ਇਥੇ ਪਿੰਡ ਤਖ਼ਤਪੂਰਾ ਵਿੱਚ ਮਾਘੀ ਮੌਕੇ ਸਿਆਸੀ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਿਥੇ ਵਿਰੋਧੀ ਧਿਰਾਂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ, ਉਥੇ ਮਿਸ਼ਨ 2027 ਲਈ ਪਾਰਟੀ ਦਾ ਵੀਜ਼ਨ ਸਾਂਝਾ ਕਰਦਿਆਂ ਐਲਾਨ ਕੀਤਾ ਕਿ ਅਕਾਲੀ ਸਰਕਾਰ ਆਉਣ ਉੱਤੇ ਮੁਫ਼ਤ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ ਤੇ ਰਾਜਸਥਾਨ ਨਹਿਰ ’ਚ ਪਾਣੀ ਬੰਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਮੈਨੂੰ ਝੂਠੇ ਕੇਸ ਵਿਚ ਫਸਾਉਣਾ ਚਾਹੁੰਦੀ ਹੈ ਪਰ ਮੈਂ ਗਿੱਦੜ ਭਬਕੀਆਂ ਤੋਂ ਨਹੀਂ ਡਰਦਾ। ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਸੰਵੇਦਨਸ਼ੀਲ ਮਾਮਲੇ ’ਤੇ ਅਕਾਲੀ ਦਲ ਦੀ ਬਦਨਾਮੀ ਕੀਤੀ, ਉਹ ਹੁਣ ਚੁੱਪ ਕਿਉਂ ਹਨ? ਸੂਬੇ ’ਚ 2014 ਵਿਚ ਆਮ ਆਦਮੀ ਪਾਰਟੀ (ਆਪ) ਦੀ ਆਮਦ ਤੋਂ ਬਾਅਦ 2015 ਤੋਂ ਬੇਅਦਬੀਆਂ ਹੋਈਆਂ। ਇਨ੍ਹਾਂ ਦਾ ਮਕਸਦ ਸਿੱਖ ਕੌਮ ਨੂੰ ਵੰਡਣਾ ਅਤੇ ਅਕਾਲੀ ਦਲ ਨੂੰ ਬਦਨਾਮ ਕਰਨਾ ਸੀ। ਪੰਜਾਬ ਦਾ ਦਰਿਆਈ ਪਾਣੀ ਗੈ਼ਰ ਕਾਨੂੰਨੀ ਤੌਰ ’ਤੇ ਰਾਜਸਥਾਨ ਜਾ ਰਿਹਾ ਹੈ। ਅਕਾਲੀ ਦਲ ਦੀ ਸਰਕਾਰ ਇਹ ਪਾਣੀ ਰੋਕੇਗੀ ਤੇ ਇਹ ਪਾਣੀ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚ ਭੇਜਿਆ ਜਾਵੇਗਾ। ‘ਆਪ’ ਸਰਕਾਰ ਵੱਲੋਂ ਪਾਏ ਝੂਠੇ ਕੇਸਾਂ ਦੀ ਪੜਤਾਲ ਵਾਸਤੇ ਕਮਿਸ਼ਨ ਸਥਾਪਤ ਕੀਤਾ ਜਾਵੇਗਾ। ਕਾਂਗਰਸ ਤੇ ‘ਆਪ’ ਵਾਂਗੂ ਗਾਰੰਟੀਆਂ ਦੀ ਜ਼ਰੂਰਤ ਨਹੀਂ ਹੈ ਅਕਾਲੀ ਹਕੂਮਤ ਵਿਚ ਕਿਸਾਨਾਂ ਲਈ ਮੁਫਤ ਬਿਜਲੀ, ਬੁਢਾਪਾ ਪੈਨਸ਼ਨ, ਆਟਾ ਦਾਲ, ਸ਼ਗਨ ਤੇ ਐੱਸ ਸੀ ਸਕਾਲਰਸ਼ਿਪ ਵਰਗੀਆਂ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ। ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ, ਤੀਰਥ ਸਿੰਘ ਮਾਹਲਾ, ਰਾਜਿੰਦਰ ਸਿੰਘ ਡੱਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਰਾਜਵਿੰਦਰ ਸਿੰਘ ਧਰਮਕੋਟ ਤੇ ਸੰਨੀ ਗਿੱਲ ਮੌਜੂਦ ਸਨ।
ਅਵਾਮ ਦੇ ਫ਼ਿਕਰ ਤੋਂ ਅਕਾਲੀ ਦਲ ਬੇਚੈਨ: ਸੁਖਬੀਰ ਬਾਦਲ
ਬਾਘਾ ਪੁਰਾਣਾ (ਯਸ਼ ਚੱਟਾਨੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ’ਚ ਲੋਕਾਂ ਫ਼ਿਕਰਮੰਦੀ ਹੀ ਅਕਾਲੀ ਦਲ ਨੂੰ ਬੇਚੈਨ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਭਾਵੇਂ ਸੱਤਾ ਦੀ ਭੁੱਖ ਨਹੀਂ ਪਰ ਲੋਕ ਪੰਜਾਬ ਦੇ ਭਲੇ ਲਈ ਰਾਜ ਦੀ ਵਾਗਡੋਰ ਅਕਾਲੀ ਦਲ ਦੇ ਹੱਥਾਂ ਵਿੱਚ ਸੌਂਪਣ ਲਈ ਕਾਹਲੇ ਹਨ। ਉਹ ਅੱਜ ਅੱਜ ਇੱਥੇ ਬਾਸਮਤੀ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਾਲ ਕਿਸ਼ਨ ਬਾਲੀ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਉਨ੍ਹਾਂ ਦੀ ਮਾਤਾ ਦੇ ਦੇਹਾਂਤ ’ਤੇ ਦੁੱਖ ਸਾਂਝਾ ਕਰਨ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਜੇ ਅੱਜ ਕੰਗਾਲ ਹੋ ਰਿਹਾ ਹੈ ਤਾਂ ਇਹ ਆਮ ਆਦਮੀ ਪਾਰਟੀ ਦੀਆਂ ਤਬਾਹਕੁਨ ਨੀਤੀਆਂ ਕਾਰਨ ਹੀ ਹੈ। ਦਿੱਲੀ ਦੀ ਲੋਟੂ ਟੀਮ ਦਾ ਪੰਜਾਬ ਅੰਦਰ ਦਿੱਤਾ ਜਾ ਰਿਹਾ ਬੇਲੋੜਾ ਦਖ਼ਲ ਰਾਜ ਦੀ ਬਰਬਾਦੀ ਦਾ ਮੁੱਖ ਕਾਰਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦੇ ਰਾਜਨੀਤਿਕ ਪ੍ਰੋਗਰਾਮ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਹੀ ਹੁਣ ਖ਼ੁਦ ਅਜਿਹੇ ਪ੍ਰੋਗਰਾਮ ਤਿਆਰ ਕਰ ਰਹੇ ਹਨ, ਜੋ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਹੱਥਾਂ ’ਚੋਂ ਆਜ਼ਾਦ ਕਰਵਾਉਣਗੇ। ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਸਬੰਧੀ ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਇਸ ਸਥਿਤੀ ਸਪਸ਼ਟ ਹੋ ਜਾਵੇਗੀ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਕਿਸੇ ਵੀ ਪਾਰਟੀ ਦੇ ਗੁਮਰਾਹਕੁਨ ਪ੍ਰਚਾਰ ਵਿਚ ਨਹੀਂ ਫਸਣਗੇ। ਇਸ ਮੌਕੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਬਾਘਾ ਪੁਰਾਣਾ ਹਲਕੇ ਦੇ ਇੰਚਾਰਜ ਤੀਰਥ ਸਿੰਘ ਮਾਹਲਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ, ਜਗਮੋਹਣ ਸਿੰਘ ਬੀਬੀਸੀ ਵਾਲੇ, ਇਕੱਤਰ ਸਿੰਘ ਥਰਾਜ, ਸੰਜੀਵ ਬਿੱਟੂ ਰੋਡੇ ਤੋਂ ਇਲਾਵਾ ਹੋਰ ਕਈ ਸੀਨੀਅਰ ਅਕਾਲੀ ਆਗੂ ਹਾਜ਼ਰ ਸਨ।

