ਰਣਜੀਤ ਸਿੰਘ ਦੇ ਮੁਕਾਬਲੇ ਖ਼ਿਲਾਫ਼ ਅਣਮਿਥੇ ਸਮੇਂ ਲਈ ਧਰਨਾ
ਪਰਿਵਾਰ ਦੇ ਸੱਦੇ ’ਤੇ ਵੱਡਾ ਇਕੱਠ; ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ
ਸਰਹੱਦ ਨੇੜੇ ਪੁਲੀਸ ਸਟੇਸ਼ਨ ਦੋਰਾਂਗਲਾ ਅਧੀਨ ਆਉਂਦੀ ਆਦੀਆਂ ਪੁਲੀਸ ਪੋਸਟ ’ਤੇ 22 ਫਰਵਰੀ ਨੂੰ ਦੋ ਪੁਲੀਸ ਮੁਲਾਜ਼ਮਾਂ ਦੀ ਹੱਤਿਆ ਮਗਰੋਂ ਰਣਜੀਤ ਸਿੰਘ ਨਾਮ ਦੇ ਨੌਜਵਾਨ ਦੇ ਕਥਿਤ ਮੁਕਾਬਲੇ ਮਗਰੋਂ ਉਸ ਦੇ ਪਰਿਵਾਰ ਵੱਲੋਂ ਧਰਨੇ ਦੇ ਦਿੱਤੇ ਸੱਦੇ ’ਤੇ ਵੱਡੀ ਗਿਣਤੀ ਵਿੱਚ ਹਮਖ਼ਿਆਲੀ ਸੰਗਠਨਾਂ ਦੇ ਨੁਮਾਇੰਦੇ ਅਤੇ ਕਾਰਕੁਨ ਬਟਾਲਾ ਜੀਟੀ ਰੋਡ ਸਥਿਤ ਬੱਬਰੀ ਬਾਈਪਾਸ ਚੌਕ ਵਿੱਚ ਇਕੱਠੇ ਹੋਏ। ਉਨ੍ਹਾਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕ ਦਾ ਪਰਿਵਾਰ ਉਸ ਦਾ ਗੁਰਦਾਸਪੁਰ ਤੋਂ ਪੋਸਟ ਮਾਰਟਮ ਕਰਵਾਏ ਜਾਣ ਤੋਂ ਇਨਕਾਰੀ ਹੈ ਅਤੇ ਮੰਗ ਕਰ ਰਿਹਾ ਹੈ ਕਿ ਰਣਜੀਤ ਸਿੰਘ ਦਾ ਪੋਸਟ ਮਾਰਟਮ ਪੀ ਜੀ ਆਈ ਤੋਂ ਕਰਵਾਇਆ ਜਾਵੇ।
ਇਸ ਦੌਰਾਨ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ (ਪੁਨਰ ਸੁਰਜੀਤ) ਦੇ ਸੁੱਚਾ ਸਿੰਘ ਛੋਟੇਪੁਰ, ਸਮਾਜਿਕ ਕਾਰਕੁਨ ਲੱਖਾ ਸਿਧਾਣਾ, ਕਿਰਤੀ ਕਿਸਾਨ ਯੂਨੀਅਨ ਦੇ ਨੇਤਾ ਸਤਬੀਰ ਸੁਲਤਾਨੀ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਵਾਰਿਸ ਪੰਜਾਬ ਜਥੇਬੰਦੀ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਸਮੇਤ ਹੋਰਨਾਂ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਦੋਸ਼ ਲਗਾਇਆ ਕਿ ਨੌਜਵਾਨਾਂ ਨੂੰ ਬਿਨਾਂ ਕਿਸੇ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਪੀ ਜੀ ਆਈ ਚੰਡੀਗੜ੍ਹ ਤੋਂ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕ ਰਣਜੀਤ ਸਿੰਘ ਦਾ ਪੋਸਟਮਾਰਟਮ ਕਰਵਾਉਣ ਅਤੇ ਪੂਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ। ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ। ਬਾਅਦ ਦੁਪਹਿਰ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰ ਅਤੇ ਹੋਰ ਜਥੇਬੰਦੀਆ ਦੇ ਆਗੂਆਂ ਨਾਲ ਪੁਲੀਸ ਅਧਿਕਾਰੀਆਂ ਦੀ ਗੱਲਬਾਤ ਦੌਰਾਨ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ’ਤੇ ਧਰਨਾ ਖਤਮ ਕਰਨ ਦੀ ਗੱਲ ਚੱਲੀ। ਮਗਰੋਂ ਧਰਨਾ ਚੁੱਕਣ ’ਤੇ ਸਹਿਮਤੀ ਵੀ ਬਣ ਗਈ ਪਰ ਕੁਝ ਜਥੇਬੰਦੀਆਂ ਵੱਲੋਂ ਧਰਨੇ ਨੂੰ ਜਾਰੀ ਰੱਖਣ ’ਤੇ ਜ਼ੋਰ ਪਾਇਆ ਗਿਆ। ਆਗੂਆਂ ਕਿਹਾ ਕਿ ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਹੋਰ ਮੁਲਜ਼ਮ ਇੰਦਰਜੀਤ ਸਿੰਘ ਦੀਆਂ ਦੋ ਭੈਣਾਂ ਅਤੇ ਭਾਬੀ ਨੂੰ ਪੁਲੀਸ ਨੇ ਨਾਜਾਇਜ਼ ਹਿਰਾਸਤ ਵਿੱਚ ਲਿਆ ਹੋਇਆ ਹੈ ਜੋ ਸਰਾਸਰ ਗਲਤ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਧਰਨਾ ਸਮਾਪਤ ਨਹੀਂ ਹੋਵੇਗਾ। ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੇ ਕਿਹਾ ਕਿ ਰਣਜੀਤ ਸਿੰਘ ਦੇ ਮੁਕਾਬਲੇ ਦੀ ਜੁਡੀਸ਼ਲ ਜਾਂਚ ਦੀ ਲੜਾਈ ਅਗਲੇ ਪੜਾਅ ਵਿੱਚ ਵੀ ਜਾਰੀ ਰਹੇਗੀ। ਇੰਦਰਜੀਤ ਸਿੰਘ ਦੀਆਂ ਦੋ ਭੈਣਾਂ ਅਤੇ ਭਾਬੀ ਨੂੰ ਵੀ ਪੁਲੀਸ ਨੇ ਇੰਦਰਜੀਤ ਨੂੰ ਪਨਾਹ ਦੇਣ ਦੇ ਦੋਸ਼ ਹੇਠ ਨਾਜਾਇਜ਼ ਫਸਾਇਆ ਹੈ।
ਰਣਜੀਤ ਸਿੰਘ ਮਾਮਲੇ ਦੀ ਅਦਾਲਤੀ ਜਾਂਚ ਮੰਗੀ
ਚੰਡੀਗੜ੍ਹ: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)-ਨਿਊ ਡੈਮੋਕ੍ਰੈਸੀ ਨੇ ਗੁਰਦਾਸਪੁਰ ਦੇ ਨੌਜਵਾਨ ਰਣਜੀਤ ਸਿੰਘ ਦੇ ਕਥਿਤ ਪੁਲੀਸ ਮੁਕਾਬਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਹਾਲਾਤ ਵਿੱਚ ਪੁਲੀਸ ਇਸ ਘਟਨਾ ਨੂੰ ਮੁਕਾਬਲਾ ਦੱਸ ਰਹੀ ਹੈ, ਉਹ ਪੂਰੀ ਤਰ੍ਹਾਂ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਰਣਜੀਤ ਦੇ ਪਰਿਵਾਰ ਮੁਤਾਬਕ ਪੁਲੀਸ ਉਸ ਨੂੰ ਘਰੋਂ ਲੈ ਕੇ ਗਈ ਸੀ ਅਤੇ ਘਟਨਾ ਤੋਂ ਬਾਅਦ ਸਬੂਤ ਮਿਟਾਉਣ ਲਈ ਆਲੇ-ਦੁਆਲੇ ਦੇ ਘਰਾਂ ਅਤੇ ਗੁਰਦੁਆਰੇ ਦੇ ਸੀ ਸੀ ਟੀ ਵੀ ਦੀ ਡੀ ਵੀ ਆਰ ਵੀ ਲੈ ਗਈ। ਉਨ੍ਹਾਂ ਇਸ ਨੂੰ ਝੂਠਾ ਮੁਕਾਬਲਾ ਦੱਸਦਿਆਂ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਅਤੇ ਜਾਂਚ ਤੋਂ ਬਾਅਦ ਕਸੂਰਵਾਰਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। -ਟਨਸ

