ਸਾਰੇ ਇਕਜੁੱਟ ਹੋਣ ਮੈਂ ਅਗਵਾਈ ਕਰਾਂਗਾ: ਅਮਰਿੰਦਰ ਸਿੰਘ

ਸਾਰੇ ਇਕਜੁੱਟ ਹੋਣ ਮੈਂ ਅਗਵਾਈ ਕਰਾਂਗਾ: ਅਮਰਿੰਦਰ ਸਿੰਘ

ਕਿਸਾਨੀ ਨੂੰ ਬਚਾਉਣ ਲਈ ਅਸੀਂ ਆਪਣੀ ਪੂਰੀ ਵਾਹ ਲਾ ਦੇਵਾਂਗੇ, ਕਿਉਂਕਿ ਤਜਵੀਜ਼ਤ ਖੇਤੀ ਕਾਨੂੰਨ ਪੰਜਾਬ ਦੀ ਜੀਵਨ ਰੇਖਾ ਨੂੰ ਤਬਾਹ ਕਰਨ ਵਾਲੇ ਹਨ। ਅਸੀਂ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਬਚਾਉਣ ਲਈ ਕਿਸਾਨਾਂ ਨਾਲ ਡਟ ਕੇ ਖੜਾਂਗੇ। ਕੇਂਦਰ ਸਰਕਾਰ ਇਹ ਬਿੱਲ ਲਿਆਉਣ ਲਈ ਇੰਨੇ ਨੀਵੇਂ ਪੱਧਰ ’ਤੇ ਚਲੀ ਗਈ, ਜੋ ਪੂਰੀ ਤਰ੍ਹਾਂ ਗੈਰਜਮਹੂਰੀ ਅਤੇ ਗੈਰ ਸੰਸਦੀ ਹੈ।

ਚਰਨਜੀਤ ਭੁੱਲਰ
ਚੰਡੀਗੜ੍ਹ, 24 ਸਤੰਬਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਬੰਦ’ ਤੋਂ ਐਨ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਨੂੰ ਖੇਤੀ ਬਿਲਾਂ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਲਈ ਇੱਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਸਾਨੀ ਹਿੱਤਾਂ ਖਾਤਰ ਸਿਆਸੀ ਪਾਰਟੀਆਂ ਨੂੰ ਸੌੜੇ ਸਿਆਸੀ ਮੁਫ਼ਾਦਾਂ ਤੋਂ ਉਪਰ ਉੱਠਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਖੇਤੀ ਬਿਲਾਂ ਖ਼ਿਲਾਫ਼ ਸਾਰੀਆਂ ਸਿਆਸੀ ਧਿਰਾਂ ਦੀ ਇੱਕ ਮੰਚ ਤੋਂ ਅਗਵਾਈ ਕਰਨ ਦੀ ਪੇਸ਼ਕਸ਼ ਵੀ ਕੀਤੀ।

ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਇਨ੍ਹਾਂ ਕਾਨੂੰਨਾਂ ਦੀ ਜ਼ੋਰਦਾਰ ਢੰਗ ਨਾਲ ਮੁਖ਼ਾਲਫ਼ਤ ਕਰੇਗੀ, ਕਿਉਂਕਿ ਇਹ ਕਾਨੂੰਨ ਨਾ ਸਿਰਫ਼ ਕਿਸਾਨਾਂ ਸਗੋਂ ਸਮੁੱਚੇ ਮੁਲਕ ਦੇ ਖ਼ਿਲਾਫ਼ ਭੁਗਤਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਦਲ ਦਿੱਤਾ ਹੈ, ਜੋ ਹੁਣ ਇਕ ਰਾਜਨੀਤਕ ਤਾਕਤ ਦੀ ਥਾਂ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਕੈਪਟਨ ਨੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਕੈਬਨਿਟ ਵਿੱਚੋਂ ਅਸਤੀਫ਼ੇ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲਾਂ ਨੇ ਪਾਰਟੀ ਨੂੰ ਅਗਵਾ ਕਰਦਿਆਂ ਆਪਣੇ ਨਿੱਜੀ ਹਿੱਤਾਂ ਤੇ ਫਾਇਦੇ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਕੁਰਬਾਨੀ ਦਾ ਅਰਥ ਵੀ ਨਹੀਂ ਪਤਾ। ਉਨ੍ਹਾਂ ਅਕਾਲੀ ਆਗੂ ਨੂੰ ਪੁੱਛਿਆ ਕਿ ਉਹ ਕਿਸਾਨ ਵਿਰੋਧੀ ਐੱਨਡੀਏ ਸਰਕਾਰ ਵਿੱਚ ਹੁਣ ਤੱਕ ਬੈਠੇ ਕੀ ਕਰ ਰਹੇ ਹਨ? ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦਾ ਦਾਅਵਾ ਕਿ ਜੇ ਲੋਕ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਂਦੇ ਹਨ ਤਾਂ ਉਹ ਕਿਸੇ ਕਾਰਪੋਰੇਟ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਣਗੇ, ਤੋਂ ਸਾਫ਼ ਹੈ ਕਿ ਸਾਰਾ ਕੁਝ ਸੱਤਾ ਹਾਸਲ ਕਰਨ ਵਾਸਤੇ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਉਦੋਂ ਯੂ-ਟਰਨ ਲਿਆ  ਜਦੋਂ ਉਨ੍ਹਾਂ ਦੀ ਪਾਰਟੀ ਨੂੰ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਪੂਰਨ ਤੌਰ ’ਤੇ ਅਲੋਪ ਹੋਣ ਦਾ ਖਤਰਾ ਹੋ ਗਿਆ ਸੀ।

‘ਪੰਜਾਬ ਬੰਦ ਦੌਰਾਨ ਕਿਸਾਨ ਅਮਨ ਕਾਨੂੰਨ ਦਾ ਖਿਆਲ ਰੱਖਣ’

ਚੰਡੀਗੜ੍ਹ(ਟਨਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਖੇਤੀ ਬਿਲਾਂ ਵਿਰੁੱਧ ਭਲਕ ਦੇ ‘ਪੰਜਾਬ ਬੰਦ’ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਅਤੇ ਕੋਵਿਡ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿਲਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਵਿੱਚ ਸਰਕਾਰ ਭਾਵੇਂ ਉਨ੍ਹਾਂ ਦੇ ਨਾਲ ਖੜ੍ਹੀ ਹੈ, ਪਰ ਇਸ ਦੌਰਾਨ ਅਮਨ ਕਾਨੂੰਨ ਦਾ ਖਿਆਲ ਰੱਖਿਆ ਜਾਵੇ। ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਧਾਰਾ 144 ਦੀ ਉਲੰਘਣਾ ਲਈ ਉਨ੍ਹਾਂ ਖਿਲਾਫ਼ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਜਾਵੇਗੀ, ਪਰ ਬੰਦ ਦੌਰਾਨ ਅਮਨ-ਕਾਨੂੰਨ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All