ਕਿਸਾਨ ਬਜ਼ਾਰਾਂ ਵਿੱਚ ਤੇ ਦੁਕਾਨਦਾਰ ਘਰਾਂ ’ਚ: ਪੁਲੀਸ ਦੀ ਚਿਤਾਵਨੀ ਕਾਰਨ ਦੁਕਾਨਾਂ ਬੰਦ

ਰਮੇਸ਼ ਭਾਰਦਵਾਜ

ਲਹਿਰਾਗਾਗਾ, 8 ਮਈ ਅੱਜ ਭਾਰਤੀ ਕਿਸਾਨਾਂ ਯੂਨੀਅਨਾਂ ਨੇ ਦੁਕਾਨਦਾਰਾਂ ਦੇ ਹੱਕ ’ਚ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ। ਕਿਸਾਨਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹ ਰਹੀ ਹੈ ਅਤੇ ਆਮ ਦੁਕਾਨਾਂ ਜਬਰੀ ਬੰਦ ਕਰਵਾ ਰਹੀ ਹੈ। ਦੁਕਾਨਦਾਰਾਂ ਵੱਲੋਂ ਪੁਲੀਸ ਦੇ ਡਰੋਂ ਜਥੇਬੰਦੀ ਦੇ ਸੱਦੇ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ। ਨਵੇਂ ਆਏ ਥਾਣਾ ਸਦਰ ਦੇ ਮੁੱਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਅਤੇ ਸਿਟੀ ਇੰਚਾਰਜ ਬਿਕਰਮਜੀਤ ਸਿੰਘ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਆਕੇ ਦੁਕਾਨਦਾਰਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀਆਂ ਫੋਟੋ ਕਾਪੀਆਂ ਵੰਡੀਆਂ ਅਤੇ ਦੁਕਾਨਦਾਰਾਂ ਨੂੰ ਕੋਵਿਡ ਦੀ ਮਹਾਂਮਾਰੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਲੌਕਡਾਊਨ ਦਾ ਵਿਰੋਧ ਕਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਥੇ ਦੁਕਾਨਦਾਰਾਂ ਦੇ ਹੱਕ ਵਿੱਚ ਰੈਲੀ ਅਤੇ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਅਜੈਬ ਸਿੰਘ ਲੱਖੇਵਾਲ, ਹਰਜਿੰਦਰ ਸਿੰਘ ਘਰਾਚੋਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਰਣਧੀਰ ਸਿੰਘ ਭੱਟੀਵਾਲ, ਭਰਭੂਰ ਸਿੰਘ ਮਾਝੀ ਅਤੇ ਕੁਲਵਿੰਦਰ ਬੇਗਮ ਭੜੋ ਨੇ ਕਿਹਾ ਕਿ ਸਰਕਾਰ ਕਰੋਨਾ ਵਾਇਰਸ ਦੇ ਓਹਲੇ ਹੇਠ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਕਾਰੋਬਾਰ ਠੱਪ ਕਰਨਾ ਚਾਹੁੰਦੀ ਹੈ। ਰੈਲੀ ਵਿੱਚ ਦੁਕਾਨਦਾਰਾਂ ਵੀ ਹਾਜਰ ਸਨ ।

ਬਠਿੰਡਾ(ਸ਼ਗਨ ਕਟਾਰੀਆ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨ ਅਤੇ ਭਰਾਤਰੀ ਸੰਗਠਨ ਅੱਜ ਦੁਕਾਨਦਾਰਾਂ ਦੇ ਹੱਕ ’ਚ ਸੜਕਾਂ ’ਤੇ ਨਿੱਤਰੇ। ਉਨ੍ਹਾਂ ਬਾਜ਼ਾਰਾਂ ’ਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਕਾਰੋਬਾਰੀ ਅਦਾਰੇ ਖੋਲ੍ਹਣ ਦੀ ਅਪੀਲ ਕੀਤੀ ਪਰ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਦੁਕਾਨਦਾਰਾਂ ਨੇ ਅਪੀਲ ਨੂੰ ਹੁੰਗਾਰਾ ਨਹੀਂ ਭਰਿਆ। ਮੰਨਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਸਵੇਰੇ ਕੀਤਾ ਰੋਡ ਸ਼ੋਅ ਲੋਕ ਮਨਾਂ ਵਿਚ ਭੈਅ ਪੈਦਾ ਕਰ ਗਿਆ। ਮਾਰਚ ਕਰ ਰਹੇ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਲੌਕਡਾਊਨ ਨੇ ਦੁਕਾਨਦਾਰਾਂ ਦਾ ਰੁਜ਼ਗਾਰ ਖੋਹ ਲਿਆ ਹੈ।

ਭਦੌੜ(ਰਾਜਿੰਦਰ ਵਰਮਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਕਡਾਊਨ ਦੇ ਵਿਰੋਧ ਦੇ ਸੱਦੇ ’ਤੇ ਅੱਜ ਇੱਥੇ ਕਿਸਾਨ ਜਥੇਬੰਦੀਆਂ ਨੇ ਸ਼ਹਿਰ ਵਿਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਕਿਹਾ ਪਰ ਵਪਾਰੀਆਂ ਨੇ ਦੁਕਾਨਾਂ ਨਾ ਖੋਲ੍ਹੀਆਂ। ਕਿਸਾਨਾਂ ਵੱਲੋਂ ਬਰਨਾਲਾ ਬਾਜਾਖਾਨਾ ਮੁੱਖ ਮਾਰਗ ਤੇ ਧਰਨਾ ਦੇ ਕੇ ਆਪਣਾ ਰੋਸ ਪ੍ਰਗਟ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਹਰਦੀਪ ਸਿੰਘ ਟੱਲੇਵਾਲ, ਸੁਖਦੇਵ ਸਿੰਘ ਭੋਤਨਾ, ਕੁਲਵੰਤ ਸਿੰਘ ਮਾਨ, ਕਾਲਾ ਸਿੰਘ ਜੈਦ, ਗੁਰਮੇਲ ਭੁਟਾਲ, ਚਰਨੀ ਧਾਲੀਵਾਲ ਅਤੇ ਗੋਰਾ ਸਿੰਘ ਭਦੌੜ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਪਾਰੀਆਂ ਦੇ ਨਾਲ ਖੜੀਆਂ ਹਨ ਤੁਸੀਂ ਬੇਝਿਜਕ ਹੋ ਕੇ ਆਪਣਾ ਵਪਾਰ ਚਲਾਓ। ਦੁਕਾਨਦਾਰਾਂ ਨੇ ਭਾਵੇਂ ਦੁਕਾਨਾਂ ਤਾਂ ਨਹੀਂ ਖੋਲ੍ਹੀਆਂ ਪਰ ਬਹੁਤੇ ਦੁਕਾਨਦਾਰ ਧਰਨੇ ’ਤੇ ਪੁੱਜੇ ਹੋਏ ਸਨ। ਭਦੌੜ ਵਿਖੇ ਵੱਡੀ ਗਿਣਤੀ ਚ ਪੁਲੀਸ ਤਾਇਨਾਤ ਕੀਤੀ ਹੋਈ ਹੈ।

ਜੈਤੋ(ਸ਼ਗਨ ਕਟਾਰੀਆ): ਕਿਸਾਨ ਸੰਘਰਸ਼ ਮੋਰਚੇ ਦੇ ਸੱਦੇ ’ਤੇ 32 ਜਥੇਬੰਦੀਆਂ ’ਚੋਂ 4 ਨੇ ਇਕੱਠਿਆਂ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਹਮਖ਼ਿਆਲ ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ ਸੰਗਠਨਾਂ ਨਾਲ ਵੱਖਰੇ ਤੌਰ ’ਤੇ ਸ਼ਹਿਰ ਵਿਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਆਪਣੇ ਅਦਾਰੇ ਖੋਲ੍ਹਣ ਦੀ ਅਪੀਲ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਪ੍ਰਸ਼ਾਸਨ ਦੀ ਸਖ਼ਤੀ ਖ਼ਿਲਾਫ਼ ਕਿਸਾਨ ਜਥੇਬੰਦੀਆਂ ਢਾਲ ਬਣ ਕੇ ਉਨ੍ਹਾਂ ਦੇ ਅੱਗੇ ਖੜ੍ਹਨਗੀਆਂ ਅਤੇ ਤਾਲਾਬੰਦੀ ਦੀ ਪ੍ਰਵਾਹ ਕੀਤੇ ਬਗ਼ੈਰ ਆਪਣੀ ਰੋਟੀ-ਰੋਜ਼ੀ ਖ਼ਾਤਰ ਦੁਕਾਨਾਂ ਖੋਲ੍ਹਣ। ਪ੍ਰਸ਼ਾਸਨ ਤੋਂ ਖ਼ੌਫ਼ਜ਼ਦਾ ਦੁਕਾਨਦਾਰਾਂ ਵੱਲੋਂ ਆਪਣੀ ਹਮਾਇਤ ’ਤੇ ਨਿੱਤਰੇ ਪ੍ਰਦਰਸ਼ਨਕਾਰੀਆਂ ਨੂੰ ਹੁੰਗਾਰਾ ਨਾ ਭਰਿਆ। ਚਾਰ ਜਥੇਬੰਦੀਆਂ ਦੇ ਪ੍ਰਦਰਸ਼ਨ ਵਿਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਕਮੇਟੀ ਮੈਂਬਰ ਨਾਇਬ ਸਿੰਘ ਭਗਤੂਆਣਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਬਰਗਾੜੀ, ਬਲਾਕ ਜੈਤੋ ਦੇ ਪ੍ਰਧਾਨ ਗੋਰਾ ਸਿੰਘ ਮੱਤਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਅਜਿੱਤਗਿੱਲ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਜੈਤੋ, ਬਲਾਕ ਪ੍ਰਧਾਨ ਸ਼ਿੰਦਰਪਾਲ ਸਿੰਘ ਜੈਤੋ, ਕੇਵਲ ਸਿੰਘ ਜੈਤੋ, ਕਾਲਾ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ, ਬਲਰਾਜ ਸਿੰਘ ਗੁਰੂਸਰ ਸ਼ਾਮਲ ਸਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਾਰਚ ਵਿਚ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਬਰਾੜ ਰੋੜੀਕਪੂਰਾ, ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਰਵਿੰਦਰ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਗੁਰਪ੍ਰੀਤ ਸਿੰਘ ਰੋੜੀਕਪੂਰਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਸ਼ਾਮਲ ਸਨ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਥੇ ਜ਼ਿਲ੍ਹੇ ਵਿੱਚ 12 ਥਾਵਾਂ ਉੱਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਕਰੋਨਾ ਮਹਾਮਾਰੀ ਲੌਕਡਾਊਨ ਦੇ ਵਿਰੋਧ ਵਿੱਚ ਰੋਸ ਮਾਰਚ ਤੇ ਧਰਨਿਆਂ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ ਸ਼ਾਮ ਕਿਸਾਨ ਆਗੂਆਂ ਨੂੰ ਦਿੱਤੀ ਚਿਤਾਵਨੀ ਦਾ ਅਸਰ ਭਾਵੇਂ ਕਿਸਾਨਾਂ ’ਤੇ ਨਹੀਂ ਹੋਇਆ ਪਰ ਦੁਕਾਨਦਾਰਾਂ ’ਤੇ ਅਸਰ ਦੇਖਣ ਨੂੰ ਮਿਲਿਆ। ਉਨ੍ਹਾਂ ਦੁਕਾਨਾਂ ਖੋਲ੍ਹਣ ਤੋਂ ਗੁਰੇਜ਼ ਕੀਤਾ। ਦੂਜੇ ਪਾਸੇ ਪੁਲੀਸ ਵੱਲੋਂ ਵੀ ਅੱਜ ਸਖ਼ਤੀ ਨਜ਼ਰ ਆਈ ਤੇ ਗਸ਼ਤ ਵੀ ਜਾਰੀ ਰਹੀ ਹੈ। ਬੀਕੇਯੂ ਏਕਤਾ ਉਗਰਾਹਾਂ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਦੀ ਅਗਵਾਈ ਹੇਠ ਸ਼ਹਿਰ ਅੰਦਰ ਰੋਸ ਮਾਰਚ ਬਾਅਦ ਮੁੱਖ ਚੌਕ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀ ਆਗੂ ਸੁਖਦੇਵ ਕੋਕਰੀ ਤੇ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ। ਇਥੇ ਨੇਚਰ ਪਾਰਕ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਗੂ ਪਰਮਿੰਦਰ ਸਿੰਘ ਬਰਾੜ,ਸੂਬਾ ਸਿੰਘ ਡਗਰੂ,ਲੋਕ ਸੰਗਰਾਮ ਮੰਚ ਸੁਬਾਈ ਪ੍ਰਧਾਨ ਤਾਰਾ ਸਿੰਘ ਦੀ ਅਗਵਾਈ ਹੇਠ ਤਾਲਾਬੰਦੀ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ।

ਮਜੀਠਾ(ਰਾਜਨ ਮਾਨ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਦੁਕਾਨਦਾਰਾਂ ਦੇ ਹੱਕ ਵਿੱਚ ਸੜਕਾਂ 'ਤੇ ਆ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਨਰਲ ਸਕੱਤਰ ਜਗਪ੍ਰੀਤ ਸਿੰਘ ਕੋਟਲਾ ਗੁੱਜਰਾਂ ਦੀ ਅਗਵਾਈ ਵਿੱਚ ਕੱਢੇ ਗਏ ਮਾਰਚ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਜਗਪ੍ਰੀਤ ਕੋਟਲਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿੱਚ ਸਿਆਸੀ ਲੌਕਡਾਊਨ ਲਾਕੇ ਕਿਸਾਨ, ਮਜ਼ਦੂਰ, ਦੁਕਾਨਦਾਰ ਨੂੰ ਰੋਟੀ ਤੋਂ ਵੀ ਆਤਰ ਕਰ ਰਹੀ ਹੈ। ਇਸ ਮੌਕੇ ਕਾਰਜ ਸਿੰਘ ਤੇ ਪਲਵਿੰਦਰ ਸਿੰਘ ਜੇਠੂਨੰਗਲ ਅਤੇ ਰਛਪਾਲ ਸਿੰਘ ਟਰਪਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸੰਬੋਧਨ ਕੀਤਾ। ਇਸ ਮੌਕੇ ਹਰਦੇਵ ਸਿੰਘ ਵੀਰਮ, ਬਲਦੇਵ ਸਿੰਘ ਵਡਾਲਾ, ਗੁਪਾਲ ਸਿੰਘ ਸੋਹੀਆਂ, ਸਰਵਨ ਸਿੰਘ, ਹਰਪਾਲ ਸਿੰਘ ਕੋਟਲਾ ਗੁੱਜਰਾਂ, ਸਾਹਿਬ ਸਿੰਘ, ਕੁਲਜੀਤ ਸਿੰਘ ਮਜੀਠਾ, ਰੋਬਨ ਸਿੰਘ, ਨਵਦੀਪ ਸਿੰਘ ਡੱਡੀਆ, ਕੁਲਵਿੰਦਰ ਸਿੰਘ ਵੇਗੇਵਾਲ, ਰੂਪ ਸਿੰਘ ਵਡਾਲਾ ਹਾਜ਼ਰ ਸਨ।

ਜਲੰਧਰ(ਪਾਲ ਸਿੰਘ ਨੌਲੀ): ਸਯੁੰਕਤ ਕਿਸਾਨ ਮੋਰਚੇ ਵੱਲੋਂ ਲੌਕਡਾਊਨ ਵਿੱਚ ਦੁਕਾਨਾਂ ਖੋਲ੍ਹਣ ਦੇ ਸੱਦੇ ਦੌਰਾਨ ਅੱਜ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਜ਼ਿਲ੍ਹੇ ਦੇ ਕਸਬਿਆਂ ਤੇ ਸ਼ਹਿਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਹੋਕਾ ਦਿੱਤਾ। ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਜੇ ਦੁਕਾਨਦਾਰਾਂ ਨਾਲ ਪੁਲੀਸ ਧੱਕੇਸ਼ਾਹੀ ਕਰੇਗੀ ਤਾਂ ਉਹ ਉਨ੍ਹਾਂ ਦੇ ਨਾਲ ਖੜਨਗੇ ਤੇ ਡੱਟ ਕੇ ਸਾਥ ਦੇਣਗੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਦੋਆਬਾ,ਕੰਢੀ ਕਿਸਾਨ ਸੰਘਰਸ਼ ਕਮੇਟੀ ਤੇ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਸਰਕਾਰ ਵੱਲੋਂ ਗੈਰਜ਼ਰੂਰੀ ਦੁਕਾਨਾਂ ਨਾ ਖੋਲ੍ਹਲਣ ਵਿਰੁੱਧ ਪ੍ਰਦਰਸ਼ਨ ਕੀਤਾ। ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ, ਮੁੱਖ ਬੁਲਾਰੇ ਕਸ਼ਮੀਰ ਸਿੰਘ ਤੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫਲਾ ਪਹਿਲਾਂ ਜੰਡੂ ਸਿੰਘ ਕਸਬੇ ਵਿੱਚ ਗਿਆ ਤੇ ਉਥੇ ਦੁਕਾਨਾਂ ਖੋਲ੍ਹਣ ਲਈ ਦੁਕਾਨਦਾਰਾਂ ਨੂੰ ਅਪੀਲ ਕੀਤੀ। ਜਲੰਧਰ ਸ਼ਹਿਰ ਵਿੱਚ ਭਗਵਾਨ ਵਾਲਮੀਕ ਚੌਕ ਵਿੱਚ ਆਏ ਕਿਸਾਨਾਂ ਨੇ ਸਪੀਕਰ ਰਾਹੀ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ। ਇਸ ਮੌਕੇ ਪੰਜਾਬ ਪੁਲੀਸ ਦੇ ਜਾਵਨ ਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਕਿਸਾਨਾਂ ਨੇ ਜੰਡਿਆਲਾ ਵਿੱਚ ਜਾ ਕੇ ਵੀ ਰੋਸ ਪ੍ਰਦਰਸ਼ਨ ਕੀਤਾ।ਇਸ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਲਾਕਡਾਊਨ ਤੋੜ ਕੇ ਦੁਕਾਨਾਂ ਖੋਲ੍ਹਣ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰਾਂ ਵੱਲੋਂ ਨੂਰਮਹਿਲ ਸ਼ਹਿਰ ’ਚ ਪ੍ਰਦਰਸ਼ਨ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ ਨੇ ਕਿਹਾ ਕਿ ਸਰਕਾਰ ਕਰੋਨਾ ਵਾਇਰਸ ਨਾਲ ਵਿਉਂਤਬੰਦ ਤਰੀਕੇ ਨਾਲ ਲੜਨ ’ਚ ਪੂਰੀ ਤਰ੍ਹਾਂ ਨਕਾਮ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਦੁਕਾਨਾਂ, ਜਿਮ, ਸਕੂਲ ਕਾਲਜ ਖੋਲ੍ਹੇ ਜਾਣ। ਉਨਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਕਨਵੀਨਰ ਤਰਪਰੀਤ ਸਿੰਘ ਉੱਪਲ, ਬੂਟਾ ਸਿੰਘ ਸ਼ਾਦੀਪੁਰ, ਗੁਰਨਾਮ ਸਿੰਘ ਤੱਗੜ, ਜਮਹੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਸਿੰਘ ਬਿਲਗਾ, ਪੇਂਡੂ ਮਜ਼ਦੂਰ ਯੂਨੀਅਨ ਦੇ ਚੰਨਣ ਸਿੰਘ ਨੇ ਸੰਬੋਧਨ ਕੀਤਾ।

ਚੀਮਾ ਮੰਡੀ(ਜਸਵੰਤ ਸਿੰਘ ਗਰੇਵਾਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋੋਂ ਜਬਰੀ ਲੌਕਡਾਊੂਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਤੇ ਕਸਬੇ ਦੇ ਮੁੱਖ ਬਜ਼ਾਰ ਵਿੱਚ ਧਰਨਾ ਵੀ ਦਿੱਤਾ ਗਿਆ। ਕਿਸਾਨ ਆਗੂਆਂ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਬੇਨਤੀ ਕੀਤੀ ਗਈ ਪਰ ਦੁਕਾਨਾਂ ਬੰਦ ਰਹੀਆਂ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਗੁਰਭਗਤ ਸਿੰਘ ਸ਼ਾਹਪੁਰ,ਅਜਾਇਬ ਸਿੰਘ ਜਖੇਪਲ,ਗੁਰਮੇਲ ਸਿੰਘ ਸ਼ਾਹਪੁਰ,ਦਰਸ਼ਨ ਸਿੰਘ ਤੋਲਾਵਾਲ ਤੇ ਮਨਜੀਤ ਕੌਰ ਨੇ ਸੰਬੋਧਨ ਕੀਤਾ।

ਗੁਰੂਹਰਸਹਾਏ(ਅਸ਼ੋਕ ਸੀਕਰੀ): ਅੱਜ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਗੁਰੂਹਰਸਹਾਏ ਵਿੱਚ ਦੁਕਾਨਾਂ ਖੁੱਲ੍ਹਵਾਈਆਂ ਗਈਆਂ ਅਤੇ ਸ਼ਹਿਰ ਵਿੱਚ ਲੌਕਡਾਊਨ ਵਿਰੁਧ ਪ੍ਰਦਰਸ਼ਨ ਵੀ ਕੀਤਾ ਗਿਆ। ਯੂਨੀਅਨ ਦੇ ਪ੍ਰੈਸ ਸਕੱਤਰ ਪ੍ਰਗਟ ਸਿੱਧੂ ਛੋਟਾ ਜੰਡ ਵਾਲਾ ਨੇ ਦੱਸਿਆ ਕਿ ਸੰਯੁਕਤ ਮੋਰਚੇ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਅੱਜ ਬੀਕੇਯੂ ਸਿੱਧੂਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬੀਕੇਯੂ ਲੱਖੋਵਾਲ ਅਤੇ ਕ੍ਰਾਂਤੀਕਾਰੀ ਜਥੇਬੰਦੀਆਂ ਵਲੋਂ ਗੁਰੂਹਰਸਹਾਏ ਵਿੱਚ ਦੁਕਾਨਾਂ ਖੁੱਲ੍ਹਵਾਈਆਂ ਗਈਆਂ। ਇਸ ਪ੍ਰਦਰਸ਼ਨ ਵਿੱਚ ਪਿੰਡ ਛੋਟਾ ਜੰਡ ਵਾਲਾ, ਰੱਤੇਵਾਲਾ, ਸਰੂਪੇ ਵਾਲਾ, ਗਹਿਰੀ ਅਤੇ ਜੰਡ ਵਾਲਾ ਆਦਿ ਪਿੰਡਾਂ ਦੇ ਕਿਸਾਨ ਆਗੂ ਅਤੇ ਬੀਕੇਯੂ ਸਿੱਧੂਪੁਰ ਦੇ ਮੀਤ ਪ੍ਰਧਾਨ ਸਵਰਨ ਸਿੰਘ ਮੋਠਾਵਾਲਾ ਕ੍ਰਾਂਤੀਕਾਰੀ ਪ੍ਰਧਾਨ ਦੇਸ ਰਾਜ, ਬੀਕੇਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਮੋਠਾਵਾਲਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਧਰਮ ਸਿੰਘ ਸਿੱਧੂ ਸ਼ਾਮਲ ਹੋਏ। ਇਸ ਮੌਕੇ ਤੇ ਭਾਕਿਯੂ ਡਕੌਂਦਾ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਹਿਰੀ, ਸਕੱਤਰ ਇਕਬਾਲ ਸਿੰਘ ਜੰਡਵਾਲਾ, ਖਜ਼ਾਨਚੀ ਗੁਰਪ੍ਰੀਤ ਸਿੰਘ ਰੱਤੇਵਾਲਾ, ਪਿੰਡ ਇਕਾਈ ਪ੍ਰਧਾਨ ਬਲਕਾਰ ਸਨ ਸਰੂਪੇ ਵਾਲਾ, ਦਵਿੰਦਰ ਸਿੰਘ ਛੋਟਾ ਜੰਡਵਾਲਾ,ਭਾਕਿਯੂ ਸਿੱਧੂਪੁਰ ਦੇ ਮੀਤ ਪ੍ਰਧਾਨ ਸਵਰਨ ਸਿੰਘ ਮੋਠਾ ਵਾਲਾ,ਜਸਮੇਲ ਸਿੰਘ ਮੋਠਾ ਵਾਲਾ, ਸੁਖਜਿੰਦਰ ਬਰਾੜ ਝਾੜੀ ਵਾਲਾ,ਕ੍ਰਾਂਤੀਕਾਰੀ ਬੂਟਾ ਸਿੰਘ ਹਾਜ਼ਰ ਰਹੇ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All