ਭਾਰਤ-ਅਮਰੀਕਾ ਵਿਚਾਲੇ ਐੱਫ-414 ਜੈੱਟ ਇੰਜਣ ਬਾਰੇ ਸੌਦਾ ਮਾਰਚ ਤੱਕ: ਐੱਚਏਐੱਲ ਮੁਖੀ
ਨਵੀਂ ਦਿੱਲੀ, 24 ਜੂਨ
ਹਿੰਦੁਸਤਾਨ ਏਅਰੋਨੌਟਿਕਸ ਲਿਮਿਟਡ (ਐੱਚਏਐੱਲ) ਦੇ ਮੁਖੀ ਡੀਕੇ ਸੁਨੀਲ ਨੇ ਕਿਹਾ ਕਿ ਕੰਪਨੀ ਜੈੱਟ ਇੰਜਣ ਦਾ ਸਾਂਝੇ ਤੌਰ ’ਤੇ ਉਤਪਾਦਨ ਕਰਨ ਲਈ ਅਮਰੀਕੀ ਰੱਖਿਆ ਕੰਪਨੀ ਜੀਈ ਏਅਰੋਸਪੇਸ ਨਾਲ ਮਾਰਚ ਤੱਕ ਸਮਝੌਤਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਭਾਰਤ ਦੇ ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਮਰੱਥਾ ਵਧੇਗੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਗਲੇ ਸਾਲ ਮਾਰਚ ਤੱਕ ਭਾਰਤੀ ਹਵਾਈ ਫ਼ੌਜ ਨੂੰ ਘੱਟੋ ਘੱਟੋ ਛੇ ‘ਤੇਜਸ’ ਲੜਾਕੂ ਜਹਾਜ਼ ਮਿਲ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਡੀਸੀ ਯਾਤਰਾ ਦੌਰਾਨ 2023 ’ਚ ਭਾਰਤ ਵਿੱਚ ਐੱਫ-414 ਇੰਜਣ ਦੇ ਸਾਂਝੇ ਉਤਪਾਦਨ ਦਾ ਐਲਾਨ ਹੋਇਆ ਸੀ। ਹਾਲਾਂਕਿ ਆਧੁਨਿਕ ਤਕਨੀਕਾਂ ਦੇ ਲੈਣ-ਦੇਣ ਬਾਰੇ ਲੰਮੀ ਗੱਲਬਾਤ ਕਾਰਨ ਪ੍ਰੋਗਰਾਮ ’ਚ ਦੇਰ ਹੋਈ ਹੈ। ਐੱਚਏਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸੁਨੀਲ ਨੇ ਕਿਹਾ ਕਿ ਇੰਜਣ ਲਈ ਤਕਨੀਕਾਂ ਦੇ ਲੈਣ-ਦੇਣ ’ਤੇ ਜੀਈ ਏਅਰੋਸਪੇਸ ਨਾਲ ਅਹਿਮ ਗੱਲਬਾਤ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ, ‘ਹੁਣ ਅਸੀਂ ਟੀਓਟੀ (ਤਕਨੀਕਾਂ ਦੇ ਲੈਣ-ਦੇਣ) ਸਿਧਾਂਤਾਂ ’ਤੇ ਚਰਚਾ ਕਰ ਰਹੇ ਹਾਂ। ਸਾਡੇ ਕੋਲ 80 ਫੀਸਦ ਤਕਨੀਕ ਤਬਦੀਲ ਹੋਵੇਗੀ। ਇਹ ਚਰਚਾ ਤਕਰੀਬਨ ਪੂਰੀ ਹੋ ਚੁੱਕੀ ਹੈ।’ ਉਨ੍ਹਾਂ ਕਿਹਾ, ‘ਹੁਣ ਅਸੀਂ ਵਣਜ ਖੇਤਰ ਅੰਦਰ ਦਾਖਲ ਹੋਵਾਂਗੇ। ਚਾਲੂ ਵਿੱਤੀ ਸਾਲ ਅੰਦਰ ਅਸੀਂ ਇਹ ਸੌਦਾ ਮੁਕੰਮਲ ਕਰ ਲਵਾਂਗੇ।’ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੂੰ ਮਾਰਚ 2026 ਤੱਕ ਘੱਟੋ ਘੱਟ ਅੱਧੀ ਦਰਜਨ ਹਲਕੇ ਲੜਾਕੂ ਜਹਾਜ਼ (ਐੱਲਸੀਏ) ਤੇਜਸ ਮਿਲ ਜਾਣਗੇ। -ਪੀਟੀਆਈ