ਜਾਖੜ ਭਾਜਪਾ ’ਚ ਸ਼ਾਮਲ

* ‘ਕਾਂਗਰਸ ਨੇ ਪੰਜਾਬ ਨੂੰ ਜਾਤ-ਧਰਮ ਦੇ ਨਾਂ ’ਤੇ ਵੰਡਿਆ’ * ਪੰਜਾਬ ਦੀ ਨਬਜ਼ ਪਛਾਨਣ ਲਈ ਮੋਦੀ ਦੀ ਤਾਰੀਫ਼ ਕੀਤੀ

ਜਾਖੜ ਭਾਜਪਾ ’ਚ ਸ਼ਾਮਲ

ਭਾਜਪਾ ’ਚ ਸ਼ਾਮਲ ਹੋਣ ਮੌਕੇ ਸੁਨੀਲ ਜਾਖੜ ਦਾ ਸਵਾਗਤ ਕਰਦੇ ਹੋਏ ਪਾਰਟੀ ਪ੍ਰਧਾਨ ਜੇਪੀ ਨੱਢਾ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 19 ਮਈ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ(68) ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਭਗਵਾਂ ਪਾਰਟੀ ਵਿੱਚ ਸ਼ਾਮਲ ਤੇ ਸਵੀਕਾਰ ਕੀਤੇ ਜਾਣ ਅਤੇ ਪੰਜਾਬ ਦੀ ਨਬਜ਼ ਪਛਾਨਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਜਾਖੜ, ਜੋ ਪੰਜਾਬ ਦੇ ਸਿਰਕੱਢ ਹਿੰਦੂ ਆਗੂ ਹਨ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਜਾਖੜ ਨੇ ਪਿਛਲੇ ਹਫ਼ਤੇ ‘ਗੁੱਡ ਲੱਕ ਤੇ ਗੁੱਡ ਬਾਏ’ ਦੇ ਸੁਨੇਹੇ ਨਾਲ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਸੀ। ਜਾਖੜ ਨੂੰ ਪੰਜਾਬ ਇਕਾਈ ਦੇ ਕੁਝ ਆਗੂਆਂ ਵੱਲੋਂ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ਾਂ ਤੋਂ ਬਾਅਦ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਜਾਖੜ ਨੂੰ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਲਈ ਨਾਮਜ਼ਦ ਕਰਨ ਤੋਂ ਇਲਾਵਾ ਪੰਜਾਬ ਲਈ ਪਾਰਟੀ ਦੀ ਜ਼ਿੰਮੇਵਾਰੀ ਵੀ ਸੌਂਪੀ ਜਾ ਸਕਦੀ ਹੈ।

ਸ੍ਰੀ ਨੱਢਾ ਨੇ ਸੁਨੀਲ ਜਾਖੜ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ (ਜਾਖੜ) ਨੂੰ ਪੰਜਾਬ ਵਿੱਚ ਵਿਸ਼ੇਸ਼ ਰੁਤਬਾ ਹਾਸਲ ਹੈ, ਜੋ ਸਰਹੱਦੀ ਸੂਬੇ ਵਿੱਚ ਭਾਜਪਾ ਵੱਲੋਂ ਰਾਸ਼ਟਰਵਾਦੀ ਤਾਕਤਾਂ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੋਵੇਗਾ। ਨੱਢਾ ਨੇ ਕਿਹਾ, ‘‘ਭਾਜਪਾ ਪੰਜਾਬ ਵਿੱਚ ਨੰਬਰ ਇਕ ਰਾਸ਼ਟਰਵਾਦੀ ਤਾਕਤ ਵਜੋਂ ਉੱਭਰ ਰਹੀ ਹੈ। ਲਿਹਾਜ਼ਾ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਰਾਸ਼ਟਰਵਾਦੀ ਵਿਚਾਰਧਾਰਾ ਰੱਖਣ ਵਾਲੇ ਸਾਰੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ ਪੰਜਾਬ ਨੂੰ ਤਾਕਤਵਾਰ ਬਣਾਇਆ ਜਾਵੇ।’’ ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਨਾ ਤਾਂ ਕੌਮੀ, ਨਾ ਹੀ ਭਾਰਤੀ ਅਤੇ ਨਾ ਹੀ ਜਮਹੂਰੀ ਪਾਰਟੀ ਰਹਿ ਗਈ ਹੈ। ਇਹ ਹੁਣ ਭੈਣ-ਭਰਾ ਦੀ ਪਾਰਟੀ ਬਣ ਗਈ ਹੈ। ਸ੍ਰੀ ਜਾਖੜ ਨੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕਾਂਗਰਸ ’ਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਦਾ ਨਿਰਾਦਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਨੇ ਜਾਤ, ਭਾਈਚਾਰੇ ਤੇ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ। ਜਾਖੜ ਪਰਿਵਾਰ ਦੀ ਕਾਂਗਰਸ ਨਾਲ ਪੰਜ ਦਹਾਕਿਆਂ ਦੀ ਸਾਂਝ ਨੂੰ ਯਾਦ ਕਰਦਿਆਂ ਸੁਨੀਲ ਜਾਖੜ ਥੋੜ੍ਹੇ ਭਾਵੁਕ ਹੋ ਗਏ। ਉਨ੍ਹਾਂ ਕਿਹਾ, ‘‘ਮੈਂ ਉਸੇ ਦਿਨ ਕਾਂਗਰਸ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ ਸੀ, ਜਦੋਂ ਮੇਰੀ ਆਵਾਜ਼ ਦੱਬਣ ਦੀਆਂ ਕੋਸ਼ਿਸ਼ਾਂ ਵਜੋਂ ਕਾਰਨ ਦੱਸੋ ਨੋਟਿਸ ਜਾਰੀ ਹੋਇਆ।’’ ਜਾਖੜ ਨੇ ਗ਼ਲਾ ਭਰਦਿਆਂ ਕਿਹਾ, ‘‘1972 ਤੋਂ ਲੈ ਕੇ ਹੁਣ ਤੱਕ ਸਾਡੀ ਕਾਂਗਰਸ ਨਾਲ ਤਿੰਨ ਪੀੜ੍ਹੀਆਂ ਦੀ ਸਾਂਝ ਰਹੀ ਹੈ, ਇਹ ਰਿਸ਼ਤਾ ਤੋੜਨਾ ਆਸਾਨ ਨਹੀਂ ਹੈ। ਅਸੀਂ ਚੰਗੇ ਤੇ ਮਾੜੇ ਸਮੇਂ ਵਿੱਚ ਕਾਂਗਰਸ ਨਾਲ ਖੜ੍ਹੇ ਹਾਂ।’’ ਜਾਖੜ ਨੇ ਕਿਹਾ ਕਿ ਉਹ ਸਿਧਾਂਤਾਂ ’ਤੇ ਆਧਾਰਿਤ ਹਰ ਰਿਸ਼ਤੇ ਨਾਲ ਖੜ੍ਹਦੇ ਆੲੇ ਹਨ, ‘ਪਰ ਜਦੋਂ ਸਿਧਾਂਤ ਟੁੱਟਦੇ ਹਨ, ਤੇ ਅਸੀਂ ਆਪਣੀ ਹੀ ਵਿਚਾਰਧਾਰਾ ਤੋਂ ਮੂੰਹ ਮੋੜ ਲੈਂਦੇ ਹਾਂ...ਮੇਰਾ ਮੰਨਣਾ ਹੈ ਕਿ ਇਹ ਮੁੜ ਵਿਚਾਰ ਦਾ ਸਹੀ ਸਮਾਂ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਸੁਨੀਲ ਜਾਖੜ ਨੂੰ 50 ਸਾਲਾਂ ਦਾ ਰਿਸ਼ਤਾ ਤੋੜਨਾ ਪਿਆ ਹੈ...ਤਾਂ ਫਿਰ ਜ਼ਰੂਰ ਕੋਈ ਸਿਧਾਂਤਕ ਮੁੱਦੇ ਰਹੇ ਹੋਣਗੇ। ਕੋਈ ਨਿੱਜੀ ਵਿਵਾਦ ਨਹੀਂ ਸੀ। ਝਗੜਾ ਰਾਸ਼ਟਰਵਾਦ ਤੇ ਪੰਜਾਬ ਦੀ ਏਕਤਾ ਅਖੰਡਤਾ ਨੂੰ ਲੈ ਕੇ ਸੀ। ਸੁੂਬੇ ਦੀ ਇਕਸੁਰਤਾ ਨੂੰ ਤਾਂ ੲੇਕੇ-47 ਰਾਈਫਲਾਂ ਦੀਆਂ ਗੋਲੀਆਂ ਵੀ ਨਹੀਂ ਤੋੜ ਸਕੀਆਂ ਸਨ। ਮੈਨੂੰ ਬੜੇ ਭਰੇ ਮਨ ਨਾਲ ਪਾਰਟੀ ਛੱਡਣੀ ਪਈ ਕਿਉਂਕਿ ਮੈਨੂੰ ਮਹਿਜ਼ ਇਸ ਲਈ ਕਟਹਿਰੇ ’ਚ ਖੜ੍ਹਾ ਕੀਤਾ ਗਿਆ ਕਿ ਮੈਂ ਜ਼ੋਰ ਦੇ ਕੇ ਆਖਿਆ ਸੀ ਕਿ ਪੰਜਾਬ ਨੂੰ ਜਾਤ, ਵਰਗਾਂ ਤੇ ਧਰਮ ਦੇ ਨਾਂ ’ਤੇ ਨਹੀਂ ਵੰਡਿਆ ਜਾ ਸਕਦਾ।’’    ਜਾਖੜ ਨੇ ਲਾਲ ਕਿਲ੍ਹੇ ਵਿੱਚ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਿਰਕਤ ਕਰਕੇ ਪੰਜਾਬ ਦੇ ਲੋਕਾਂ ਦੀ ਨਬਜ਼ ’ਤੇ ਉਂਗਲ ਧਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। 

ਵੜਿੰਗ ਵੱਲੋਂ ਕੈਪਟਨ ਅਤੇ ਜਾਖੜ ’ਤੇ ਨਿਸ਼ਾਨੇ

ਮਹਿਲ ਕਲਾਂ (ਨਵਕਿਰਨ ਸਿੰਘ): ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੋ ਆਗੂ ਅਨੁਸ਼ਾਸਨ ਭੰਗ ਕਰੇਗਾ ਉਸ ਨੂੰ ਪਾਰਟੀ ’ਚੋਂ ਛੇ ਸਾਲਾਂ ਲਈ ਬਾਹਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਲਈ ਪੰਜਾਬ ਦੇ ਲੋਕ ਨਹੀਂ ਸਗੋਂ ਆਪਣੇ ਆਗੂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਮੁੱਖ ਮੰਤਰੀ ਅਤੇ ਸੁਨੀਲ ਜਾਖੜ ਨੂੰ ਪ੍ਰਧਾਨਗੀ ਸਮੇਤ ਵੱਖ-ਵੱਖ ਅਹੁਦੇ ਦਿੱਤੇ ਪਰ ਦੋਵਾਂ ਨੇ ਹੀ ਪਾਰਟੀ ਦਾ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਭਾਜਪਾ ਨਾਲ ਮਿਲ ਕੇ ਕਾਂਗਰਸ ਪਾਰਟੀ ਨੂੰ ਅੰਦਰੂਨੀ ਤੌਰ ’ਤੇ ਖੋਰਾ ਲਾਇਆ ਜਦਕਿ ਸੁਨੀਲ ਜਾਖੜ ਨੇ ਕਾਂਗਰਸ ’ਤੇ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਨਾ ਬਣਾਏ ਜਾਣ ਦੇ ਇਲਜ਼ਾਮ ਲਗਾ ਕੇ ਹਿੰਦੂ ਵੋਟਰਾਂ ਨੂੰ ਕਾਂਗਰਸ ਤੋਂ ਦੂਰ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All