ਹਸਪਤਾਲ ’ਚ ਡਾਕਟਰ ਦੀ Appointment ਲੈਣੀ ਪਈ ਮਹਿੰਗੀ: ਮਾਨਸਾ ਦੇ ਸ਼ਖ਼ਸ ਨਾਲ 2.35 ਲੱਖ ਦੀ ਠੱਗੀ
ਸਾਈਬਰ ਠੱਗਾਂ ਨੇ ਮੋਬਾਈਲ ’ਚ ਐਪਲੀਕੇਸ਼ਨ ਡਾਊਨਲੋਡ ਕਰਵਾ ਕੇ ਖਾਤੇ ’ਚੋਂ ਉਡਾਏ ਪੈਸੇ
ਗੁਰੂਗ੍ਰਾਮ ਦੇ ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ ਵਿੱਚ ਡਾਕਟਰ ਦੀ ਅਪਾਇੰਟਮੈਂਟ (appointment) ਬੁੱਕ ਕਰਵਾਉਣ ਦੀ ਕੋਸ਼ਿਸ਼ ਮਾਨਸਾ ਦੇ ਇੱਕ ਰਹਿਣ ਵਾਲੇ ਲਈ ਬੇਹੱਦ ਮਹਿੰਗੀ ਸਾਬਤ ਹੋਈ, ਜਿੱਥੇ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਕੇ ਕਰੀਬ 2.35 ਲੱਖ ਰੁਪਏ ਗੁਆ ਬੈਠਾ। ਪੀੜਤ ਆਸ਼ੀਸ਼ ਗਰਗ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ 19 ਅਗਸਤ ਨੂੰ ਗੂਗਲ ’ਤੇ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਅਪਾਇੰਟਮੈਂਟ ਬੁੱਕ ਕਰਨ ਲਈ ਆਪਸ਼ਨ ਲੱਭੀ ਸੀ। ਇਸ ਤੋਂ ਕੁਝ ਦੇਰ ਬਾਅਦ ਹੀ ਉਸ ਨੂੰ ਇੱਕ ਅਣਪਛਾਤੇ ਮੋਬਾਈਲ ਨੰਬਰ ਤੋਂ ਫੋਨ ਆਇਆ।
ਸ਼ਿਕਾਇਤਕਰਤਾ ਅਨੁਸਾਰ ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਮੋਬਾਈਲ ਵਿੱਚ ਇੱਕ ਐਪਲੀਕੇਸ਼ਨ ਭੇਜੀ ਅਤੇ ਆਪਣੀ ਜਾਣਕਾਰੀ ਦਰਜ ਕਰਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ। ਜਿਵੇਂ ਹੀ ਆਸ਼ੀਸ਼ ਨੇ ਐਪ ’ਚ ਆਪਣ ਵੇਰਵਾ ਸਬਮਿਟ ਕੀਤਾ, ਉਸ ਦੇ ਬੈਂਕ ਖਾਤੇ ’ਚੋਂ ਪੈਸੇ ਕੱਟਣੇ ਸ਼ੁਰੂ ਹੋ ਗਏ। ਪੀੜਤ ਨੇ ਦਾਅਵਾ ਕੀਤਾ ਕਿ ਠੱਗਾਂ ਨੇ ਉਸ ਦੇ ਖਾਤੇ ’ਚੋਂ ਕੁੱਲ 2,34,880 ਰੁਪਏ ਦੀ ਰਕਮ ਗਾਇਬ ਕਰ ਦਿੱਤੀ। ਸਾਈਬਰ ਅਪਰਾਧ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਜ਼ਿਲ੍ਹੇ ਵਿੱਚ ਵਾਪਰੀ ਇੱਕ ਹੋਰ ਘਟਨਾ ਵਿੱਚ ਮਾਨਸਾ ਦੇ ਕਸਬਾ ਬੋਹਾ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਸਸਤਾ ਸੋਨਾ ਖਰੀਦਣ ਦੇ ਜਾਲ ਵਿੱਚ ਫਸਾ ਕੇ 5 ਲੱਖ ਰੁਪਏ ਦੀ ਠੱਗੀ ਮਾਰੀ ਗਈ। ਪੁਲੀਸ ਨੇ ਇਸ ਮਾਮਲੇ ’ਚ ਵੀ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਪੁਲੀਸ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਲਿੰਕ ’ਤੇ ਕਲਿੱਕ ਕਰਨ ਤੋਂ ਗੁਰੇਜ਼ ਕਰਨ ਅਤੇ ਗੈਰ-ਪ੍ਰਮਾਣਿਤ ਪਲੇਟਫਾਰਮਾਂ ਰਾਹੀਂ ਕੋਈ ਲੈਣ-ਦੇਣ ਨਾ ਕਰਨ। ਪੁਲੀਸ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਸਾਈਬਰ ਠੱਗੀ ਦਾ ਸ਼ਿਕਾਰ ਹੋਣ ’ਤੇ ਤੁਰੰਤ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕੀਤਾ ਜਾਵੇ ਜਾਂ ‘ਨੈਸ਼ਨਲ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ’ ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ।

