DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਰ ਦਹਾਕਿਆਂ ’ਚ ਨਕੋਦਰ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ

ਚਾਰ ਨੌਜਵਾਨਾਂ ’ਚੋਂ ਇਕ ਦੇ ਪਿਤਾ ਜ਼ਿੰਦਾ; ਸ਼੍ਰੋਮਣੀ ਕਮੇਟੀ ’ਤੇ ਬਾਂਹ ਨਾ ਫਡ਼ਨ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਘਟਨਾ ਵਾਲੀ ਥਾਂ ਦਿਖਾਉਂਦੇ ਹੋਏ ਬਾਪੂ ਬਲਦੇਵ ਸਿੰਘ ਲਿੱਤਰਾਂ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪਾਲ ਸਿੰਘ ਨੌਲੀ

ਨਕੋਦਰ ਬੇਅਦਬੀ ਕਾਂਡ ਨੂੰ ਅੱਜ 40 ਸਾਲ ਹੋ ਗਏ। ਇਸ ਘਟਨਾ ਵਿੱਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਰਵਿੰਦਰ ਸਿੰਘ ਲਿੱਤਰਾਂ, ਹਰਮਿੰਦਰ ਸਿੰਘ ਰਾਏਪੁਰ ਚਾਲੂਪਰ, ਬਲਧੀਰ ਸਿੰਘ ਰਾਮਗੜ੍ਹ ਅਤੇ ਝਿਲਮਣ ਸਿੰਘ ਗੌਰਸੀਆਂ ਸ਼ਾਮਲ ਸਨ। ਇਨ੍ਹਾਂ ਸ਼ਹੀਦ ਨੌਜਵਾਨਾਂ ਦੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਇਹ ਘਟਨਾ ਕੋਈ ਵੱਡੇ ਪੰਥਕ ਮੁੱਦੇ ਵਜੋਂ ਉੱਭਰ ਸਕੀ।

Advertisement

ਇਨ੍ਹਾਂ ਸ਼ਹੀਦ ਹੋਏ ਚਾਰੇ ਨੌਜਵਾਨਾਂ ਵਿੱਚੋਂ ਸਿਰਫ਼ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਬਾਪੂ ਬਲਦੇਵ ਸਿੰਘ ਹੀ ਜਿਊਂਦੇ ਹਨ, ਜੋ ਹਰ ਸਾਲ ਕੈਨੇਡਾ ਤੋਂ ਆ ਕੇ ਇਨ੍ਹਾਂ ਚਾਰੇ ਨੌਜਵਾਨਾਂ ਦੀ ਸਾਂਝੀ ਬਰਸੀ ਮਨਾਉਂਦੇ ਹਨ। ਇਹ ਚਾਰੇ ਨੌਜਵਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ’ਚ ਸਰਗਰਮ ਸਨ।

Advertisement

ਚਾਰ ਦਹਾਕਿਆਂ ਦੌਰਾਨ ਪੰਜਾਬ ਵਿੱਚ 8 ਮੁੱਖ ਮੰਤਰੀ ਬਣੇ ਤੇ ਬਦਲ ਗਏ ਪਰ ਕਿਸੇ ਨੇ ਇਨਸਾਫ਼ ਨਹੀਂ ਦਿੱਤਾ। ਕੈਨੇਡਾ ਤੋਂ ਆਏ ਬਾਪੂ ਬਲਦੇਵ ਸਿੰਘ ਨੇ ਦੱਸਿਆ ਕਿ 4 ਫਰਵਰੀ 1986 ਤੋਂ ਲੈ ਕੇ 4 ਫਰਵਰੀ 2026 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਸਾਲਾਂ ਦੇ ਇਤਿਹਾਸ ਵਿੱਚ 10 ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੇ ਇਸ ਮੁੱਦੇ ਬਾਰੇ ਕੋਈ ਸੰਜੀਦਗੀ ਨਹੀਂ ਦਿਖਾਈ। ਸਾਕਾ ਨੀਲਾ ਤਾਰਾ ਤੋਂ ਬਾਅਦ 1985 ਦੌਰਾਨ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ। ਇਸ ਘਟਨਾ ਤੋਂ ਬਾਅਦ 40 ਸਾਲਾਂ ਵਿੱਚੋਂ 15 ਸਾਲ ਪੰਥਕ ਸਰਕਾਰ ਰਹੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਰਹੇ ਪਰ ਉਨ੍ਹਾਂ ਨੇ ਵੀ ਇਨਸਾਫ਼ ਦੀ ਕੋਈ ਗੱਲ ਨਹੀਂ ਕੀਤੀ। ਇਨ੍ਹਾਂ ਚਾਲੀ ਸਾਲਾਂ ਵਿੱਚ 10 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ, ਜਦ ਕਿ ਮਾਰਚ 1986 ਤੱਕ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ’ਤੇ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਸ ਘਟਨਾ ਬਾਰੇ ਜਾਂਚ ਕਮੇਟੀ ਵੀ ਬਣਾਈ ਸੀ ਪਰ ਉਹ ਜਾਂਚ ਜਨਤਕ ਨਹੀਂ ਕੀਤੀ ਗਈ।

ਬਾਪੂ ਬਲਦੇਵ ਸਿੰਘ ਦੱਸਦੇ ਹਨ ਕਿ ਫਰਵਰੀ 1986 ਵਿੱਚ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਸ ਵੇਲੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੁੂ ਸਨ ਤੇ ਐੱਸ ਐੱਸ ਪੀ ਇਜ਼ਹਾਰ ਅਲੀ ਸਨ। ਇਹ ਘਟਨਾ ਨਕੋਦਰ ਦੇ ਗੁੁਰਦੁਆਰਾ ਗੁਰੂ ਅਰਜਨ ਦੇਵ ਜੀ ਮੁਹੱਲ ਗੁਰੂ ਨਾਨਕਪੁਰਾ ਵਿੱਚ 2 ਫਰਵਰੀ 1986 ਨੂੰ ਵਾਪਰੀ ਸੀ। ਇਸ ਘਟਨਾ ਦੌਰਾਨ ਗੁਰੁੂ ਗੰਥ ਸਾਹਿਬ ਜੀ ਦੇ ਪੰਜ ਸਰੂਪ ਸ਼ਰਾਰਤੀ ਅਨਸਰਾਂ ਨੇ ਕਥਿਤ ਤੌਰ ’ਤੇ ਅਗਨ ਭੇਟ ਕਰ ਦਿੱਤੇ ਸਨ। ਇਸ ’ਤੇ ਰੋਸ ਪ੍ਰਗਟ ਕਰਦਿਆਂ ਸਿੱਖ ਸੰਗਤ ਜਾਪ ਕਰ ਰਹੀ ਸੀ। ਅਗਨ ਭੇਟ ਹੋਏ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਲਿਜਾਣ ਲਈ ਜਦੋਂ ਸੰਗਤ ਅੱਗੇ ਵਧੀ ਤਾਂ ਉਸ ਵੇਲੇ ਪੰਜਾਬ ਪੁਲੀਸ ਵੱਲੋਂ ਬਿਨਾਂ ਕੋਈ ਚਿਤਾਵਨੀ ਦਿੱਤੇ ਚਲਾਈਆਂ ਗੋਲੀਆਂ ਵਿੱਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ।

Advertisement
×