ਇਫਟੂ ਨੇ ਨਵੇਂ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ
ਦਰਜਨਾਂ ਥਾਵਾਂ ’ਤੇ ਮੁਜ਼ਾਹਰੇ; ਮਜ਼ਦੂਰਾਂ ਦੇ ਹੱਕਾਂ ’ਤੇ ਹਮਲਾ ਕਰਾਰ
ਇਫਟੂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਲੇਬਰ ਕੋਡਾਂ ਵਿਰੁੱਧ ਅੱਜ ਪੰਜਾਬ ਵਿੱਚ ਦਰਜਨਾਂ ਥਾਵਾਂ ’ਤੇ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਇਫਟੂ ਵੱਲੋਂ ਲੇਬਰ ਕੋਡਾਂ ਦੀਆਂ ਕਾਪੀ ਸਾੜੀਆਂ ਗਈਆਂ ਹਨ। ਇਫਟੂ ਨੇ ਨਵਾਂਸ਼ਹਿਰ, ਗੁਰਦਾਸਪੁਰ, ਨੂਰਪੁਰ ਬੇਦੀ, ਮਲੋਟ ਅਤੇ ਚਮਕੌਰ ਸਾਹਿਬ ਸਣੇ ਹੋਰ ਕਈ ਥਾਵਾਂ ’ਤੇ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ। ਮੁਜ਼ਾਹਰਿਆਂ ਦੌਰਾਨ ਇਫਟੂ ਪੰਜਾਬ ਦੇ ਸੂਬਾ ਕਾਰਜਕਾਰੀ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਸੂਬਾ ਵਿੱਤ ਸਕੱਤਰ ਜੁਗਿੰਦਰਪਾਲ ਗੁਰਦਾਸਪੁਰ, ਸੂਬਾ ਕਮੇਟੀ ਮੈਂਬਰਾਂ ਰਮੇਸ਼ ਕੁਮਾਰ ਨੂਰਪੁਰ, ਜਗਸੀਰ, ਦਲੀਪ ਕੁਮਾਰ, ਮਲਾਗਰ ਸਿੰਘ ਖਮਾਣੋਂ ਤੇ ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਚਾਰ ਲੇਬਰ ਕੋਡਾਂ ਨੂੰ ਦੇਸ਼ ਦੇ ਮਜ਼ਦੂਰ ਵਰਗ ’ਤੇ ਮਾਰੂ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੋਡ ਮਜ਼ਦੂਰ ਜਮਾਤ ਕੋਲੋਂ ਉਸ ਦੇ ਬੁਨਿਆਦੀ ਅਧਿਕਾਰ ਖੋਹ ਲੈਣਗੇ, ਜੋ ਅਧਿਕਾਰ ਮਜ਼ਦੂਰਾਂ ਨੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ। ਕੋਡ ਮਜ਼ਦੂਰ ਜਮਾਤ ਕੋਲੋਂ ਉਸ ਦਾ ਯੂਨੀਅਨ ਬਣਾਉਣ ਦਾ ਅਧਿਕਾਰ ਅਤੇ ਹੜਤਾਲ ਕਾਰਨ ਦਾ ਅਧਿਕਾਰ ਵੀ ਖੋਹਦੇ ਹਨ। ਇਸ ਤੋਂ ਇਲਾਵਾ ਰੁਜ਼ਗਾਰ ਸੁਰੱਖਿਆ ਨੂੰ ਖ਼ਤਮ ਕਰਦਿਆਂ ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਦੇ ਹਨ। ਇਸ ਨਾਲ ਮਜ਼ਦੂਰਾਂ ਦੀ ਸੁਰੱਖਿਆ ਪ੍ਰਤੀ ਮਾਲਕਾਂ ਦੀ ਜਵਾਬਦੇਹੀ ਨੂੰ ਖ਼ਤਮ ਕੀਤਾ ਗਿਆ ਹੈ। ਇਹ ਕੋਡ ਕੱਚੇ ਤੇ ਆਊਟਸੋਰਸ ਵਰਕਰਾਂ ਦੇ ਹਿੱਤਾਂ ਉੱਤੇ ਵੀ ਹਮਲਾ ਹਨ। ਇਫਟੂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਲੇਬਰ ਕੋਡ ਮਜ਼ਦੂਰ ਪੱਖੀ ਹਨ, ਜਦ ਕਿ ਇਹ ਝੂਠਾ ਪ੍ਰਚਾਰ ਹੈ। ਜਥੇਬੰਦੀ ਵੱਲੋਂ ਭਵਿੱਖ ਵਿੱਚ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ।

