ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਬਠਿੰਡਾ, 12 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੇ ਪਿਤਾ ਤੇ ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਨਕਈ ਲਗਾਤਾਰ ਇਕ ਦਹਾਕੇ ਤੋਂ ਇਫ਼ਕੋ ਦੇ ਚੇਅਰਮੈਨ ਰਹੇ ਹਨ। ਇਸ ਅਦਾਰੇ ਦਾ ਸੰਸਾਰ ਭਰ ਵਿੱਚ ਨਾਂ ਬਣਾਉਣ ਲਈ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਇਫ਼ਕੋ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ ਸਹਿਕਾਰੀ ਅਦਾਰਾ ਮੰਨਿਆ ਜਾਂਦਾ ਹੈ, ਜੋ ਖੇਤੀ ਵਾਸਤੇ ਖਾਦਾਂ ਤੇ ਕੀਟਨਾਸ਼ਕ ਬਣਾਉਂਦਾ ਹੈ। ਉਹ ਇਫ਼ਕੋ ਤੋਂ ਇਲਾਵਾ ਕਰਿਭਕੋ, ਮਾਰਕਫੈੱਡ ਤੇ ਹੋਰ ਸਹਿਕਾਰੀ ਅਦਾਰਿਆਂ ਵਿੱਚ ਉੱਚ ਅਹੁਦਿਆਂ ’ਤੇ ਸੇਵਾਵਾਂ ਚੁੱਕੇ ਹਨ। ਰਾਮਪੁਰਾ ਫੂਲ ਵਿੱਚ ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਜਗਦੀਪ ਸਿੰਘ ਨਕਈ ਨੇ ਦਿਖਾਈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਫਕੋ ਦੇ ਸੀਈਓ ਯੂਐੱਸ ਅਵਸਥੀ ਨੇ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਨਕਈ ਨੇ ਹਮੇਸ਼ਾ ਕਿਸਾਨਾਂ ਦੀ ਤਰੱਕੀ ਲਈ ਕੰਮ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ, ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਇਫਕੋ ਦੇ ਸੂਬਾ ਮੈਨੇਜਰ ਬਹਾਦਰ ਸਿੰਘ, ਡਾਇਰੈਕਟਰ ਦੇਵ ਗੌੜਾ, ਆਈਪੀਐੱਲ ਦੇ ਰੀਜਨਲ ਮੈਨੇਜਰ ਰਾਹੁਲ ਚੌਹਾਨ ਅਤੇ ਹੋਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।