ਪਰਵਾਸੀ ਪੰਜਾਬੀ ਨੇ ਕਿਰਚ ਮਾਰ ਕੇ ਪਤਨੀ ਜ਼ਖ਼ਮੀ ਕੀਤੀ
ਪਿੰਡ ਡੇਹਰੀਵਾਲ ਦਰੋਗਾ ਵਿੱਚ ਪਰਵਾਸੀ ਪੰਜਾਬੀ ਨੇ ਕਿਰਚ ਮਾਰ ਕੇ ਆਪਣੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਥਾਣਾ ਧਾਰੀਵਾਲ ਦੀ ਪੁਲੀਸ ਨੇ ਪੀੜਤਾ ਦੇ ਪਤੀ ਸਣੇ ਸਹੁਰਾ ਪਰਿਵਾਰ ਦੇ ਪੰਜ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਜ਼ਖ਼ਮੀ ਕੰਵਲਜੀਤ ਕੌਰ ਨੂੰ ਉਸ ਦੇ ਪੇਕਾ ਪਰਿਵਾਰ ਨੇ ਇਲਾਜ ਲਈ ਗੁਰਦਾਸਪੁਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਜ਼ਖ਼ਮੀ ਔਰਤ ਦੀ ਮਾਤਾ ਕੁਲਵਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਉਸ ਦੀ ਧੀ ਦਾ ਵਿਆਹ ਕਰੀਬ 15 ਸਾਲ ਪਹਿਲਾਂ ਹਰਪ੍ਰੀਤ ਸਿੰਘ ਵਾਸੀ ਡੇਹਰੀਵਾਲ ਦਰੋਗਾ ਨਾਲ ਹੋਇਆ ਸੀ। ਹਰਪ੍ਰੀਤ ਸਿੰਘ ਵਿਦੇਸ਼ ਰਹਿੰਦਾ ਹੈ ਅਤੇ ਕੁੱਝ ਮਹੀਨਿਆਂ ਤੋਂ ਘਰ ਆਇਆ ਹੋਇਆ ਹੈ। ਕੰਵਲਜੀਤ ਦੇ ਪਤੀ ਹਰਪ੍ਰੀਤ ਸਿੰਘ ਨੇ ਆਪਣੀ ਮਾਤਾ ਦਲਬੀਰ ਕੌਰ, ਭਰਾ ਕੁਲਵਿੰਦਰ ਸਿੰਘ, ਭਰਜਾਈ ਸ਼ਰਨਜੀਤ ਕੌਰ, ਭਤੀਜਾ ਅਕਾਸ਼ਦੀਪ ਸਿੰਘ ਸਾਰੇ ਵਾਸੀ ਡੇਹਰੀਵਾਲ ਦਰੋਗਾ ਨਾਲ ਮਿਲੀਭੁਗਤ ਕਰ ਕੇ ਕਿਰਚ ਨਾਲ ਵਾਰ ਕਰ ਕੇ ਕੰਵਲਜੀਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਸਬੰਧੀ ਥਾਣਾ ਧਾਰੀਵਾਲ ਦੇ ਸਬ-ਇੰਸਪੈਕਟਰ ਸੁਲੱਖਣ ਰਾਮ ਨੇ ਦੱਸਿਆ ਨੇ ਕੰਵਲਜੀਤ ਕੌਰ ਦੇ ਪਤੀ ਹਰਪ੍ਰੀਤ ਸਿੰਘ, ਸੱਸ ਦਲਬੀਰ ਕੌਰ, ਜੇਠ ਕੁਲਵਿੰਦਰ ਸਿੰਘ, ਜਠਾਣੀ ਸ਼ਰਨਜੀਤ ਕੌਰ ਤੇ ਜੇਠ ਦੇ ਲੜਕੇ ਅਕਾਸ਼ਦੀਪ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਹਾਲੇ ਫ਼ਰਾਰ ਹਨ।
