Illegal sand mining: ਜਲਾਲਾਬਾਦ ’ਚ ਵਿਧਾਇਕ ਵੱਲੋਂ ਦੇਰ ਰਾਤ ਗੈਰ-ਕਾਨੂੰਨੀ ਮਾਈਨਿੰਗ ਵਾਲੀ ਥਾਂ ’ਤੇ ਛਾਪੇਮਾਰੀ; JCB ਅਤੇ ਟਰੈਕਟਰ-ਟਰਾਲੀਆਂ ਬਰਾਮਦ
‘ਆਪ’ ਵਿਧਾਇਕ ਗੋਲਡੀ ਕੰਬੋਜ ਨੇ ਅਕਾਲੀ ਦਲ ’ਤੇ ਲਾਏ ਗੈਰ-ਕਾਨੂੰਨੀ ਧੰਦੇ ਦੇ ਇਲਜ਼ਾਮ
ਜਲਾਲਾਬਾਦ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਪੁਲੀਸ ਟੀਮ ਨੂੰ ਨਾਲ ਲੈ ਕੇ ਦੇਰ ਰਾਤ ਪਿੰਡ ਤਾਰੇ ਵਾਲਾ ਨੇੜੇ ਚੱਲ ਰਹੇ ਗੈਰ-ਕਾਨੂੰਨੀ ਰੇਤ ਖਣਨ ਵਾਲੀ ਥਾਂ ’ਤੇ ਛਾਪੇਮਾਰੀ ਕੀਤੀ। ਵਿਧਾਇਕ ਨੇ ਦਾਅਵਾ ਕੀਤਾ ਕਿ ਇਸ ਕਾਰਵਾਈ ਨਾਲ ਇਲਾਕੇ ਵਿੱਚ ਸਰਗਰਮ ਗੈਰ-ਕਾਨੂੰਨੀ ਰੇਤ ਮਾਫ਼ੀਆ ਦੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ।
ਵਿਧਾਇਕ ਕੰਬੋਜ ਨੇ ਦੋਸ਼ ਲਾਇਆ ਕਿ ਇਹ ਗੈਰ-ਕਾਨੂੰਨੀ ਖੁਦਾਈ ਸ਼੍ਰੋਮਣੀ ਅਕਾਲੀ ਦਲ (ਸਦ) ਦੇ ਇੱਕ ਸਥਾਨਕ ਨੇਤਾ ਦੇ ਇਸ਼ਾਰੇ ’ਤੇ ਕੀਤੀ ਜਾ ਰਹੀ ਸੀ, ਜਿਨ੍ਹਾਂ ਦਾ ਨਾਂ ਮੌਕੇ ’ਤੇ ਮਿਲੀ ਜੇ.ਸੀ.ਬੀ. (JCB) ਮਸ਼ੀਨ ’ਤੇ ਵੀ ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਗੈਰ-ਕਾਨੂੰਨੀ ਮਾਈਨਿੰਗ ਲਈ ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਦੋਸ਼ ਲਾਏ ਜਾਂਦੇ ਹਨ, ਪਰ ਜਲਾਲਾਬਾਦ ਦੀ ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵਿੱਚ ਅਕਾਲੀ ਦਲ ਨਾਲ ਸਬੰਧਤ ਵਿਅਕਤੀ ਸ਼ਾਮਲ ਸਨ।
ਮਾਮਲੇ ਸੰਬੰਧੀ ਵੈਰੋਕੇ ਥਾਣੇ ਦੇ ਐੱਸ.ਐੱਚ.ਓ. ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਮੌਕੇ ਤੋਂ ਇੱਕ ਜੇ.ਸੀ.ਬੀ. ਮਸ਼ੀਨ, ਤਿੰਨ ਟਰੈਕਟਰ-ਟਰਾਲੀਆਂ ਅਤੇ ਇੱਕ ਕਾਰ ਜ਼ਬਤ ਕੀਤੀ ਗਈ ਹੈ। ਐੱਸ.ਐੱਚ.ਓ. ਅਨੁਸਾਰ ਪੁਲੀਸ ਟੀਮ ਨੂੰ ਆਉਂਦਿਆਂ ਦੇਖ ਕੇ ਖਣਨ ਵਿੱਚ ਲੱਗੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ।
ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਇੱਕ ਬਿਆਨ ਜਾਰੀ ਕਰਦਿਆਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹੇ ਵਿੱਚ ਰੇਤ ਖਣਨ ਦਾ ਕੰਮ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਹੀ ਚੱਲ ਰਿਹਾ ਹੈ ਅਤੇ ਵਿਧਾਇਕ ਵੱਲੋਂ ਕੀਤੀ ਗਈ ਇਹ ਛਾਪੇਮਾਰੀ ਮਹਿਜ਼ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਹੈ।

