇ ਸੂਬਾ ਸਰਕਾਰ ਉਨ੍ਹਾਂ (ਕੇਂਦਰ) ਵੱਲੋਂ ਝੋਨੇ ਦੀ ਖਰੀਦ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਫਿਰ ਗੁਰਦਾਸਪੁਰ ਅਤੇ ਫਾਜ਼ਿਲਕਾ (ਖਾਸ ਕਰਕੇ ਅਬੋਹਰ) ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ ਕਿਸ ਆਧਾਰ 'ਤੇ ਪ੍ਰਤੀ ਕੁਇੰਟਲ 6 ਤੋਂ 8 ਕਿੱਲੋ ਦੀ ਕਾਟ ਕੱਟ ਰਹੇ ਹੋ।
ਜਾਖੜ ਨੇ ਇਹ ਵੀ ਦੋਸ਼ ਲਾਇਆ ਕਿ ਮੰਡੀਆਂ ਵਿੱਚੋਂ ਝੋਨਾ ਚੁੱਕਣ ਦੇ ਨਾਂ 'ਤੇ ਆੜ੍ਹਤੀਆਂ ਤੋਂ ਪ੍ਰਤੀ ਬੋਰੀ ਵੱਖਰੀ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਪੁੱਛਿਆ, "ਕੀ ਪੌਣੇ ਪੰਜ ਸਾਲਾਂ ਦੀ ਲੁੱਟ ਕਰਨ ਨਾਲ ਵੀ ਨੀਅਤ ਨਹੀਂ ਭਰੀ?" ਉਨ੍ਹਾਂ ਸਰਕਾਰ ਨੂੰ ਕਿਸਾਨਾਂ ਅਤੇ ਆੜ੍ਹਤੀਆਂ ਦਾ ਸ਼ੋਸ਼ਣ ਬੰਦ ਕਰਨ ਦੀ ਅਪੀਲ ਕੀਤੀ।

