ਭਾਰਤ-ਪਾਕਿ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ; ਦੋ ਢੇਰ
ਬੀਐੱਸਐੱਫ ਦੀ ਗੋਲੀਬਾਰੀ ’ਚ ਦੋ ਪਾਕਿਸਤਾਨੀ ਨਾਗਰਿਕਾਂ ਦੀ ਮੌਤ; ਇੱਕ ਵਾਪਸ ਭੱਜਿਆ
ਭਾਰਤ-ਪਾਕਿਸਤਾਨ ਸਰਹੱਦ ’ਤੇ ਤਰਨਤਾਰਨ ਸੈਕਟਰ ਵਿੱਚ ਬੀਤੀ ਦੇਰ ਰਾਤ ਘੁਸਪੈਠ ਦੀ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਸਰਹੱਦ ਪਾਰੋਂ ਤਿੰਨ ਵਿਅਕਤੀਆਂ ਨੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਬੀਐੱਸਐੱਫ ਦੇ ਚੌਕਸ ਜਵਾਨਾਂ ਵੱਲੋਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ, ਜਿਸ ਦੇ ਬਾਵਜੂਦ ਉਹ ਅੱਗੇ ਵਧਦੇ ਰਹੇ। ਇਸ ਮਗਰੋਂ ਬੀਐੱਸਐੱਫ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਵਿਅਕਤੀ ਮਾਰੇ ਗਏ, ਜਦਕਿ ਤੀਜਾ ਵਿਅਕਤੀ ਵਾਪਸ ਪਾਕਿਸਤਾਨ ਵੱਲ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਹ ਘਟਨਾ ਬੀਓਪੀ ਰਾਜੋਕੇ ਦੇ ਇਲਾਕੇ ਵਿੱਚ ਵੀਰਵਾਰ ਦੇਰ ਰਾਤ ਕਰੀਬ 12:30 ਵਜੇ ਵਾਪਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦਈਏ ਕਿ ਘੁਸਪੈਠੀਆਂ ਵੱਲੋਂ ਚਿਤਾਵਨੀ ਦੀ ਪਰਵਾਹ ਨਾ ਕੀਤੇ ਜਾਣ ਤੋਂ ਬਾਅਦ ਜਵਾਨਾਂ ਨੇ ਇਹ ਕਾਰਵਾਈ ਕੀਤੀ। ਮਾਰੇ ਗਏ ਦੋਵੇਂ ਵਿਅਕਤੀਆਂ ਦੇ ਪਾਕਿਸਤਾਨੀ ਨਾਗਰਿਕ ਹੋਣ ਦੀ ਮੁੱਢਲੀ ਜਾਣਕਾਰੀ ਹੈ।
ਘਟਨਾ ਤੋਂ ਬਾਅਦ ਸਰਹੱਦੀ ਖੇਤਰ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਏ ਜਾਣ ਦੀ ਜਾਣਕਾਰੀ ਹੈ। ਹਾਲਾਂਕਿ ਮਾਰੇ ਗਏ ਵਿਅਕਤੀਆਂ ਕੋਲੋਂ ਕਿਸੇ ਹਥਿਆਰ ਜਾਂ ਹੋਰ ਸਮੱਗਰੀ ਦੀ ਬਰਾਮਦਗੀ ਬਾਰੇ ਅਜੇ ਤੱਕ ਬੀਐੱਸਐੱਫ ਵੱਲੋਂ ਕੋਈ ਵਿਸਥਾਰਤ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਫਿਲਹਾਲ ਘਟਨਾ ਸਬੰਧੀ ਹੋਰ ਵੇਰਵਿਆਂ ਅਤੇ ਮਾਰੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ। ਬੀਐੱਸਐੱਫ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

