ਜਲ ਸਰੋਤ ਵਿਭਾਗ ਮੰਡਲ ਤਲਵਾੜਾ ਅਧੀਨ ਆਉਂਦੀ ਪੁਰਾਣੀ ਸ਼ਾਹ ਨਹਿਰ ਵਿੱਚੋਂ ਦਿਨ ਦਿਹਾੜੇ ਹੋ ਰਹੀ ਨਾਜਾਇਜ਼ ਖਣਨ ਦੀ ਵਾਈਰਲ ਵੀਡੀਓ ਨੇ ਨਹਿਰੀ ਅਤੇ ਖਣਨ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਨਿਯਮਾਂ ਅਨੁਸਾਰ ਬਰਸਾਤੀ ਮੌਸਮ ਵਿੱਚ ਖਣਨ ’ਤੇ ਮੁਕੰਮਲ ਰੋਕ ਹੁੰਦੀ ਹੈ, ਪਰ ਨਹਿਰੀ ਵਿਭਾਗ ਦੇ ਦਫ਼ਤਰ ਤੋਂ ਕੇਵਲ ਦੋ ਕਿਲੋਮੀਟਰ ਦੂਰ ਸ਼ਰ੍ਹੇਆਮ ਦਿਨ-ਦਿਹਾੜੇ ਹੋ ਰਿਹਾ ਨਾਜਾਇਜ਼ ਖਣਨ ਪ੍ਰਸ਼ਾਸਨਿਕ ਦਾਅਵਿਆਂ ਉੱਤੇ ਸਵਾਲ ਖੜ੍ਹੇ ਕਰ ਰਹੀ ਹੈ। ਸ਼ਾਹ ਨਹਿਰ ਮੁਲਾਜ਼ਮ ਦਲ ਦੇ ਆਗੂ ਪਹਿਲਾਂ ਹੀ ਦੋਸ਼ ਲਾ ਚੁੱਕੇ ਹਨ ਕਿ ਨਹਿਰੀ ਅਧਿਕਾਰੀ ਆਪਣੇ ਦਫ਼ਤਰੀ ਹੈਡਕੁਆਰਟਰ ਤੋਂ ਗਾਇਬ ਰਹਿੰਦਾ ਹੈ।
ਦੱਸਣਯੋਗ ਹੈ ਕਿ ਖਣਨ ਵਾਲਾ ਸਥਾਨ ਪੁਰਾਣੀ ਸ਼ਾਹ ਨਹਿਰ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਦਾਅਵੇ ਅਨੁਸਾਰ ਇਹ ਖਣਨ ਬੇਲਾ ਸਰਿਆਣਾ ਪੱਤੀ ਨਵੇਂ ਘਰਾਂ ਦੇ ਕਰੱਸ਼ਰ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਕੀਤੇ ਦਾਅਵੇ ਅਨੁਸਾਰ ਸਬੰਧਤ ਜਗ੍ਹਾ ਸ਼ਾਹ ਨਹਿਰ ਦੀ ਮਾਲਕੀ ਹੈ। ਇਹ ਪਿੰਡ ਢਾਡੇਕਟਵਾਲ ਅਤੇ ਗੇਰਾ ਦੀ ਸਾਂਝੀ ਹੱਦਬੰਦੀ ਹੈ ਅਤੇ ਪਿੰਡ ਉਲਾਹਾਂ ਪੰਚਾਇਤ ਦੇ ਘੇਰੇ ਵਿੱਚ ਆਉਂਦਾ ਹੈ।
ਇਹ ਵੀਡੀਓ ਆਪਣੇ ਫੇਸਬੁੱਕ ਪੇਜ਼ ਉੱਤੇ ਸਾਂਝੀ ਕਰਦਿਆਂ ‘ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੇ ਆਗੂ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਕਿ ਨਹਿਰੀ ਜ਼ਮੀਨ ਉੱਤੇ ਗ਼ੈਰ-ਕਨੂੰਨੀ ਖਣਨ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਵੀਡੀਓ ਬਣਾਉਣ ਵਾਲੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਹਿਰੀ ਖੇਤਰ ਵਿੱਚੋਂ ਖਣਨ ਸਮੱਗਰੀ ਕੱਢਣ ਲਈ ਕਰੱਸ਼ਰ ਮਾਲਕਾਂ ਵੱਲੋਂ ਪੱਥਰਾਂ ਦਾ ਪੱਕਾ ਰਸਤਾ ਬਣਾਇਆ ਹੋਇਆ ਹੈ। ਉਹ ਨਹਿਰੀ ਅਧਿਕਾਰੀਆਂ, ਪੁਲੀਸ ਤੇ ਸਿਵਲ ਪ੍ਰਸਾਸ਼ਨ ਨੂੰ ਇਸ ਬਾਰੇ ਲਿਖਤੀ ਜਾਣੂ ਕਰਵਾ ਚੁੱਕੇ ਹਨ, ਪਰ ਸਭ ਚੁੱਪ ਹਨ। ਧਰਮਿੰਦਰ ਸਿੰਘ ਨੇ ਕਿਹਾ ਕਿ ਹੰਦਵਾਲ, ਢਾਡੇਕਟਵਾਲ, ਗੇਰਾ, ਨਵੇਂ ਘਰਾਂ ਸਣੇ ਤਲਵਾੜਾ ਉਪ ਮੰਡਲ ਦੀ ਸਮੁੱਚੀ ਜ਼ਮੀਨ ਉੱਤੇ ਖਣਨ ਮਾਫੀਆ ਵੱਲੋਂ ਲੰਮੇ ਸਮੇਂ ਤੋਂ ਸ਼ਰ੍ਹੇਆਮ ਖਣਨ ਕੀਤਾ ਜਾਂਦਾ ਹੈ, ਪਰ ਨਹਿਰੀ ਅਧਿਕਾਰੀ ਕੇਵਲ ਨੋਟਿਸ ਕੱਢਣ ਤੱਕ ਹੀ ਸੀਮਤ ਹਨ। ਇਹ ਮਾਮਲਾ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਰੱਸ਼ਰ ਮਾਲਕਾਂ ਦੇ ਸਿਆਸੀ ਧਿਰਾਂ ਨਾਲ ਕਥਿਤ ਗੱਠਜੋੜ ਦੇ ਚੱਲਦਿਆਂ ਨਹਿਰੀ ਵਿਭਾਗ ਦੇ ਕੁਝ ਅਧਿਕਾਰੀ ਲੰਮੇ ਸਮੇਂ ਤੋਂ ਇੱਥੇ ਤਾਇਨਾਤ ਹਨ ਅਤੇ ਵਿਭਾਗੀ ਜਾਇਦਾਦਾਂ ਤਬਾਹ ਕਰਨ ਵਿੱਚ ਲੱਗੇ ਹੋਏ ਹਨ।
ਘਟਨਾ ਸਥਾਨ ’ਤੇ ਕੋਈ ਮਸ਼ੀਨਰੀ ਨਹੀਂ ਮਿਲੀ: ਅਧਿਕਾਰੀ
ਨਹਿਰੀ ਵਿਭਾਗ ਦੇ ਐਕਸੀਅਨ ਦਿਨੇਸ਼ ਕੁਮਾਰ ਨਾਲ ਇਸ ਸਬੰਧੀ ਪੱਖ ਜਾਣਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਨਿਗਰਾਨ ਇੰਜਨੀਅਰ ਵਿਜੇ ਗਿੱਲ ਨੂੰ ਵਟਸਐਪ ਰਾਹੀਂ ਫੋਨ ਸੁਨੇਹਾ ਭੇਜਿਆ ਗਿਆ ਪਰ ਉਨ੍ਹਾਂ ਵੀ ਜਵਾਬ ਨਹੀਂ ਦਿੱਤਾ। ਐੱਸ ਡੀ ਓ ਖਣਨ ਹਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਵਾਇਰਲ ਵੀਡੀਓ ਉਪਰੰਤ ਉਹ ਘਟਨਾ ਸਥਾਨ ’ਤੇ ਪੁੱਜੇ ਸਨ, ਪਰ ਉੱਥੇ ਕੋਈ ਮਸ਼ੀਨਰੀ ਨਹੀਂ ਮਿਲੀ। ਵੀਡੀਓ ਵਿੱਚ ਦਾਅਵੇ ਅਨੁਸਾਰ ਸਬੰਧਤ ਕਰੱਸ਼ਰ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਪਣੀ ਜਾਇਦਾਦ ਦੀ ਰਾਖੀ ਲਈ ਠੋਸ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਵਲੋਂ ਮਸ਼ੀਨਰੀ ਦੀ ਸ਼ਨਾਖ਼ਤ ਕਰਨ ਉਪਰੰਤ ਮਾਲਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

