ਗੁਰਬਖਸ਼ਪੁਰੀ
ਮਹਿਲਾ ਮੁਕਤੀ ਮੋਰਚੇ ਵੱਲੋਂ ਗਦਰੀ ਲਹਿਰ ਵਿੱਚ ਸਰਗਰਮ ਰਹੀ ਬੀਬੀ ਗੁਲਾਬ ਕੌਰ ਦੀ ਜਨਮ ਸ਼ਤਾਬਦੀ ਪੱਟੀ ਦੇ ਸ਼ਹੀਦ ਸੋਹਣ ਲਾਲ ਪਾਠਕ ਪਾਰਕ ਵਿੱਚ ਮਨਾਈ ਗਈ।
ਮੋਰਚੇ ਦੀ ਸੂਬਾ ਆਗੂ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਇਕੱਤਰ ਹੋਈਆਂ ਔਰਤਾਂ ਨੂੰ ਮੋਰਚੇ ਦੇ ਸੂਬਾ ਆਗੂ ਪ੍ਰੋਫੈਸਰ ਰਘਬੀਰ ਕੌਰ ਤੇ ਪ੍ਰੋਫੈਸਰ ਸੁਰਿੰਦਰ ਕੌਰ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ 25 ਸਾਲ ਦੀ ਉਮਰ ਵਿੱਚ ਬੀਬੀ ਗੁਲਾਬ ਕੌਰ ਨੇ ਮਾਈ ਭਾਗੋ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਆਪਣੇ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਗਦਰ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਅੰਗਰੇਜ਼ ਹਕੂਮਤ ਦਾ ਤਖਤਾ ਪਲਟਾਉਣ ਲਈ ਆਪਣਾ ਭੇਸ ਬਦਲ ਕੇ ਗਦਰੀ ਲਹਿਰ ਵਿੱਚ ਸਰਗਰਮੀਆਂ ਕੀਤੀਆਂ। ਇਸ ਮੌਕੇ ਕਾਮਰੇਡ ਹਰਭਜਨ ਸਿੰਘ ਚੂਸਲੇਵੜ, ਧਰਮ ਸਿੰਘ ਪੱਟੀਮ, ਮਹਾਂਵੀਰ ਸਿੰਘ ਗਿੱਲ ਨੇ ਬੀਬੀ ਗੁਲਾਬ ਕੌਰ ਵੱਲੋਂ ਕੀਤੀ ਕੁਰਬਾਨੀ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਔਰਤ ਵੱਲੋਂ ਉਨ੍ਹੀਂ ਦਿਨੀਂ ਇੰਨੀ ਸਰਗਰਮ ਭੂਮਿਕਾ ਦੀ ਮਿਸਾਲ ਇਤਿਹਾਸ ਵਿੱਚ ਵਿਰਲੇ ਹੀ ਮਿਲਦੀ ਹੈ। ਉਨ੍ਹਾਂ ਔਰਤਾਂ ਨੂੰ ਆਪਣੇ ਹੱਕਾਂ ਲੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਜਨਤਕ ਆਗੂ ਜਗੀਰ ਸਿੰਘ, ਦਿਲਬਾਗ ਸਿੰਘ ਗੱਡੀਵਿੰਡ, ਜਗਤਾਰ ਸਿੰਘ ਆਸਲ ਤੇ ਸਤਪਾਲ ਪੱਟੀ ਨੇ ਵੀ ਸੰਬੋਧਨ ਕੀਤਾ। ਆਗੂਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਖ਼ਿਲਾਫ਼ ਜਬਰ-ਜ਼ੁਲਮ ਵਾਲੀਆਂ ਨੀਤੀਆਂ ਧਾਰਨ ਕਰਨ ਦੀ ਨਿਖੇਧੀ ਕੀਤੀ।

