Jaito Road Accident: ਤੇਜ਼ ਰਫ਼ਤਾਰ ਸਕੌਡਾ ਦੀ ਫੇਟ ਵੱਜਣ ਕਾਰਨ 19 ਸਾਲਾ ਲੜਕੀ ਦੀ ਮੌਤ
ਹਾਦਸੇ ਮਗਰੋਂ ਕਾਰ ਛੱਡ ਕੇ ਭੱਜੇ ਦੋ ਜਣਿਆਂ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ
Jaito Road Accident: ਇੱਥੇ ਅੱਜ ਸ਼ਾਮ ਰੇਲਵੇ ਸਟੇਸ਼ਨ ਨੇੜੇ ਤੇਜ਼ ਰਫ਼ਤਾਰ ਸਕੌਡਾ ਕਾਰ ਨੇ ਸੜਕ ’ਤੇ ਜਾ ਰਹੀ ਲੜਕੀ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਲੜਕੀ ਕਰੀਬ 10 ਫੁੱਟ ਦੂਰ ਜਾ ਡਿੱਗੀ ਅਤੇ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਸਬ-ਡਿਵੀਜ਼ਨਲ ਹਸਪਤਾਲ ਜੈਤੋ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਮਗਰੋਂ ਸਿਵਲ ਹਸਪਤਾਲ ਕੋਟਕਪੂਰਾ ਰੈਫ਼ਰ ਕਰ ਦਿੱਤਾ ਗਿਆ। ਉੱਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਅਰਸ਼ਪ੍ਰੀਤ ਕੌਰ (19) ਪੁੱਤਰੀ ਇਕਬਾਲ ਸਿੰਘ, ਵਾਸੀ ਚੈਨਾ ਰੋਡ ਜੈਤੋ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕਾਰ ਚੌਕ ਨੰਬਰ ਇੱਕ ਵੱਲੋਂ ਤੇਜ਼ ਰਫ਼ਤਾਰ ਨਾਲ ਰੇਲਵੇ ਸਟੇਸ਼ਨ ਵੱਲ ਆ ਰਹੀ ਸੀ। ਕਾਰ ਵਿੱਚ ਚਾਲਕ ਸਣੇ ਦੋ ਜਣੇ ਸਵਾਰ ਸਨ। ਸਟੇਸ਼ਨ ਦੇ ਮੁੱਖ ਗੇਟ ਅੱਗਿਓਂ ਲੰਘਦਿਆਂ ਜਦੋਂ ਕਾਰ ਸੱਜੇ ਹੱਥ ਪੋਸਟ ਆਫਿਸ ਵੱਲ ਮੁੜੀ ਤਾਂ ਚਾਲਕ ਕਥਿਤ ਤੌਰ ’ਤੇ ਕਾਰ ਤੋਂ ਕੰਟਰੋਲ ਗੁਆ ਬੈਠਾ। ਇਸੇ ਦੌਰਾਨ ਅੱਗੇ ਸੜਕ ’ਤੇ ਜਾ ਰਹੀ ਲੜਕੀ ਕਾਰ ਦੀ ਲਪੇਟ ਵਿੱਚ ਆ ਗਈ। ਇਸ ਮਗਰੋਂ ਬੇਕਾਬੂ ਕਾਰ ਰੇਲਵੇ ਸਟੇਸ਼ਨ ਦੇ ਬਾਹਰ ਬਣੇ ਰਿਕਸ਼ਾ ਸਟੈਂਡ ਦੇ ਸ਼ੈੱਡ ਦੀ ਸਪੋਰਟ ਲਈ ਲਾਈਆਂ ਪਾਈਪਾਂ ਵਿੱਚ ਜਾ ਵੱਜੀ, ਜਿਸ ਕਾਰਨ ਸ਼ੈੱਡ ਨੁਕਸਾਨਿਆ ਗਿਆ।
ਹਾਦਸੇ ਮਗਰੋਂ ਕਾਰ ਸਵਾਰ ਦੋਵੇਂ ਜਣੇ ਕਾਰ ਉੱਥੇ ਹੀ ਛੱਡ ਕੇ ਰੇਲਵੇ ਲਾਈਨਾਂ ਦੇ ਨਾਲ-ਨਾਲ ਮੁਕਤਸਰ ਰੋਡ ਵਾਲੇ ਰੇਲਵੇ ਫਾਟਕ ਵੱਲ ਭੱਜ ਗਏ। ਦੱਸਿਆ ਜਾਂਦਾ ਹੈ ਕਿ ਕਾਰ ਦੇ ਪਿੱਛੇ ਪੁਲੀਸ ਦੀ ਕਾਰ ਵੀ ਲੱਗੀ ਹੋਈ ਸੀ ਅਤੇ ਪੁਲੀਸ ਦੋਵਾਂ ਨੂੰ ਫੜਨ ਲਈ ਪਿੱਛੇ ਦੌੜੀ। ਇਸ ਦੌਰਾਨ ਰੇਲਵੇ ਫਾਟਕ ਨੇੜੇ ਤਾਸ਼ ਖੇਡਣ ਵਾਲਿਆਂ ਨੇ ਦੋਵਾਂ ਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ।
ਕਾਰ ਚਾਲਕ ਦੀ ਪਛਾਣ ਲਕੇਸ਼ ਬਾਂਸਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਦੱਸੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

