ਆਤਿਸ਼ ਗੁਪਤਾ
ਚੰਡੀਗੜ੍ਹ, 28 ਮਈ
ਪੰਜਾਬ ਵਿੱਚ ਐਤਕੀ ਬਦਲੇ ਮੌਸਮ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਸੂਬੇ ‘ਚ ਬਿਜਲੀ ਦੀ ਮੰਗ ਘਟਣ ਨਾਲ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਐਤਕੀ ਪੰਜਾਬ ਵਿੱਚ ਮਈ ਮਹੀਨੇ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਬਿਜਲੀ ਦੀ ਮੰਗ ਬਹੁਤ ਘੱਟ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਪੰਜਾਬ ‘ਚ ਦੁਪਹਿਰ ਸਮੇਂ ਬਿਜਲੀ ਦੀ ਮੰਗ 6600 ਮੈਗਾਵਾਟ ਦਰਜ ਕੀਤੀ ਗਈ ਹੈ, ਜਦਕਿ ਪਿਛਲੇ ਸਾਲ 27 ਮਈ ਨੂੰ ਇਹ ਮੰਗ 9200 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ। ਅਜਿਹੇ ਵਿਚ ਐਤਕੀਕਰੀਬ 2500 ਮੈਗਾਵਾਟ ਬਿਜਲੀ ਦੀ ਮੰਗ ਘਟੀ ਰਹੀ। ਹਾਲਾਂਕਿ ਇਕ ਹਫ਼ਤਾ ਪਹਿਲਾਂ ਪੰਜਾਬ ‘ਚ ਬਿਜਲੀ ਦੀ ਮੰਗ 12000 ਮੈਗਾਵਾਟ ‘ਤੇ ਪਹੁੰਚ ਗਈ ਸੀ ਪਰ ਬਾਅਦ ਵਿਚ ਬਦਲੇ ਮੌਸਮ ਨੇ ਪਾਵਰਕੌਮ ਨੂੰ ਕਾਫੀ ਰਾਹਤ ਦਿੱਤੀ ਹੈ। ਜੇਕਰ ਮੌਸਮ ਠੰਢਾ ਰਿਹਾ ਤਾਂ ਅਗਲੇ ਮਹੀਨੇ ਝੋਨੇ ਦੀ ਲੁਆਈ ਲਈ ਵੀ ਪਾਵਰਕੌਮ ਤੇ ਕਿਸਾਨਾਂ ਨੂੰ ਇਸ ਦਾ ਲਾਹਾ ਮਿਲੇਗਾ। ਉਧਰ ਬਿਜਲੀ ਦੀ ਮੰਗ ਘੱਟਣ ਕਰ ਕੇ ਪੰਜਾਬ ਵਿਚਲੇ 15 ‘ਚੋਂ 9 ਥਰਮਲ ਪਲਾਂਟ ਹੀ ਚਾਲੂ ਹਨ, ਜਦਕਿ 6 ਬੰਦ ਪਏ ਹਨ। ਜਾਣਕਾਰੀ ਅਨੁਸਾਰ ਪਾਵਰਕੌਮ ਵੱਲੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕੋ ਯੂਨਿਟ ਚਲਾਇਆ ਜਾ ਰਿਹਾ ਹੈ, ਜਿਸ ਤੋਂ 174 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਸਰਕਾਰੀ ਥਰਮਲ ਪਲਾਂਟ ਰੋਪੜ ਦਾ ਵੀ ਇਕੋ ਯੂਨਿਟ ਚੱਲ ਰਿਹਾ ਹੈ ਤੇ ਤਿੰਨ ਯੂਨਿਟ ਬੰਦ ਪਏ ਹਨ। ਰੋਪੜ ਦੇ ਇਸ ਯੂਨਿਟ ਤੋਂ 149 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਪ੍ਰਾਈਵੇਟ ਖੇਤਰ ਅੰਦਰ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਘੱਟ ਮਾਤਰਾ ‘ਤੇ ਚਾਲੂ ਹਨ ਅਤੇ ਇੱਥੋਂ 720 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਵੀ ਤਿੰਨ ਯੂਨਿਟ ਘੱਟ ਮਾਤਰਾ ਦੇ ਚੱਲ ਰਹੇ ਹਨ। ਇਸ ਥਰਮਲ ਪਲਾਂਟ ਤੋਂ 960 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵਾਂ ਯੂਨਿਟਾਂ ਤੋਂ 300 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੇ ਤਿੰਨ ਯੂਨਿਟਾਂ ਤੋਂ ਲਗਪਗ 391 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਹਾਈਡ੍ਰਲ ਪ੍ਰਾਜੈਕਟਾਂ ਤੋਂ 522 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਅਗਲੇ ਦਿਨਾਂ ਵਿੱਚ ਵੀ ਸੂਬੇ ਅੰਦਰ ਮੀਂਹ ਹਨੇਰੀ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੂਬੇ ‘ਚ ਤਾਪਮਾਨ 45 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਸੀ, ਜਿਸ ਕਰ ਕੇ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹੁਣ ਬਦਲੇ ਮੌਸਮ ਕਰ ਕੇ ਬਿਜਲੀ ਦੀ ਮੰਗ 5 ਹਜ਼ਾਰ ਮੈਗਾਵਾਟ ਹੇਠਾਂ ਆ ਗਈ ਹੈ।