ਮੈਂ ਮੌਕਾਪ੍ਰਸਤ ਨਹੀਂ, ਵਫ਼ਾਦਾਰ ਹਾਂ: Raja Warring
Raja Warring vs Ravneet Bittu: ਸ਼ਬਦੀ ਜੰਗ ਤੋਂ ਬਾਅਦ ਵੜਿੰਗ ਨੇ ਰਵਨੀਤ ਬਿੱਟੂ ’ਤੇ ਨਿਸ਼ਾਨਾ ਸੇਧਿਆ; ਰਾਹੁਲ ਗਾਂਧੀ ਨਾਲ ਚੰਗੇ ਤੇ ਬੁਰੇ ਵੇਲੇ ਖੜ੍ਹਨ ਦਾ ਕੀਤਾ ਦਾਅਵਾ
Raja Warring vs Ravneet Bittu war of words: ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਇਸ ਮੁੱਦੇ ’ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅਤੇ ਰਾਜਾ ਵੜਿੰਗ ਆਹਮੋ-ਸਾਹਮਣੇ ਆ ਗਏ ਹਨ, ਜਿਸ ਦੌਰਾਨ ਦੋਵਾਂ ਨੇ ਇੱਕ-ਦੂਜੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।
ਕਾਂਗਰਸ ਵੱਲੋਂ ਰਾਜਾ ਵੜਿੰਗ ਨੂੰ ਬਦਲੇ ਜਾਣ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ 'ਐਕਸ' ਉੱਤੇ ਟਿੱਪਣੀ ਕਰਦਿਆਂ ਲਿਖਿਆ ਕਿ ਇਹ ਰਾਹੁਲ ਗਾਂਧੀ ਦੀ 'ਯੂਜ਼ ਐਂਡ ਥਰੋਅ' (Use and throw) ਨੀਤੀ ਹੈ। ਬਿੱਟੂ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਉਹ ਕੋਈ ਮੌਕਾਪ੍ਰਸਤ ਨਹੀਂ ਸਗੋਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ।
ਵੜਿੰਗ ਨੇ ਬਿੱਟੂ ਨੂੰ ਸਲਾਹ ਦਿੰਦਿਆਂ ਲਿਖਿਆ ਕਿ ਉਹ ਗਲਤ ਆਦਮੀ ਨਾਲ ਉਲਝ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਿਰਫ਼ ਉਨ੍ਹਾਂ ਦੇ ਹੀ ਨਹੀਂ ਬਲਕਿ ਇਸ ਦੇਸ਼ ਦੇ ਨੇਤਾ ਹਨ ਅਤੇ ਇਕੋ-ਇਕ ਅਜਿਹੇ ਇਨਸਾਨ ਹਨ ਜੋ ਉਮੀਦ ਦੀ ਕਿਰਨ ਜਗਾਉਂਦੇ ਹਨ। ਵੜਿੰਗ ਨੇ ਅੱਗੇ ਕਿਹਾ ਕਿ ਉਹ ਰਾਹੁਲ ਗਾਂਧੀ ਨਾਲ ਚੰਗੇ ਅਤੇ ਮਾੜੇ ਦੋਵਾਂ ਸਮਿਆਂ ਵਿੱਚ ਖੜ੍ਹੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਡਟ ਕੇ ਖੜ੍ਹੇ ਰਹਿਣਗੇ।
ਜ਼ਿਕਰਯੋਗ ਹੈ ਕਿ ਸੰਗਰੂਰ ਦੇ ਸਾਬਕਾ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਗ੍ਹਾ ਲੈਣ ਲਈ ਸਭ ਤੋਂ ਮੋਹਰੀ ਉਮੀਦਵਾਰ ਵਜੋਂ ਸਾਹਮਣੇ ਆਏ ਹਨ। ਵਿਜੈਇੰਦਰ ਸਿੰਗਲਾ ਦਾ ਨਾਂ ਸਭ ਤੋਂ ਅੱਗੇ ਆ ਰਿਹਾ ਹੈ ਅਤੇ ਪਾਰਟੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੰਗਲਾ ਪਹਿਲਾਂ ਵੀ ਰਾਜਾ ਵੜਿੰਗ ਦੀ ਥਾਂ ਲੈਣ ਲਈ ਪਾਰਟੀ ਦੀ ਪਹਿਲੀ ਪਸੰਦ ਸਨ ਪਰ ਪੰਜਾਬ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਕਾਰਨ ਇਸ ਫੈਸਲੇ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਕਿਸੇ ਹਿੰਦੂ ਆਗੂ ਨੂੰ ਸੂਬੇ ਦਾ ਮੁਖੀ ਬਣਾਉਣ ਨਾਲ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਕਈ ਜੱਟ ਸਿੱਖ ਆਗੂਆਂ ਨੂੰ ਸ਼ਾਂਤ ਕੀਤਾ ਜਾ ਸਕੇਗਾ।
ਇਸ ਤੋਂ ਇਲਾਵਾ ਕਾਂਗਰਸ ਪੰਜਾਬ ਵਿੱਚ ਕੇਰਲ ਦੀ ਰਣਨੀਤੀ ਨੂੰ ਅਪਣਾ ਸਕਦੀ ਹੈ ਜਿਸ ਵਿੱਚ ਸੂਬੇ ਦੀ ਵਾਗਡੋਰ ਸਥਾਨਕ ਆਗੂਆਂ ਦੇ ਹੱਥਾਂ ਵਿੱਚ ਦਿੱਤੀ ਜਾਵੇਗੀ ਅਤੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਪਿਛਲੇ ਪਾਸਿਓਂ ਮੁਹਿੰਮ ਦੀ ਅਗਵਾਈ ਕਰਨ ਲਈ ਕਿਹਾ ਜਾਵੇਗਾ। ਪੰਜਾਬ ਦੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਕੇਰਲ ਦੇ ਸੰਸਦ ਮੈਂਬਰਾਂ (ਜਿਵੇਂ ਕਿ ਕੇ.ਸੀ. ਵੇਣੂਗੋਪਾਲ) ਵਾਂਗ ਵਿਧਾਨ ਸਭਾ ਚੋਣਾਂ ਲੜਨ ਲਈ ਨਹੀਂ ਕਿਹਾ ਜਾਵੇਗਾ ਕਿਉਂਕਿ ਪਾਰਟੀ ਇੱਕ ਵੀ ਲੋਕ ਸਭਾ ਸੀਟ ਗੁਆਉਣ ਦਾ ਖ਼ਤਰਾ ਨਹੀਂ ਉਠਾ ਸਕਦੀ।

