ਨਾਜਾਇਜ਼ ਖਣਨ: ਪੁਲੀਸ ਵੱਲੋਂ ਠੇਕੇਦਾਰ ਰਾਕੇਸ਼ ਚੌਧਰੀ ਗ੍ਰਿਫ਼ਤਾਰ : The Tribune India

ਨਾਜਾਇਜ਼ ਖਣਨ: ਪੁਲੀਸ ਵੱਲੋਂ ਠੇਕੇਦਾਰ ਰਾਕੇਸ਼ ਚੌਧਰੀ ਗ੍ਰਿਫ਼ਤਾਰ

ਖਣਨ ਵਿਭਾਗ ਦੀ ਸ਼ਿਕਾਇਤ ’ਤੇ ਗ਼ੈਰਕਾਨੂੰਨੀ ਮਾਈਨਿੰਗ ਦਾ ਕੇਸ ਦਰਜ

ਨਾਜਾਇਜ਼ ਖਣਨ: ਪੁਲੀਸ ਵੱਲੋਂ ਠੇਕੇਦਾਰ ਰਾਕੇਸ਼ ਚੌਧਰੀ ਗ੍ਰਿਫ਼ਤਾਰ

ਖਣਨ ਠੇਕੇਦਾਰ ਰਾਕੇਸ਼ ਚੌਧਰੀ ਨੂੰ ਗ੍ਰਿਫਤਾਰ ਕਰਕੇ ਲਿਜਾਂਦੇ ਹੋਏ ਸੀ.ਆਈ.ਏ. ਸਟਾਫ ਰੂਪਨਗਰ ਦੇ ਇੰਚਾਰਜ ਸਤਨਾਮ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ। -ਫੋਟੋ: ਜਗਮੋਹਨ ਸਿੰਘ

ਚਰਨਜੀਤ ਭੁੱਲਰ/ਜਗਮੋਹਨ ਸਿੰਘ
ਚੰਡੀਗੜ੍ਹ/ਰੂਪਨਗਰ, 11 ਨਵੰਬਰ

ਰੋਪੜ ਪੁਲੀਸ ਨੇ ਅੱਜ ਠੇਕੇਦਾਰ ਰਾਕੇਸ਼ ਚੌਧਰੀ ਨੂੰ ਗ਼ੈਰਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਸਰਕਾਰ ਨੇ ਇਹ ਕਾਰਵਾਈ ਕਰਕੇ ਮਾਈਨਿੰਗ ਮਾਫ਼ੀਆ ਨੂੰ ਸਖ਼ਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰਾਕੇਸ਼ ਚੌਧਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੇ ਖਣਨ ਠੇਕੇਦਾਰ ਦੇ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ’ਚ ਸਥਿਤ ਦਫਤਰ ਤੋਂ ਕੰਪਿਊਟਰ, ਲੈਪਟਾਪ, ਰਸੀਦਾਂ ਤੇ ਹੋਰ ਬਹੁਤ ਸਾਰੀ ਸਮੱਗਰੀ ਕਬਜ਼ੇ ਵਿੱਚ ਲਈ ਹੈ। ਮਾਈਨਿੰਗ ਵਿਭਾਗ, ਨੰਗਲ ਦੇ ਐੱਸਡੀਓ ਨੇ ਰੋਪੜ ਪੁਲੀਸ ਨੂੰ ਇੱਕ ਨਵੰਬਰ ਨੂੰ ਸ਼ਿਕਾਇਤ ਭੇਜ ਦਿੱਤੀ ਸੀ ਅਤੇ ਰੋਪੜ ਪੁਲੀਸ ਨੇ 2 ਨਵੰਬਰ ਨੂੰ ਹੀ ਥਾਣਾ ਨੰਗਲ ਵਿੱਚ ਐੱਫਆਈਆਰ ਨੰਬਰ 150 ਦਰਜ ਕਰ ਲਈ ਸੀ ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰੀ ਦੇ ਨਜ਼ਰੀਏ ਤੋਂ ਗੁਪਤ ਰੱਖਿਆ ਹੋਇਆ ਸੀ। ਪੁਲੀਸ ਨੇ ਜੰਮੂ ਨਿਵਾਸੀ ਰਾਕੇਸ਼ ਚੌਧਰੀ ’ਤੇ ਧਾਰਾ 4(1) ਅਤੇ ਧਾਰਾ 21(1) ਆਫ਼ ਮਾਈਨਜ਼ ਐਂਡ ਮਿਨਰਲ ਐਕਟ 1957 ਅਤੇ ਧਾਰਾ 379 ਆਫ਼ ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਉਹ ਅੱਜ ਇੱਥੇ ਖਣਨ ਵਿਭਾਗ ਦੇ ਦਫਤਰ ਕਿਸੇ ਕੰਮ ਲਈ ਆਇਆ ਸੀ, ਜਿਸ ਦੌਰਾਨ ਸੂਹ ਮਿਲਣ ’ਤੇ ਪੁਲੀਸ ਵੱਲੋਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਬਾਗ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਗਿਆ।

ਐੱਫਆਈਆਰ ਅਨੁਸਾਰ ਮਾਈਨਿੰਗ ਵਿਭਾਗ ਵੱਲੋਂ ਰੋਪੜ ਜ਼ਿਲ੍ਹੇ ਦੀ ਸੈਸੋਂਵਾਲ ਸਾਈਟ ਡੀਸਿਲਟਿੰਗ ਲਈ ਠੇਕੇਦਾਰ ਰਾਕੇਸ਼ ਚੌਧਰੀ ਨੂੰ ਅਲਾਟ ਕੀਤੀ ਗਈ ਸੀ। ਹੁਣ ਮਹਿਕਮੇ ਨੇ ਪੜਤਾਲ ’ਚ ਪਾਇਆ ਕਿ ਠੇਕੇਦਾਰ ਚੌਧਰੀ ਨੇ ਇਸ ਸਾਈਟ ਤੋਂ 2,34,768 ਮੀਟਰਿਕ ਟਨ (ਐਮਟੀ) ਦੀ ਮਾਈਨਿੰਗ ਗ਼ੈਰਕਾਨੂੰਨੀ ਤੌਰ ’ਤੇ ਕੀਤੀ ਹੈ। ਰੋਪੜ ਜ਼ਿਲ੍ਹੇ ਦੇ ਐੱਸਐੱਸਪੀ ਸੰਦੀਪ ਗਰਗ ਨੇ ਕਿਹਾ ਕਿ ਖਣਨ ਮਹਿਕਮੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਸੀ ਕਿ ਰਾਕੇਸ਼ ਚੌਧਰੀ ਨੇ ਨੰਗਲ ਇਲਾਕੇ ਵਿੱਚ ਵੱਡੀ ਪੱਧਰ ’ਤੇ ਗ਼ੈਰਕਾਨੂੰਨੀ ਮਾਈਨਿੰਗ ਕੀਤੀ ਹੈ।

ਦੱਸਣਯੋਗ ਹੈ ਕਿ ਮਾਈਨਿੰਗ ਵਿਭਾਗ ਵੱਲੋਂ ਰਾਕੇਸ਼ ਚੌਧਰੀ ਨੂੰ 31 ਜੁਲਾਈ 2019 ਨੂੰ ਰੋਪੜ ਜ਼ਿਲ੍ਹੇ ਵਾਲਾ ਬਲਾਕ 1 ਅਲਾਟ ਕੀਤਾ ਗਿਆ ਸੀ ਅਤੇ ਉਸ ਨੂੰ ਸਾਲਾਨਾ 57.6 ਲੱਖ ਮੀਟਰਿਕ ਟਨ ਰੇਤਾ ਕੱਢਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਠੇੇਕੇਦਾਰ ਚੌਧਰੀ ਨੇ ਮਹਿਕਮੇ ਨੂੰ ਪਹਿਲੇ ਵਰ੍ਹੇ 49.84 ਕਰੋੜ ਦੇਣੇ ਸਨ ਪਰ ਇਸ ਬਦਲੇ 35.54 ਕਰੋੜ ਰੁਪਏ ਹੀ ਜਮ੍ਹਾਂ ਕਰਵਾਏ। ਦੂਜੇ ਸਾਲ ਠੇਕੇਦਾਰ ਚੌਧਰੀ ਨੇ 39.47 ਕਰੋੜ ਦੀ ਥਾਂ 33.35 ਕਰੋੜ ਰੁਪਏ ਦਿੱਤੇ ਜਦਕਿ ਤੀਜੇ ਵਰ੍ਹੇ ਹੁਣ ਤੱਕ 3.85 ਕਰੋੜ ਰੁਪਏ ਹੀ ਜਮ੍ਹਾਂ ਕਰਾਏ ਹਨ ਜੋ ਕਿ 11.55 ਕਰੋੜ ਬਣਦੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ 28 ਮਈ ਨੂੰ ਚੌਧਰੀ ਖ਼ਿਲਾਫ਼ ਭਰਤਗੜ੍ਹ ਪੁਲੀਸ ਚੌਕੀ ਅਧੀਨ ਪੈਂਦੇ ਪਿੰਡ ਆਸਪੁਰ ਕੋਟਬਾਲਾ ਡੀਸਿਲਟਿੰਗ ਸਾਈਟ ’ਤੇ ਨੁਕਸਦਾਰ ਕੰਡਾ ਲਗਾ ਕੇ ਖਣਨ ਸਮੱਗਰੀ ਦੇ ਭਰੇ ਟਿੱਪਰਾਂ ਦਾ ਸਹੀ ਵਜ਼ਨ ਨਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਪੁਲੀਸ ਚੌਕੀ ਕਲਵਾਂ ’ਚ ਵੀ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਪਰ ਇਸ ਕੇਸ ਵਿੱਚ ਵਧੀਕ ਸੈਸ਼ਨ ਜੱਜ ਰੂਪਨਗਰ ਬੀਐੱਸ ਰੋਮਾਣਾ ਦੀ ਅਦਾਲਤ ਨੇ 30 ਨਵੰਬਰ ਤੱਕ ਚੌਧਰੀ ਦੀ ‌ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਰਾਕੇਸ਼ ਚੌਧਰੀ ਨੂੰ ਜੁਲਾਈ 2019 ਵਿੱਚ ਰੂਪਨਗਰ ਜ਼ਿਲ੍ਹੇ ਦੇ ਬਲਾਕ ਨੰਬਰ 1 ਤੋਂ ਇਲਾਵਾ ਮੁਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਬਲਾਕ ਨੰਬਰ 7 ’ਚ ਮਾਈਨਿੰਗ ਲੀਜ਼ ਦੇ ਅਧਿਕਾਰ ਦਿੱਤੇ ਗਏ ਸਨ, ਜਿਨ੍ਹਾਂ ਦੀ ਮਿਆਦ ਕ੍ਰਮਵਾਰ 18 ਮਾਰਚ ਤੇ 31 ਜਨਵਰੀ ਨੂੰ ਸਮਾਪਤ ਹੋਣੀ ਸੀ।

ਖਣਨ ਮਾਫੀਆ ਖ਼ਿਲਾਫ਼ ਵੱਡੀ ਕਾਰਵਾਈ: ਬੈਂਸ

ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਟਵੀਟ ਕਰਕੇ ਕਿਹਾ, ‘ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਗ਼ੈਰ ਕਾਨੂੰਨੀ ਮਾਈਨਿੰਗ ਮਾਫ਼ੀਆ ’ਤੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਪਿਛਲੇ ਕਈ ਵਰ੍ਹਿਆਂ ਤੋਂ ਗ਼ੈਰਕਾਨੂੰਨੀ ਮਾਈਨਿੰਗ ਦੇ ਸਰਗਨਾ ਰਹੇ ਰਾਕੇਸ਼ ਚੌਧਰੀ ਨੂੰ ਰੋਪੜ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All