ਹਸਪਤਾਲ ਪ੍ਰਸ਼ਾਸਨ ਨੇ ਲਾਸ਼ਾਂ ਬਦਲੀਆਂ
ਇਥੋਂ ਦੇ 60 ਸਾਲਾ ਵਿਅਕਤੀ ਨੂੰ ਇਲਾਜ ਲਈ ਫ਼ਿਰੋਜ਼ਪੁਰ ਰੋਡ ’ਤੇ ਦੀਪਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੌਤ ਹੋਣ ਮਗਰੋਂ ਅੱਜ ਮ੍ਰਿਤਕ ਦੇ ਪਰਿਵਾਰ ਨੂੰ ਲਾਸ਼ ਸੌਂਪੀ ਗਈ, ਜੋ ਜਗਰਾਉਂ ਵਿਖੇ ਅੰਤਿਮ ਸੰਸਕਾਰ ਮੌਕੇ ਔਰਤ ਦੀ ਨਿਕਲੀ। ਇਸੇ ਤਰ੍ਹਾਂ ਔਰਤ ਦੇ ਪਰਿਵਾਰ ਨੂੰ ਉਸ ਵੇਲੇ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਹਸਪਤਾਲ ਵੱਲੋਂ ਕਿਸੇ ਮਰਦ ਦੀ ਲਾਸ਼ ਸੌਂਪ ਦਿੱਤੀ ਗਈ। ਦੋਵੇਂ ਪਰਿਵਾਰ ਤੁਰੰਤ ਹਸਪਤਾਲ ਪਹੁੰਚੇ। ਪ੍ਰੰਤੂ, ਹਸਪਤਾਲ ਪ੍ਰਸ਼ਾਸਨ ਨੇ ਕਥਿਤ ਤੌਰ ’ਤੇ ਗਲਤੀ ਮੰਨਣ ਦੀ ਬਜਾਏ ਕਿਹਾ ਕਿ ਕਦੇ-ਕਦੇ ਅਜਿਹਾ ਹੋ ਜਾਂਦਾ ਹੈ, ਉਹ ਮਾਮਲੇ ਦੀ ਜਾਂਚ ਕਰਵਾਉਣਗੇ। ਮ੍ਰਿਤਕਾਂ ਦੇ ਪਰਿਵਾਰਾਂ ਨੇ ਕਿਹਾ ਕਿ ਇਹ ਹਸਪਤਾਲ ਦੀ ਸਿਰਫ਼ ਲਾਪਰਵਾਹੀ ਨਹੀਂ, ਸਗੋਂ ਮਨ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਕੀਤਾ ਹੈ। ਪਰਿਵਾਰਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ 5 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਤਿਮ ਰਸਮਾਂ ਦੀ ਤਿਆਰੀ ਮੌਕੇ ਉਦੋਂ ਅਜੀਬ ਸਥਿਤੀ ਪੈਦਾ ਹੋ ਗਈ ਔਰਤ ਦਾ ਪੁੱਤਰ ਐਂਬੂਲੈਂਸ ਲੈ ਕੇ ਜਗਰਾਉਂ ਲਾਸ਼ ਬਦਲਣ ਲਈ ਪੁੱਜ ਗਿਆ। ਮ੍ਰਿਤਕ ਦੇ ਰਿਸ਼ੇਤਦਾਰ ਕੁਲਵੰਤ ਸਹੋਤਾ ਨੇ ਦੱਸਿਆ ਕਿ ਜਦੋਂ ਜੋਗਿੰਦਰ ਸਿੰਘ (60) ਦੀ ਦੇਹ ਪਰਿਵਾਰ ਨੂੰ ਸੌਂਪੀ ਗਈ ਤਾਂ ਉਹ ਪੂਰੀ ਤਰ੍ਹਾਂ ਲਪੇਟੀ ਹੋਈ ਸੀ ਅਤੇ ਦਵਾਈਆਂ ਲੱਗੀਆਂ ਹੋਣ ਦੀ ਗੱਲ ਕਹਿ ਕੇ ਦੇਖਣ ਤੋਂ ਵਰਜ ਦਿੱਤਾ ਗਿਆ। ਇਸ ਕਾਰਨ ਪਰਿਵਾਰ ਅੰਤਿਮ ਸੰਸਕਾਰ ਲਈ ਦੇਹ ਲੈ ਕੇ ਜਗਰਾਉਂ ਆ ਗਿਆ। ਪਰਿਵਾਰਕ ਜੀਆਂ ਨੇ ਬਾਅਦ ਦੁਪਹਿਰ ਦੋ ਵਜੇ ਸਸਕਾਰ ਕਰਨਾ ਸੀ ਅਤੇ ਅੰਤਿਮ ਰਸਮਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ, ਜਿਵੇਂ ਹੀ ਅੰਤਿਮ ਦਰਸ਼ਨ ਲਈ ਦੇਹ ਤੋਂ ਕੱਪੜਾ ਹਟਾਇਆ ਤਾਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਇਹ ਜੋਗਿੰਦਰ ਸਿੰਘ ਨਾ ਹੋ ਕੇ ਕਿਸੇ ਔਰਤ ਦੀ ਮ੍ਰਿਤਕ ਦੇਹ ਨਿਕਲੀ। ਬਾਅਦ ਵਿੱਚ ਪਤਾ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਔਰਤ ਦੀ ਲਾਸ਼ ਲੁਧਿਆਣਾ ਸ਼ਹਿਰ ਦੇ ਪਰਿਵਾਰ ਦੀ ਹੈ। ਇਸੇ ਦੌਰਾਨ ਲੁਧਿਆਣਾ ਤੋਂ ਮ੍ਰਿਤਕ ਔਰਤ ਦਾ ਪੁੱਤਰ ਆਪਣੀ ਮਾਂ ਦੀ ਲਾਸ਼ ਲੈਣ ਲਈ ਹਸਪਤਾਲ ਦੀ ਐਂਬੂਲੈਂਸ ਲੈ ਕੇ ਮ੍ਰਿਤਕ ਜੋਗਿੰਦਰ ਸਿੰਘ ਦੀ ਲਾਸ਼ ਲੈ ਕੇ ਜਗਰਾਉਂ ਪਹੁੰਚਿਆ। ਇਥੇ ਉਸ ਨੇ ਜੋਗਿੰਦਰ ਸਿੰਘ ਦੀ ਦੇਹ ਜਗਰਾਉਂ ਦੇ ਪਰਿਵਾਰ ਨੂੰ ਸੌਂਪੀ ਤੇ ਆਪਣੀ ਮਾਂ ਦੀ ਲਾਸ਼ ਲੈ ਕੇ ਪਰਤ ਗਿਆ। ਦੋਵੇਂ ਦੁਖੀ ਪਰਿਵਾਰਾਂ ਨੇ ਹਸਪਤਾਲ ਦੀ ਅਣਗਹਿਲੀ ਖ਼ਿਲਾਫ਼ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕਰਨਗੇ।
ਪੜਤਾਲ ਕੀਤੀ ਜਾ ਰਹੀ ਹੈ: ਹਸਪਤਾਲ
ਹਸਪਤਾਲ ਦੇ ਐਡਮਿਨ ਇੰਚਾਰਜ ਗੌਰਵ ਵਰਮਾ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਸੁਰੱਖਿਆ ਮੁਲਾਜ਼ਮਾਂ ਦੀ ਗਲਤੀ ਲਗਦੀ ਹੈ, ਹਸਪਤਾਲ ਇਸ ’ਤੇ ਸਖ਼ਤ ਕਾਰਵਾਈ ਕਰੇਗਾ।
