ਪੱਤਰ ਪ੍ਰੇਰਕ
ਰੂਪਨਗਰ, 28 ਮਈ
ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਪ੍ਰਬੰਧਕਾਂ ਦੁਆਰਾ ਦਸਵੀਂ ਜਮਾਤ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ ਅਤੇ ਸਕੂਲ ਦੇ 182 ਵਿਦਿਆਰਥੀਆਂ ਵਿੱਚੋਂ 4 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ, 19 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਅਤੇ 36 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਹਾਸਲ ਕਰਕੇ ਆਪਣਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਪ੍ਰਭਜੋਤ ਸਿੰਘ 93.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲੇ, ਲਵਪ੍ਰੀਤ ਸਿੰਘ 92.4 ਅੰਕ ਪ੍ਰਾਪਤ ਕਰਕੇ ਦੂਜੇ ਅਤੇ ਸ਼ਾਲੂ 91.6 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਤੇ ਨਵਤੇਜ ਸਿੰਘ, ਸਰਬਜੀਤ ਕੌਰ, ਹਰਪ੍ਰੀਤ ਕੌਰ ਮਾਂਗਟ, ਗੁਰਪ੍ਰੀਤ ਕੌਰ ਇੰਚਾਰਜ ਖਾਲਸਾ ਮਾਡਲ ਸਕੂਲ, ਪਰਮਜੀਤ ਕੌਰ, ਬੰਦਨਾ, ਮਧੂ ਬਾਲਾ, ਬਲਜਿੰਦਰ ਕੌਰ, ਮਨਦੀਪ ਕੌਰ, ਮਨਜੀਤ ਕੌਰ, ਅਮਰਪ੍ਰੀਤ ਕੌਰ, ਅਮਨਪ੍ਰੀਤ ਕੌਰ ਆਦਿ ਅਧਿਆਪਕ ਅਤੇ ਅੱਵਲ ਆਏ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ।