ਪੀ ਪੀ ਵਰਮਾ
ਕੇਂਦਰੀ ਸਾਇੰਸ ਅਤੇ ਤਕਨਾਲੋਜੀ ਰਾਜ ਮੰਤਰੀ ਡਾ. ਜੀਤੇਂਦਰ ਸਿੰਘ ਨੇ ਇਥੇ 11ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਫੈਸਟੀਵਲ ਦਾ ਥੀਮ ‘ਆਤਮ ਨਿਰਭਰ ਭਾਰਤ’ ਹੈ। ਅਜਿਹੇ ਮੇਲੇ ਵਿਦਿਆਰਥੀਆਂ ਲਈ ਲਾਭਦਾਇਕ ਹਨ। ਮੇਲੇ ਸਫ਼ਲ ਨੂੰ ਬਣਾਉਣ ਲਈ ਕੌਮੀ ਤੇ ਕੌਮਾਂਤਰੀ ਵਿਗਿਆਨੀ ਸੱਦੇ ਗਏ ਹਨ। ਮੇਲੇ ’ਚ ਆਈ ਆਈ ਟੀ ਐੱਮ ਪੁਣੇ ਦੇ ਡਾਇਰੈਕਟਰ ਡਾ. ਸੂਰਿਆ ਚੰਦ ਰਾਓ, ਡਾ. ਸ਼ਿਵ ਕੁਮਾਰ ਸ਼ਰਮਾ ਅਤੇ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਨੇ ਸ਼ਿਰਕਤ ਕੀਤੀ। ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਨੇ ਸਾਇੰਸ ਐਂਡ ਤਕਨਾਲੋਜੀ ਅਤੇ ਆਤਮ ਨਿਰਭਰ ਭਾਰਤ ਵਿਸ਼ੇ ’ਤੇ ਸੈਮੀਨਾਰ ਦੌਰਾਨ ਸੰਬੋਧਨ ਕੀਤਾ। ਮੇਲਾ ਗਰਾਊਂਡ ਵਿੱਚ ਸੈਮੀਨਾਰ ਵਿੱਚ ਆਏ ਲੋਕਾਂ ਨੇ ਡੀ ਆਰ ਡੀ ਓ ਦੇ ਵਿਗਿਆਨੀਆਂ ਨਾਲ ਸੰਵਾਦ ਵੀ ਕੀਤਾ। ਸ਼ੁਕਲਾ ਨੇ ਆਪਣੀ ਪੁਲਾੜ ਯਾਤਰਾ ਦੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਹਰਿਆਣਾ ਦੇ ਮੰਤਰੀ ਕ੍ਰਿਸ਼ਨ ਬੇਦੀ ਵੀ ਸ਼ਾਮਲ ਹੋਏ। ਪੰਚਕਲੂਾ ਦੇ ਡੀ ਸੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਇਹ ਮੇਲਾ 9 ਦਸੰਬਰ ਤੱਕ ਚੱਲੇਗਾ ਅਤੇ ਸਮਾਪਤੀ ਸਮਾਰੋਹ ਵਿੱਚ ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਮੁੱਖ ਮਹਿਮਾਨ ਹੋਣਗੇ। ਮੇਲੇ ਦੇ ਸੈਮੀਨਾਰਾਂ ਵਿੱਚ ਸਾਇੰਸ ਨਾਲ ਸਬੰਧਤ ਅਤਿ ਅਧੁਨਿਕ ਵਿਸ਼ਿਆਂ ਦੇ ਮਾਹਿਰ ਵਿਚਾਰ ਪੇਸ਼ ਕਰਨਗੇ। ਇਹ ਮੇਲਾ ਪੰਚਕੂਲਾ ਦੇ ਸੈਕਟਰ-5 ਵਿੱਚ ਲੱਗਿਆ ਹੋਇਆ ਹੈ। ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀ ਅਤੇ ਵਿਗਿਆਨ ਪ੍ਰੇਮੀ ਹਿੱਸਾ ਲੈ ਰਹੇ ਹਨ।

