ਵਿਸਾਖੀ ਮੌਕੇ ਤਖ਼ਤ ਦਮਦਮਾ ਸਾਹਿਬ ਵਿਖੇ ਵਿਸ਼ਾਲ ਇਕੱਠ
ਵਿਸਾਖੀ ਮੌਕੇ ਇਥੇ ਤਖ਼ਤ ਦਮਦਮਾ ਸਾਹਿਬ ਵਿਖੇ ਲੱਖਾਂ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਦਰਬਾਰ ਸਾਹਿਬ ਵਿੱਚ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਤਖ਼ਤ ਦਮਦਮਾ ਸਾਹਿਬ...
ਵਿਸਾਖੀ ਮੌਕੇ ਇਥੇ ਤਖ਼ਤ ਦਮਦਮਾ ਸਾਹਿਬ ਵਿਖੇ ਲੱਖਾਂ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਦਰਬਾਰ ਸਾਹਿਬ ਵਿੱਚ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਖਾਲਸਾ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸਿੱਖ ਕੌਮ ਨੂੰ ਗੁਰੂ ਮਰਿਯਾਦਾ ਅਨੁਸਾਰ ਜੀਵਨ ਬਤੀਤ ਕਰਨ ਅਤੇ ਪੰਥਕ ਏਕਤਾ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ।
ਇਸ ਦੌਰਾਨ ਜਥੇਦਾਰ ਟੇਕ ਸਿੰਘ ਖਾਲਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਰਸ਼ਨੀ ਡਿਉੜੀ ਦਾ ਉਦਘਾਟਨ ਕੀਤਾ ਗਿਆ। ਵਿਸਾਖੀ ਸਮਾਗਮ ਦੌਰਾਨ ਕਈ ਪ੍ਰਮੁੱਖ ਰਾਜਨੀਤਕ ਆਗੂਆਂ ਨੇ ਵੀ ਤਖ਼ਤ ਸਾਹਿਬ ਵਿਖੇ ਹਾਜ਼ਰੀ ਭਰੀ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਭਾਜਪਾ ਆਗੂ ਐਡਵੋਕੇਟ ਐੱਚ ਐੱਸ ਫੂਲਕਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਕਾਂਗਰਸ ਆਗੂ ਜੀਤ ਮਹਿੰਦਰ ਸਿੰਘ ਸਿੱਧੂ, ਭਾਜਪਾ ਆਗੂ ਜਗਦੀਪ ਸਿੰਘ ਨਕਈ ਅਤੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਸਮੇਤ ਹੋਰ ਰਾਜਨੀਤਕ ਸ਼ਖਸੀਅਤਾਂ ਨੇ ਮੱਥਾ ਟੇਕ ਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰੂ ਕਾ ਲੰਗਰ ਲਗਾਤਾਰ ਚੱਲਦਾ ਰਿਹਾ। ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਟਰੈਫਿਕ ਦੇ ਵਧੀਆ ਪ੍ਰਬੰਧ ਕੀਤੇ ਗਏ ਸਨ। ਵਿਸਾਖੀ ਮੌਕੇ ਭਰੇ ਮੇਲੇ ਦੌਰਾਨ ਚੰਡੋਲਾ ਖਿੱਚ ਦਾ ਕੇਂਦਰ ਰਹੀਆਂ। ਮੇਲੇ ਦੀ ਸਮਾਪਤੀ ਭਲਕੇ 96 ਕਰੋੜੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਮਹੱਲਾ ਕੱਢਣ ਤੋਂ ਬਾਅਦ ਹੋਵੇਗੀ।

