DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Illegal Vehicles Punjab: ਜੁਗਾੜੂ ਵਾਹਨਾਂ ’ਤੇ ਸਖ਼ਤ ਕਾਰਵਾਈ ਦੀ ਮੰਗ

ਆਰਟੀਆਈ ’ਚ ਬਠਿੰਡਾ ਪੁਲੀਸ ਵੱਲੋਂ 12 ਸਾਲਾਂ ਦੌਰਾਨ ਸਿਰਫ 14 ਵਾਹਨ ਜ਼ਬਤ ਕਰਨ ਦਾ ਖੁਲਾਸਾ; ਹਾਈਕੋਰਟ ਦੇ ਫ਼ੈਸਲਿਆਂ ਦੇ ਬਾਵਜੂਦ ਕਾਰਵਾਈ ਨਾ ਹੋਣ ’ਤੇ ਉੱਠੇ ਸਵਾਲ

  • fb
  • twitter
  • whatsapp
  • whatsapp
Advertisement

ਬਠਿੰਡਾ ਸਮੇਤ ਪੰਜਾਬ ਭਰ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਜੁਗਾੜੂ ਵਾਹਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੂੰ ਲੈ ਕੇ ਆਰਟੀਆਈ ਐਕਟਿਵਿਸਟ ਅਤੇ ‘ਗ੍ਰਾਹਕ ਜਾਗੋ’ ਦੇ ਸਕੱਤਰ ਸੰਜੀਵ ਗੋਇਲ ਨੇ ਪੁਲੀਸ ਅਤੇ ਟਰੈਫ਼ਿਕ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੜਕਾਂ, ਚੌਕਾਂ, ਚੌਰਾਹਿਆਂ ਅਤੇ ਕੌਮੀ ਮਾਰਗਾਂ ’ਤੇ ਪੁਲੀਸ ਦੀ ਮੌਜੂਦਗੀ ਦੇ ਬਾਵਜੂਦ ਇਹ ਵਾਹਨ ਖੁੱਲ੍ਹੇਆਮ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਪਰ ਇਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ।

ਸੰਜੀਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਟਰੈਫ਼ਿਕ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਇਸ ਸਬੰਧੀ ਰਿਪੋਰਟ ਵਧੀਕ ਪੁਲੀਸ ਮਹਾ ਨਿਰਦੇਸ਼ਕ (ਟਰੈਫ਼ਿਕ) ਨੂੰ ਵੀ ਭੇਜੀ ਗਈ ਸੀ। ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਠੋਸ ਕਾਰਵਾਈ ਨਹੀਂ ਹੋਈ, ਜਿਸ ਕਾਰਨ ਅੱਜ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਅਤੇ ਸੜਕਾਂ ’ਤੇ ਜੁਗਾੜੂ ਵਾਹਨਾਂ ਦੀ ਭਰਮਾਰ ਹੈ।

Advertisement

ਉਨ੍ਹਾਂ ਕਿਹਾ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2014 ਤੋਂ 2025 ਤੱਕ ਬਠਿੰਡਾ ਪੁਲੀਸ ਵੱਲੋਂ ਸਿਰਫ 14 ਜੁਗਾੜੂ ਵਾਹਨ ਹੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੇ ਅਨੁਸਾਰ ਇਹ ਗਿਣਤੀ ਬਹੁਤ ਘੱਟ ਹੈ, ਜਦ ਕਿ ਅਜਿਹੇ ਵਾਹਨ ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ’ਤੇ ਚੱਲ ਰਹੇ ਹਨ।

Advertisement

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਪਣੇ ਫ਼ੈਸਲਿਆਂ ਵਿੱਚ ਬਿਨਾਂ ਰਜਿਸਟ੍ਰੇਸ਼ਨ ਅਤੇ ਸੁਰੱਖਿਆ ਮਾਪਦੰਡਾਂ ਤੋਂ ਰਹਿਤ ਜੁਗਾੜੂ ਵਾਹਨਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਚੁੱਕੀ ਹੈ। ਇਨ੍ਹਾਂ ਵਾਹਨਾਂ ਕੋਲ ਨਾ ਰਜਿਸਟਰੇਸ਼ਨ, ਨਾ ਫਿਟਨੈੱਸ ਸਰਟੀਫਿਕੇਟ, ਨਾ ਬੀਮਾ ਅਤੇ ਨਾ ਹੀ ਨਿਰਧਾਰਤ ਸੁਰੱਖਿਆ ਮਾਪਦੰਡ ਹੁੰਦੇ ਹਨ, ਜਿਸ ਕਾਰਨ ਇਹ ਸੜਕ ਸੁਰੱਖਿਆ ਲਈ ਵੱਡਾ ਖ਼ਤਰਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕਈ ਚਾਲਕ ਲਾਲ ਬੱਤੀ ਦੀ ਉਲੰਘਣਾ ਅਤੇ ਹੋਰ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।

ਉਨ੍ਹਾਂ ਪੰਜਾਬ ਪੁਲੀਸ ਅਤੇ ਟਰੈਫ਼ਿਕ ਵਿਭਾਗ ਨੂੰ ਅਪੀਲ ਕੀਤੀ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜੁਗਾੜੂ ਵਾਹਨਾਂ ਖ਼ਿਲਾਫ਼ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸੜਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਗੈਰ-ਕਾਨੂੰਨੀ ਵਾਹਨਾਂ ਦੀ ਵੱਧ ਰਹੀ ਗਿਣਤੀ ’ਤੇ ਰੋਕ ਲੱਗ ਸਕੇ।

Advertisement
×