ਪਰਿਵਾਰ ਨੂੰ ਬਚਾਉਣ ਵਾਲੇ ਹਿੰਦੂਆਂ ਨੂੰ ਨਹੀਂ ਭੁੱਲਦਾ ਜਗਤਾਰ ਚੀਮਾ
ਇਥੋਂ ਦੀ ਧੂਲਕੋਟ ਰੋਡ ਦੇ ਵਸਨੀਕ ਜਗਤਾਰ ਸਿੰਘ ਚੀਮਾ, 1984 ਦੇ ਸਿੱਖ ਕਤਲੇਆਮ ਦੇ ਉਨ੍ਹਾਂ ਪੀੜਤਾਂ ’ਚੋਂ ਇੱਕ ਹਨ, ਜੋ ਚਾਰ ਦਹਾਕੇ ਬਾਅਦ ਵੀ ਉਨ੍ਹਾਂ ਹਿੰਦੂ ਭਰਾਵਾਂ ਦੀ ਬਹਾਦਰੀ ਨਹੀਂ ਭੁੱਲੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਉਨ੍ਹਾਂ...
ਇਥੋਂ ਦੀ ਧੂਲਕੋਟ ਰੋਡ ਦੇ ਵਸਨੀਕ ਜਗਤਾਰ ਸਿੰਘ ਚੀਮਾ, 1984 ਦੇ ਸਿੱਖ ਕਤਲੇਆਮ ਦੇ ਉਨ੍ਹਾਂ ਪੀੜਤਾਂ ’ਚੋਂ ਇੱਕ ਹਨ, ਜੋ ਚਾਰ ਦਹਾਕੇ ਬਾਅਦ ਵੀ ਉਨ੍ਹਾਂ ਹਿੰਦੂ ਭਰਾਵਾਂ ਦੀ ਬਹਾਦਰੀ ਨਹੀਂ ਭੁੱਲੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਉਨ੍ਹਾਂ ਦੀ ਮਦਦ ਕੀਤੀ ਸੀ। ਚੀਮਾ ਉਨ੍ਹਾਂ ਸਵੈਮਾਣ ਵਾਲੇ ਪੀੜਤਾਂ ਵਿੱਚੋਂ ਵੀ ਹਨ, ਜਿਨ੍ਹਾਂ ਨੇ ਸਰਕਾਰਾਂ ਤੋਂ ਮੁਆਵਜ਼ੇ ਦੀ ਉਡੀਕ ਕਰਨ ਦੀ ਬਜਾਏ, ਸਖ਼ਤ ਮਿਹਨਤ ਨਾਲ ਟਰੱਕ ਵਰਕਸ਼ਾਪ ਦਾ ਕਾਰੋਬਾਰ ਸਥਾਪਤ ਕੀਤਾ ਸੀ। ਆਪਣੇ ਦਰਦਨਾਕ ਅਤੀਤ ਨੂੰ ਯਾਦ ਕਰਦਿਆਂ ਜਗਤਾਰ ਚੀਮਾ ਭਾਵੁਕ ਹੋ ਜਾਂਦੇ ਹਨ। ਉਹ ਦੱਸਦੇ ਹਨ, ‘ਮੈਂ ਮੇਰਠ ਦੇ ਅਸ਼ੋਕ ਕੁਮਾਰ, ਰਾਮ ਕੁਮਾਰ ਅਤੇ ਆਪਣੇ ਮਕਾਨ ਮਾਲਕ ਪੰਡਿਤ ਨੇਵਲਾ ਪ੍ਰਸ਼ਾਦ ਨੂੰ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ।’ ਉਨ੍ਹਾਂ ਦੱਸਿਆ ਕਿ ਜਦੋਂ ਦੰਗੇ ਭੜਕੇ, ਉਸ ਵੇਲੇ ਉਹ ਆਪਣੀ ਭਾਣਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੰਜਾਬ ਆਏ ਹੋਏ ਸਨ। ਪਿੱਛੇ ਮੇਰਠ ’ਚ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਅਤੇ ਪੁੱਤਰ ਪਵਨ ਅਤੇ ਮਨਿੰਦਰ ਸਨ। ਉਸ ਭਿਆਨਕ ਦੌਰ ਵਿੱਚ ਇਨ੍ਹਾਂ ਹਿੰਦੂ ਭਰਾਵਾਂ ਨੇ ਉਨ੍ਹਾਂ ਦੇ ਪਰਿਵਾਰ ਦੀ ਰਾਖੀ ਕੀਤੀ। ਉਹ ਪੰਜਾਬ ਤੋਂ ਮੇਰਠ ਵਾਪਸ ਜਾਣ ਦੇ ਉਸ ਖ਼ਤਰਨਾਕ ਸਫ਼ਰ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ ਉਸ ਸਮੇਂ ਪੰਜਾਬ ਤੋਂ ਦਿੱਲੀ ਵੱਲ ਜਾਣ ਵਾਲੇ ਸਿੱਖਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਸ਼ੰਭੂ ਸਰਹੱਦ ’ਤੇ ਰੋਕਿਆ ਜਾ ਰਿਹਾ ਸੀ। ਉਨ੍ਹਾਂ ਨੂੰ ਜਾਣਕਾਰ ਦੇ ਟਰੱਕ ਦੇ ਟੂਲਬਾਕਸ ਵਿੱਚ ਲੁਕ ਕੇ ਆਪਣੀ ਜਾਨ ਬਚਾਉਂਦਿਆਂ ਸਫ਼ਰ ਕਰਨਾ ਪਿਆ ਸੀ।

