ਪੱਤਰ ਪ੍ਰੇਰਕ
ਬਠਿੰਡਾ, 20 ਸਤੰਬਰ
ਬਠਿੰਡਾ ਦੇ ਇੱਕ ਗੁਰਦੁਆਰੇ ’ਚ ਅੱਜ ਗ੍ਰੰਥੀ ਸਿੰਘਾਂ ਵੱਲੋਂ ਸਿੱਖ ਮਰਿਆਦਾ ਦੇ ਉਲਟ ਦੋ ਲੜਕੀਆਂ ਦਾ ਅਨੰਦ ਕਾਰਜ ਕਰਵਾਉਣ ਦਾ ਮਾਮਲਾ ਭਖ ਗਿਆ ਹੈ। ਵਿਆਹ ਕਰਵਾਉਣ ਵਾਲੀਆਂ ਲੜਕੀਆਂ ਮਾਨਸਾ ਤੇ ਬਠਿੰਡਾ ਦੀਆਂ ਦੱਸੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਪਰਿਵਾਰ ਵੀ ਉਥੇ ਪੁੱਜੇ ਹੋਏ ਸਨ। ਮਾਮਲੇ ਦੀ ਭਿਣਕ ਪੈਂਦਿਆਂ ਹੀ ਸਿੱਖ ਜਥੇਬੰਦੀਆਂ ਮੌਕੇ ’ਤੇ ਪੁੱਜ ਗਈਆਂ ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਵੀ ਪਹੁੰਚ ਗਈ ਸੀ। ਇਹ ਮਾਮਲਾ ਹੁਣ ਤਖ਼ਤ ਦਮਦਮਾ ਸਾਹਿਬ ਪਹੁੰਚ ਗਿਆ ਹੈ। ਇਹ ਮਾਮਲਾ ਬਠਿੰਡਾ ਦੇ ਗੁਰਦੁਆਰਾ ਗੁਰੂ ਸ੍ਰੀ ਕਲਗੀਧਰ ਸਾਹਿਬ ਦਾ ਹੈ, ਜਿੱਥੇ ਕੁੜੀਆਂ ਨੇ ਅਦਾਲਤ ਦਾ ਹਵਾਲਾ ਦਿੰਦੇ ਹੋਏ ਆਪਸ ਵਿੱਚ ਵਿਆਹ ਕਰਵਾਇਆ ਹੈ। ਇਸ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਹਰਦੇਵ ਸਿੰਘ ਤੇ ਅਜਾਇਬ ਸਿੰਘ ਨੂੰ ਤਲਬ ਕੀਤਾ ਹੈ। ਹਾਲਾਂਕਿ ਗ੍ਰੰਥੀ ਸਿੰਘਾਂ ਨੇ ਇਸ ਸਬੰਧੀ ਮੁਆਫ਼ੀ ਵੀ ਮੰਗੀ ਹੈ। ਗੌਰਤਲਬ ਹੈ ਵਿਆਹ ਕਰਵਾਉਣ ਵਾਲੀਆਂ ਲੜਕੀਆਂ ਗ਼ੈਰ ਸਿੱਖ ਹਨ ਤੇ ਇਹ ਮਾਮਲਾ ਧਾਰਮਿਕ ਹੋਣ ਕਾਰਨ ਗੁਰੂ ਘਰ ਦੀ ਕਮੇਟੀ ਨੇ ਦੋਵੇਂ ਗ੍ਰੰਥੀਆਂ ਨੂੰ ਹਟਾਉਣ ਦੀ ਗੱਲ ਕਹਿੰਦੇ ਹੋਏ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਜਾਂਚ ਕਮੇਟੀ ਬਣਾਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਪ੍ਰਚਾਰਕ ਨਿਰਭੈ ਸਿੰਘ ਤੇ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੀਤ ਮੈਨੇਜਰ ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਇਸ ਮਸਲੇ ਦੀ ਜਾਂਚ ਕਰ ਰਹੀ ਹੈ।