DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਉਮੀਦਾਂ ਨੂੰ ਸੁੰਡੀ: ਨਹੀਂ ਖਿੜਿਆ ਬੀਜ ਸਬਸਿਡੀ ਦਾ ‘ਫੁੱਲ’

ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੋ ਸਾਲ ਤੋਂ ਨਹੀਂ ਮਿਲੀ ਸਬਸਿਡੀ

  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਦੇ ਵਿੱਤੀ ਸੰਕਟ ਕਾਰਨ ਹੁਣ ਨਰਮੇ ਦੇ ਬੀਜ ਦੀ ਸਬਸਿਡੀ ਨੂੰ ਵੀ ‘ਸੁੰਡੀ’ ਪੈਣ ਲੱਗੀ ਹੈ। ਸੂਬੇ ਦੇ ਕਿਸਾਨਾਂ ਨੂੰ ਦੋ ਵਰ੍ਹਿਆਂ ਤੋਂ ਨਰਮੇ ਦੇ ਬੀਜ ਦੀ ਹਾਲੇ ਤੱਕ ਸਬਸਿਡੀ ਨਹੀਂ ਮਿਲੀ ਜੋ ਕਿ 8.50 ਕਰੋੜ ਰੁਪਏ ਬਣਦੀ ਹੈ। ‘ਆਪ’ ਸਰਕਾਰ ਨੇ ਸਾਲ 2023-24 ’ਚ ਨਰਮੇ ਦੇ ਪ੍ਰਮਾਣਿਤ ਬੀਜਾਂ ’ਤੇ 33 ਫ਼ੀਸਦ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਪਹਿਲੇ ਦੋ ਸਾਲ ਤਾਂ ਕਿਸਾਨਾਂ ਨੂੰ ਬੀਜ ’ਤੇ ਸਬਸਿਡੀ ਮਿਲਦੀ ਰਹੀ ਪਰ ਉਸ ਮਗਰੋਂ ਕਿਸਾਨ ਸਬਸਿਡੀ ਦਾ ਰਾਹ ਤੱਕ ਰਹੇ ਹਨ। ਪਿਛਲੇ ਸਾਲ 2025-26 ਦੀ ਬੀਜ ਸਬਸਿਡੀ ਦੇ 5.51 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ।

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿਛਲੇ ਮਹੀਨੇ ਵਿੱਤ ਵਿਭਾਗ ਨੂੰ ਪੁਰਾਣੀ ਸਬਸਿਡੀ ਰਿਲੀਜ਼ ਕਰਨ ਵਾਸਤੇ ਚਿੱਠੀ ਲਿਖੀ ਸੀ ਪਰ ਖ਼ਜ਼ਾਨਾ ਵਿਭਾਗ ਨੇ ਕੋਈ ਪੈਸਾ ਜਾਰੀ ਨਹੀਂ ਕੀਤਾ। ਸਾਲ 2025-26 ’ਚ ਨਰਮਾ ਪੱਟੀ ਦੇ 52,500 ਕਿਸਾਨਾਂ ਨੇ ਬੀਜ ਸਬਸਿਡੀ ਲਈ ਰਜਿਸਟਰੇਸ਼ਨ ਕੀਤੀ ਸੀ ਜਿਨ੍ਹਾਂ ਨੂੰ ਸਬਸਿਡੀ ਦਾ ਪੈਸਾ ਹਾਲੇ ਤੱਕ ਨਹੀਂ ਮਿਲਿਆ ਹੈ। ਚਾਲੂ ਵਰ੍ਹੇ 2026-27 ਦੌਰਾਨ ਬੀਜ ਸਬਸਿਡੀ ਲਈ 14,645 ਕਿਸਾਨਾਂ ਨੇ ਅਪਲਾਈ ਕੀਤਾ ਹੈ ਅਤੇ ਇਸ ਵਰ੍ਹੇ ਦੌਰਾਨ ਬੀਜ ਸਬਸਿਡੀ ਦਾ ਬਿੱਲ ਵੀ ਢਾਈ ਤੋਂ ਤਿੰਨ ਕਰੋੜ ਦਾ ਹੀ ਰਹਿ ਜਾਣਾ ਹੈ। ਪੰਜਾਬ ’ਚ ਇਸ ਵਾਰ ਨਰਮੇ ਹੇਠਲਾ ਰਕਬਾ ਵੀ ਘਟ ਕੇ ਕਰੀਬ 80 ਹਜ਼ਾਰ ਹੈਕਟੇਅਰ ਹੀ ਰਹਿ ਗਿਆ ਹੈ। ‘ਆਪ’ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ 2022-23 ਦੌਰਾਨ ਪੰਜਾਬ ’ਚ 2.49 ਲੱਖ ਹੈਕਟੇਅਰ ਰਕਬੇ ’ਤੇ ਨਰਮੇ ਦੀ ਕਾਸ਼ਤ ਸੀ ਜੋ ਹੁਣ ਘਟ ਕੇ ਸਿਰਫ਼ 80 ਹਜ਼ਾਰ ਹੈਕਟੇਅਰ ਰਹਿ ਗਈ ਹੈ। ਸਾਲ 2025-26 ਦੌਰਾਨ 1.28 ਲੱਖ ਹੈਕਟੇਅਰ ਰਕਬੇ ’ਚ ਨਰਮੇ ਦੀ ਬਿਜਾਂਦ ਹੋਈ ਸੀ ਅਤੇ ਇਨ੍ਹਾਂ ਕਾਸ਼ਤਕਾਰਾਂ ਨੂੰ ਬੀਜ ਸਬਸਿਡੀ ਹਾਲੇ ਤੱਕ ਨਹੀਂ ਮਿਲੀ। ਹੁਣ ਕੁਝ ਵਰ੍ਹਿਆਂ ਤੋਂ ਫ਼ਸਲੀ ਵਿਭਿੰਨਤਾ ਨੂੰ ਵੱਡੀ ਢਾਹ ਲੱਗੀ ਹੈ। ਸਾਲ 1990-91 ਵਿੱਚ ਪੰਜਾਬ ’ਚ ਨਰਮੇ ਹੇਠ 7.01 ਲੱਖ ਹੈਕਟੇਅਰ ਨਰਮਾ ਸੀ ਜੋ ਹੁਣ ਇੱਕ ਲੱਖ ਤੋਂ ਵੀ ਘੱਟ ਗਿਆ ਹੈ। ਸਾਲ 2006-07 ਦਾ ਅਜਿਹਾ ਸਾਲ ਸੀ ਜਦੋਂ ਪੰਜਾਬ ’ਚ ਨਰਮੇ ਦੀ ਰਿਕਾਰਡ ਪੈਦਾਵਾਰ 27 ਲੱਖ ਗੱਠਾਂ ਦੀ ਹੋਈ ਸੀ। ਸਾਲ 2015 ’ਚ ਕਿਸਾਨਾਂ ਦੀ ਫ਼ਸਲ ਦਾ ਚਿੱਟੀ ਮੱਖੀ ਨੇ ਵੱਡਾ ਨੁਕਸਾਨ ਕੀਤਾ ਸੀ ਜਿਸ ਕਾਰਨ ਸਵਾ ਤਿੰਨ ਲੱਖ ਹੈਕਟੇਅਰ ਫ਼ਸਲ ਤਬਾਹ ਹੋ ਗਈ ਸੀ।

Advertisement

ਪ੍ਰਚਾਰ ਜ਼ਿਆਦਾ, ਅਮਲ ਘੱਟ: ਸ਼ਿੰਗਾਰਾ ਮਾਨ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੀਜ ਸਬਸਿਡੀ ਦਾ ਪ੍ਰਚਾਰ ਜ਼ਿਆਦਾ ਕੀਤਾ ਹੈ ਅਤੇ ਇਸ ’ਤੇ ਅਮਲ ਘੱਟ ਕੀਤਾ ਹੈ ਜਿਸ ਕਾਰਨ ਦੋ ਸਾਲ ਤੋਂ ਸਰਕਾਰ ਕਿਸਾਨਾਂ ਨੂੰ ਬੀਜ ਸਬਸਿਡੀ ਹੀ ਜਾਰੀ ਨਹੀਂ ਕਰ ਸਕੀ।

Advertisement

ਸਬਸਿਡੀ ਬਿੱਲ ਖ਼ਜ਼ਾਨੇ ਨੂੰ ਮੁੜ ਭੇਜੇ: ਡਾਇਰੈਕਟਰ

ਖੇਤੀ ਵਿਭਾਗ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਪਿਛਲੇ ਸਾਲ ਦੇ 5.51 ਕਰੋੜ ਦੀ ਬੀਜ ਸਬਸਿਡੀ ਦੇ ਬਿੱਲ ਖ਼ਜ਼ਾਨੇ ’ਚ ਲਾਏ ਗਏ ਸਨ ਜੋ ਪਾਸ ਨਹੀਂ ਹੋ ਸਕੇ ਸੀ ਪਰ ਹੁਣ ਇਹ ਬਿੱਲ ਦੁਬਾਰਾ ਲਾਏ ਗਏ ਹਨ। ਮੌਜੂਦਾ ਸਾਲ ਦੀ ਬੀਜ ਸਬਸਿਡੀ ਲਈ 15 ਜੁਲਾਈ ਤੋਂ ਪੜਤਾਲ ਸ਼ੁਰੂ ਕੀਤੀ ਗਈ ਹੈ ਤੇ ਪੜਤਾਲ ਹੋਣ ਮਗਰੋਂ ਬੀਜ ਸਬਸਿਡੀ ਜਾਰੀ ਕਰ ਦਿੱਤੀ ਜਾਵੇਗੀ।

Advertisement
×