ਦਵਿੰਦਰ ਪਾਲ / ਦਰਸ਼ਨ ਸਿੰਘ ਸੋਢੀ
ਚੰਡੀਗੜ੍ਹ / ਮੁਹਾਲੀ, 29 ਨਵੰਬਰ
ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅੱਜ ਸਿੰਜਾਈ ਘੁਟਾਲੇ ਨਾਲ ਸਬੰਧਤ ਮਾਮਲੇ ‘ਚ ਪੁੱਛ-ਪੜਤਾਲ ਲਈ ਵਿਜੀਲੈਂਸ ਸਾਹਮਣੇ ਪੇਸ਼ ਨਾ ਹੋਏ। ਇਸੇ ਤਰ੍ਹਾਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਅੱਜ ਪੇਸ਼ ਹੋਣ ਤੋਂ ਅਸਮਰੱਥਾ ਜ਼ਾਹਿਰ ਕਰਦਿਆਂ ਨਵੀਂ ਤਰੀਕ ਦੀ ਮੰਗ ਕੀਤੀ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਸ੍ਰੀ ਕੌਸ਼ਲ ਇਨ੍ਹੀਂ ਦਿਨੀਂ ਵਿਦੇਸ਼ ਗਏ ਹੋਏ ਹਨ ਜਿਸ ਕਰਕੇ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਇਸ ਮਾਮਲੇ ਦੀ ਤਫ਼ਤੀਸ਼ ਏਆਈਜੀ ਮਨਮੋਹਨ ਸ਼ਰਮਾ ਦੀ ਅਗਵਾਈ ਹੇਠ ਵਿਜੀਲੈਂਸ ਦੇ ਅਧਿਕਾਰੀਆਂ ਦੀ ਟੀਮ ਕਰ ਰਹੀ ਹੈ।
ਮਨਮੋਹਨ ਸ਼ਰਮਾ ਨੇ ਦੱਸਿਆ ਕਿ ਸਾਬਕਾ ਮੁੱਖ ਸਕੱਤਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਮਿਲੇ ਸੰਪਰਕ ਨੰਬਰ ‘ਤੇ ਤਫ਼ਤੀਸ਼ ਵਿੱਚ ਸ਼ਾਮਲ ਹੋਣ ਸਬੰਧੀ ਸੰਮਨ ਦੀ ਕਾਪੀ ਵੱਟਸਐਪ ਰਾਹੀਂ ਭੇਜੀ ਗਈ ਸੀ ਪਰ ਸ੍ਰੀ ਕੌਸ਼ਲ ਨੇ ਅੱਗਿਉਂ ਕੋਈ ਜਵਾਬ ਨਹੀਂ ਦਿੱਤਾ। ਸ੍ਰੀ ਕੌਸ਼ਲ ਨੂੰ ਪਹਿਲਾਂ ਵੀ ਵਿਜੀਲੈਂਸ ਵੱਲੋਂ ਸੰਮਨ ਭੇਜੇ ਗਏ ਸਨ। ਸੂਤਰਾਂ ਦਾ ਦੱਸਣਾ ਹੈ ਕਿ ਸਾਬਕਾ ਮੁੱਖ ਸਕੱਤਰ ਪਿਛਲੇ ਦਿਨਾਂ ਦੌਰਾਨ ਅਮਰੀਕਾ ‘ਚ ਦੇਖੇ ਗਏ ਹਨ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸ਼ਰਨਜੀਤ ਸਿੰਘ ਢਿੱਲੋਂ ਸ਼ੁੱਕਰਵਾਰ ਨੂੰ ਪੇਸ਼ ਹੋ ਕੇ ਆਪਣਾ ਪੱਖ ਦੱਸਣਗੇ।
ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸ਼ਰਨਜੀਤ ਸਿੰਘ ਢਿੱਲੋਂ ਸਿੰਜਾਈ ਵਿਭਾਗ ਦੇ ਮੰਤਰੀ ਸਨ। ਸਰਵੇਸ਼ ਕੌਸ਼ਲ ਪ੍ਰਮੁੱਖ ਸਕੱਤਰ ਤੇ ਕਾਹਨ ਸਿੰਘ ਪੰਨੂ ਸਕੱਤਰ ਦੇ ਅਹੁਦੇ ‘ਤੇ ਸੇਵਾ ਨਿਭਾਅ ਰਹੇ ਸਨ। ਸ੍ਰੀ ਪੰਨੂ ਪਿਛਲੇ ਦਿਨੀਂ ਵਿਜੀਲੈਂਸ ਅਧਿਕਾਰੀਆਂ ਨੂੰ ਮਿਲ ਕੇ ਆਪਣਾ ਪੱਖ ਦੱਸ ਚੁੱਕੇ ਹਨ। ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵੱਲੋਂ ਤਾਂ ਇਸ ਮਾਮਲੇ ਵਿੱਚ ਵਿਜੀਲੈਂਸ ਨੂੰ ਤਫ਼ਤੀਸ਼ ਵਧਾਉਣ ਦੀ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ ਪਰ ‘ਆਪ’ ਸਰਕਾਰ ਵੱਲੋਂ ਅਗਲੀ ਪੜਤਾਲ ਦੀ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਇਹ ਪੁੱਛ ਪੜਤਾਲ ਆਰੰਭੀ ਗਈ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨਾਂ ਅਧਿਕਾਰੀਆਂ, ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਅਤੇ ਦੋਹਾਂ ਦੇ ਨਿੱਜੀ ਸਹਾਇਕਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਸਾਰੇ ਵਿਅਕਤੀਆਂ ਦੇ ਬਿਆਨਾਂ ਅਤੇ ਦਸਤਾਵੇਜ਼ਾਂ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਵਿਜੀਲੈਂਸ ਬਿਊਰੋ ਨੇ 17 ਅਗਸਤ 2017 ਨੂੰ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਅਤੇ ਸਿੰਜਾਈ ਵਿਭਾਗ ਦੇ ਇੰਜਨੀਅਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।