ਭਾਰਤ ਅਤਿਵਾਦ ਕਦੇ ਵੀ ਸਹਿਣ ਨਹੀਂ ਕਰੇਗਾ: ਜੈਸ਼ੰਕਰ
ਨਵੀਂ ਦਿੱਲੀ, 7 ਜੂਨ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਆਸ ਕਰਦਾ ਹੈ ਕਿ ਭਾਈਵਾਲ ਮੁਲਕ ਉਸ ਦੀ ਅਤਿਵਾਦ ਕਦੇ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਨੂੰ ਸਮਝਣਗੇ ਅਤੇ ਉਹ ਕਦੇ ਵੀ ਅਪਰਾਧ ਕਰਨ ਵਾਲਿਆਂ ਨੂੰ ਪੀੜਤਾਂ ਦੇ ਬਰਾਬਰ ਰੱਖਣ ਨੂੰ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਆਪਣੇ ਬਰਤਾਨਵੀ ਹਮਰੁਤਬਾ ਡੇਵਿਡ ਲੈਮੀ ਨਾਲ ਗੱਲਬਾਤ ਦੌਰਾਨ ਅੱਜ ਇਹ ਗੱਲ ਆਖੀ। ਜੈਸ਼ੰਕਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਪਿਛਲੇ ਮਹੀਨੇ ਚਾਰ ਦਿਨ ਤੱਕ ਚੱਲੇ ਫੌਜੀ ਸੰਘਰਸ਼ ਮਗਰੋਂ ਕਈ ਮੁਲਕਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਨੂੰ ਬਰਾਬਰ ਤਰਜੀਹ ਦੇਣ ’ਤੇ ਨਵੀਂ ਦਿੱਲੀ ਵੱਲੋਂ ਇਤਰਾਜ਼ ਦਰਜ ਕਰਵਾਏ ਗਏ ਹਨ। ਲੈਮੀ ਦੋਵੇਂ ਮੁਲਕਾਂ ਵਿਚਕਾਰ ਰਣਨੀਤਕ ਭਾਈਵਾਲੀ ਦੇ ਵੱਖ ਵੱਖ ਪਹਿਲੂਆਂ ਦੀ ਨਜ਼ਰਸਾਨੀ ਕਰਨ ਲਈ ਦੋ ਦਿਨੀਂ ਦੌਰੇ ’ਤੇ ਅੱਜ ਸਵੇਰੇ ਨਵੀਂ ਦਿੱਲੀ ਪੁੱਜੇ ਹਨ। ਜੈਸ਼ੰਕਰ ਨਾਲ ਵਾਰਤਾ ਤੋਂ ਪਹਿਲਾਂ ਬਰਤਾਨਵੀ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਲੈਮੀ ਨਾਲ ਮੀਟਿੰਗ ਦੌਰਾਨ ਪਹਿਲਗਾਮ ਦਹਿਸ਼ਤੀ ਹਮਲੇ ਦੀ ਸਖ਼ਤ ਨਿੰਦਾ ਕਰਨ ਅਤੇ ਅਤਿਵਾਦ ਖ਼ਿਲਾਫ਼ ਨਵੀਂ ਦਿੱਲੀ ਦੀ ਜੰਗ ਨੂੰ ਹਮਾਇਤ ਦੇਣ ਲਈ ਉਨ੍ਹਾਂ ਬਰਤਾਨੀਆ ਦਾ ਧੰਨਵਾਦ ਕੀਤਾ। ਮੰਨਿਆ ਜਾ ਰਿਹਾ ਹੈ ਕਿ ਭਾਰਤ ਨੇ ਸਰਹੱਦ ਪਾਰੋਂ ਅਤਿਵਾਦ ਨਾਲ ਸਿੱਝਣ ਬਾਰੇ ਬਰਤਾਨੀਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਬਰਤਾਨੀਆ ਉਨ੍ਹਾਂ ਮੁਲਕਾਂ ’ਚ ਸ਼ਾਮਲ ਸੀ, ਜੋ ਪਿਛਲੇ ਮਹੀਨੇ ਫੌਜੀ ਟਕਰਾਅ ਦੌਰਾਨ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਤਹਿਤ ਭਾਰਤ ਅਤੇ ਪਾਕਿਸਤਾਨ ਦੋਹਾਂ ਦੇ ਸੰਪਰਕ ’ਚ ਸੀ। ਲੈਮੀ 16 ਮਈ ਨੂੰ ਇਸਲਾਮਾਬਾਦ ਦੇ ਦੋ ਦਿਨੀਂ ਦੌਰੇ ’ਤੇ ਵੀ ਗਏ ਸਨ, ਜਿਥੇ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਟਕਰਾਅ ਨੂੰ ਰੋਕਣ ਲਈ ਬਣੀ ਸਹਿਮਤੀ ਦਾ ਸਵਾਗਤ ਕੀਤਾ ਸੀ। -ਪੀਟੀਆਈ
ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤ ਅਤੇ ਬਰਤਾਨੀਆ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਵਪਾਰ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਮਿਲੇਗੀ ਸਗੋਂ ਦੁਵੱਲੇ ਸਬੰਧਾਂ ਦੇ ਰਣਨੀਤਕ ਪਹਿਲੂਆਂ ’ਤੇ ਵੀ ਹਾਂ-ਪੱਖੀ ਅਸਰ ਪਵੇਗਾ। ਬਰਤਾਨਵੀ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਕਿਹਾ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਨਾਲ ਦੋਵੇਂ ਮੁਲਕਾਂ ਦੀਆਂ ਖਾਹਿਸ਼ਾਂ ਪੂਰੀਆਂ ਹੋਣਗੀਆਂ। -ਪੀਟੀਆਈ
ਅਤਿਵਾਦ ਖ਼ਿਲਾਫ਼ ਜੰਗ ’ਚ ਅਮਰੀਕਾ ਨੇ ਭਾਰਤ ਨੂੰ ਦਿੱਤੀ ਹਮਾਇਤ
ਵਾਸ਼ਿੰਗਟਨ: ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡਾਊ ਨੇ ਕਿਹਾ ਹੈ ਕਿ ਅਤਿਵਾਦ ਖ਼ਿਲਾਫ਼ ਭਾਰਤ ਦੀ ਜੰਗ ’ਚ ਉਨ੍ਹਾਂ ਦਾ ਮੁਲਕ ਡਟ ਕੇ ਖੜ੍ਹਾ ਹੈ। ਪਹਿਲਗਾਮ ’ਚ ਦਹਿਸ਼ਤੀ ਹਮਲੇ ਅਤੇ ਅਪਰੇਸ਼ਨ ਸਿੰਧੂਰ ਬਾਰੇ ਭਾਰਤ ਦਾ ਸਟੈਂਡ ਸਪੱਸ਼ਟ ਕਰਨ ਲਈ ਇਥੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਆਏ ਸਰਬ-ਪਾਰਟੀ ਵਫ਼ਦ ਨਾਲ ਗੱਲਬਾਤ ਕਰਦਿਆਂ ਲੈਂਡਾਊ ਨੇ ਉਕਤ ਗੱਲ ਆਖੀ। ਭਾਰਤੀ ਵਫ਼ਦ ਨੇ ਸ਼ੁੱਕਰਵਾਰ ਨੂੰ ਲੈਂਡਾਊ ਨਾਲ ਮੁਲਾਕਾਤ ਕੀਤੀ ਸੀ। ਭਾਰਤੀ ਵਫ਼ਦ ਦਾ ਅਮਰੀਕਾ ਦੌਰਾ ਮੁਕੰਮਲ ਹੋ ਗਿਆ ਹੈ। ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਕਿਹਾ, ‘ਡਾਕਟਰ ਸ਼ਸ਼ੀ ਥਰੂਰ ਦੀ ਅਗਵਾਈ ਹੇਠਲੇ ਸਰਬ-ਪਾਰਟੀ ਸੰਸਦੀ ਵਫ਼ਦ ਦੀ ਅਮਰੀਕੀ ਉਪ ਵਿਦੇਸ਼ ਮੰਤਰੀ ਲੈਂਡਾਊ ਨਾਲ ਗੱਲਬਾਤ ਵਧੀਆ ਰਹੀ। ਭਾਰਤੀ ਵਫ਼ਦ ਨੇ ਪਹਿਲਗਾਮ ਦਹਿਸ਼ਤੀ ਹਮਲੇ ਅਤੇ ਅਪਰੇਸ਼ਨ ਸਿੰਧੂਰ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ।’’ ਲੈਂਡਾਊ ਨੇ ‘ਐਕਸ’ ’ਤੇ ਪੋਸਟ ’ਚ ਭਾਰਤੀ ਸੰਸਦੀ ਨੁਮਾਇੰਦਿਆਂ ਨਾਲ ਮੀਟਿੰਗ ਵਧੀਆ ਰਹਿਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਮਰੀਕਾ ਅਤਿਵਾਦ ਖ਼ਿਲਾਫ਼ ਜੰਗ ’ਚ ਭਾਰਤ ਨਾਲ ਡਟ ਕੇ ਖੜ੍ਹਾ ਹੈ। ਇਸ ਤੋਂ ਇਲਾਵਾ ਅਮਰੀਕਾ-ਭਾਰਤ ਰਣਨੀਤਕ, ਵਪਾਰ ਅਤੇ ਵਣਜ ਸਬੰਧਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਵਫ਼ਦ ਨੇ ਵਿਦੇਸ਼ ਸਬੰਧਾਂ ਬਾਰੇ ਅਮਰੀਕੀ ਸੈਨੇਟ ਦੀ ਕਮੇਟੀ ਦੇ ਮੈਂਬਰ ਸੈਨੇਟਰ ਕ੍ਰਿਸ ਵਾਨ ਹੋਲੈੱਨ ਨਾਲ ਵੀ ਮੁਲਾਕਾਤ ਕੀਤੀ। ਥਰੂਰ ਨੇ ਇਕ ਹੋਰ ਮੈਂਬਰ ਸੈਨੇਟਰ ਕੋਰੀ ਬੁੱਕਰ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਬਾਰੇ ਜਾਣਕਾਰੀ ਦਿੱਤੀ। ਵਫ਼ਦ ’ਚ ਸੰਸਦ ਮੈਂਬਰ ਸਰਫ਼ਰਾਜ਼ ਅਹਿਮਦ, ਜੀ. ਹਰੀਸ਼ ਮਧੁਰ ਬਾਲਯੋਗੀ, ਸ਼ਸ਼ਾਂਕ ਮਣੀ ਤ੍ਰਿਪਾਠੀ, ਭੁਬਨੇਸ਼ਵਰ ਕਾਲਿਤਾ, ਮਿਲਿੰਦ ਦਿਓੜਾ, ਤੇਜਸਵੀ ਸੂਰਿਆ ਅਤੇ ਭਾਰਤ ਦੇ ਸਾਬਕਾ ਸਫ਼ੀਰ ਤਰਨਜੀਤ ਸਿੰਘ ਸੰਧੂ ਵੀ ਸ਼ਾਮਲ ਸਨ। -ਪੀਟੀਆਈ