ਪਿੰਡ ਚੰਨਣਵਾਲ ਵਿੱਚ ਘਰੇਲੂ ਕਲੇਸ਼ ਕਾਰਨ ਪਤੀ ਨੇ ਆਪਣੀ ਪਤਨੀ ਦਾ ਕੁਹਾੜਾ ਮਾਰ ਕੇ ਕਤਲ ਕਰ ਦਿੱਤਾ ਅਤੇ ਪਿੱਛੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਕੁਲਵਿੰਦਰ ਕੌਰ (45) ਪਤਨੀ ਭੋਲਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਮਨਜੀਤ ਕੌਰ ਨਾਲ ਚਾਰਾ ਵੱਢਣ ਖੇਤਾਂ ’ਚ ਗਈ ਹੋਈ ਸੀ, ਜਦੋਂ ਉਹ ਚਾਰਾ ਵੱਢ ਰਹੀ ਸੀ ਤਾਂ ਉਸ ਦਾ ਪਤੀ ਭੋਲਾ ਸਿੰਘ ਉੱਥੇ ਪਹੁੰਚ ਗਿਆ ਅਤੇ ਪਿੱਛਿਓਂ ਆ ਕੇ ਉਸ ’ਤੇ ਕੁਹਾੜੇ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਵਾਰਦਾਤ ਬਾਅਦ ਭੋਲਾ ਸਿੰਘ ਪਿੰਡ ਵਾਪਸ ਚਲਾ ਗਿਆ, ਜਿੱਥੇ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਪਰ ਉੱਥੇ ਉਸ ਦੀ ਵੀ ਮੌਤ ਹੋ ਗਈ।
ਡੀ ਐੱਸ ਪੀ ਜਸਵਿੰਦਰ ਕੌਰ ਨੇ ਦੱਸਿਆ ਕਿ ਪੁਲੀਸ ਵੱਲੋਂ ਵਾਰਦਾਤ ਦੀ ਜਾਂਚ ਆਰੰਭ ਦਿੱਤੀ ਗਈ ਹੈ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਚੰਨਣਵਾਲ ਨੇ ਦੱਸਿਆ ਕਿ ਮ੍ਰਿਤਕ ਪਤੀ-ਪਤਨੀ ਦੇ ਤਿੰਨ ਧੀਆਂ ਅਤੇ ਪੁੱਤਰ ਹੈ। ਉਨ੍ਹਾਂ ਦੀ ਇੱਕ ਵੱਡੀ ਧੀ ਦਾ ਵਿਆਹ ਹੋ ਚੁੱਕਾ ਹੈ, ਜਦਕਿ ਬਾਕੀ ਬੱਚੇ ਪੜ੍ਹਾਈ ਕਰ ਰਹੇ ਹਨ। ਸਰਪੰਚ ਅਨੁਸਾਰ ਭੋਲਾ ਸਿੰਘ ਨਸ਼ੇੜੀ ਸੀ ਅਤੇ ਪਤੀ-ਪਤਨੀ ਵਿਚਕਾਰ ਪਹਿਲਾਂ ਵੀ ਕਈ ਵਾਰ ਝਗੜੇ ਹੋਣ ਦੀ ਗੱਲ ਸਾਹਮਣੇ ਆਈ ਹੈ।

