Instagram Double Money Trap: ਪੁਲੀਸ ਨੇ 45 ਲੱਖ ਦੀ ਠੱਗੀ ਮਾਰਨ ਵਾਲੀ ਮੁੱਖ ਮਹਿਲਾ ਦੋਸ਼ੀ ਨੂੰ ਦਬੋਚਿਆ
ਮੁਕਤਸਰ ਜ਼ਿਲ੍ਹਾ ਪੁਲੀਸ ਨੇ ਇੱਕ ਅਜਿਹੇ ਸਾਈਬਰ ਠੱਗਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ, ਖਾਸ ਕਰਕੇ ਇੰਸਟਾਗ੍ਰਾਮ 'ਤੇ ਫਰਜ਼ੀ ਨਿਵੇਸ਼ ਸਕੀਮਾਂ ਰਾਹੀਂ ਲੋਕਾਂ ਨਾਲ 45 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਪੁਲੀਸ ਨੇ ਇਸ...
ਮੁਕਤਸਰ ਜ਼ਿਲ੍ਹਾ ਪੁਲੀਸ ਨੇ ਇੱਕ ਅਜਿਹੇ ਸਾਈਬਰ ਠੱਗਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ, ਖਾਸ ਕਰਕੇ ਇੰਸਟਾਗ੍ਰਾਮ 'ਤੇ ਫਰਜ਼ੀ ਨਿਵੇਸ਼ ਸਕੀਮਾਂ ਰਾਹੀਂ ਲੋਕਾਂ ਨਾਲ 45 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਨਵਦੀਪ ਕੌਰ ਉਰਫ਼ ਨਿਸ਼ਾ ਰਾਣੀ (ਵਾਸੀ ਪਟਿਆਲਾ, ਹਾਲ ਵਾਸੀ ਅਬੋਹਰ) ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਉਸ ਦਾ ਪਤੀ ਰਣਜੀਤ ਸਿੰਘ ਅਤੇ ਚੰਡੀਗੜ੍ਹ ਦਾ ਰਹਿਣ ਵਾਲਾ ਸਾਥੀ ਰਮਨਦੀਪ ਸਿੰਘ ਅਜੇ ਫਰਾਰ ਹਨ। ਇਸ ਗਿਰੋਹ ਦੀ ਇੱਕ ਹੋਰ ਸਾਥੀ, ਮਨਪ੍ਰੀਤ ਕੌਰ (ਪਟਿਆਲਾ) ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਡੀ.ਐਸ.ਪੀ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਗਰੋਹ ਪੀੜਤਾਂ ਨੂੰ ਕੁਝ ਹੀ ਦਿਨਾਂ ਵਿੱਚ ਪੈਸੇ ਦੁੱਗਣੇ ਜਾਂ ਚੌਗੁਣੇ ਕਰਨ ਦਾ ਲਾਲਚ ਦਿੰਦਾ ਸੀ। ਭਰੋਸਾ ਜਿੱਤਣ ਲਈ ਸ਼ੁਰੂ ਵਿੱਚ ਛੋਟਾ ਮੁਨਾਫਾ ਦਿੱਤਾ ਜਾਂਦਾ ਸੀ, ਜਿਸ ਤੋਂ ਬਾਅਦ ਪੀੜਤਾਂ ਨੂੰ ਵੱਡੀ ਰਕਮ ਨਿਵੇਸ਼ ਕਰਨ ਲਈ ਮਨਾ ਲਿਆ ਜਾਂਦਾ ਸੀ ਅਤੇ ਫਿਰ ਮੁਲਜ਼ਮ ਗਾਇਬ ਹੋ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਜ਼ਿਆਦਾਤਰ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਪਿਛਲੇ ਸਾਲ ਅਕਤੂਬਰ ਵਿੱਚ ਦਰਜ ਹੋਏ ਇੱਕ ਮਾਮਲੇ ਵਿੱਚ ਮਲੋਟ ਦੀ ਕੁਲਵਿੰਦਰ ਕੌਰ ਨਾਲ ਕਰੀਬ 14.92 ਲੱਖ ਰੁਪਏ ਦੀ ਠੱਗੀ ਹੋਈ ਸੀ। ਇਸੇ ਤਰ੍ਹਾਂ ਅਪਰੈਲ ਵਿੱਚ ਦਰਜ ਹੋਏ ਇੱਕ ਹੋਰ ਮਾਮਲੇ ਵਿੱਚ ਮਲਕੀਤ ਕੌਰ ਅਤੇ ਰਜਨੀ ਵਰਮਾ ਸਮੇਤ ਕਈਆਂ ਨੇ ਇੰਸਟਾਗ੍ਰਾਮ ਰਾਹੀਂ ਚਲਾਈਆਂ ਜਾ ਰਹੀਆਂ ਅਜਿਹੀਆਂ ਸਕੀਮਾਂ ਵਿੱਚ 27 ਲੱਖ ਰੁਪਏ ਤੋਂ ਵੱਧ ਗੁਆ ਦਿੱਤੇ।
ਸਾਈਬਰ ਕ੍ਰਾਈਮ ਵਿੰਗ ਨੇ ਕਈ ਸ਼ਿਕਾਇਤਾਂ ਤੋਂ ਇਕੱਠੇ ਕੀਤੇ ਡਿਜੀਟਲ ਸਬੂਤਾਂ ਦੀ ਮਦਦ ਨਾਲ ਮੁੱਖ ਮੁਲਜ਼ਮ ਦਾ ਪਤਾ ਲਗਾਇਆ।ਨਵਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਲਿਆ ਗਿਆ ਹੈ। ਪੁਲੀਸ ਨੂੰ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੱਸਿਆ ਗਿਆ ਹੈ ਕਿ ਉਹ ਇੱਕ ਆਦਤਨ ਅਪਰਾਧੀ ਹੈ ਅਤੇ ਉਸ ਵਿਰੁੱਧ ਲੁਧਿਆਣਾ, ਪਟਿਆਲਾ ਅਤੇ ਫਤਿਹਾਬਾਦ ਜ਼ਿਲ੍ਹਿਆਂ ਵਿੱਚ ਪਹਿਲਾਂ ਵੀ ਕੇਸ ਦਰਜ ਹਨ। ਪੁਲੀਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨ ਰਹਿਣ ਅਤੇ ਸੋਸ਼ਲ ਮੀਡੀਆ 'ਤੇ ਮਿਲਣ ਵਾਲੇ ਨਿਵੇਸ਼ ਦੇ ਅਜਿਹੇ ਲੁਭਾਉਣੇ ਆਫਰਾਂ ਦੇ ਜਾਲ ਵਿੱਚ ਨਾ ਫਸਣ।

