History Sheeters Arrested: ਮਾਲੇਰਕੋਟਲਾ ਪੁਲੀਸ ਵੱਲੋਂ ਹਥਿਆਰਾਂ ਸਮੇਤ 3 ਨਾਮੀ ਅਪਰਾਧੀ ਗ੍ਰਿਫ਼ਤਾਰ
ਲੁਧਿਆਣਾ ਬਾਈਪਾਸ ਨੇੜੇ ਬਿਜਲੀ ਗਰਿੱਡ ਕੋਲ ਲੁਕੇ ਸਨ ਫਾਇਰਿੰਗ ਮਾਮਲੇ ’ਚ ਲੋੜੀਂਦੇ ਮੁਲਜ਼ਮ; ਅਦਾਲਤ ਨੇ ਪਟਿਆਲਾ ਜੇਲ੍ਹ ਭੇਜਿਆ
ਮਾਲੇਰਕੋਟਲਾ ਪੁਲੀਸ ਨੇ ਇੱਕ ਸਫ਼ਲ ਕਾਰਵਾਈ ਕਰਦਿਆਂ ਹਥਿਆਰਾਂ ਸਮੇਤ 3 ਨਾਮੀ ਅਪਰਾਧੀਆਂ (ਹਿਸਟਰੀ-ਸ਼ੀਟਰਾਂ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ .32 ਬੋਰ ਦੇ ਦੋ ਦੇਸੀ ਪਿਸਤੌਲ ਅਤੇ 6 ਜਿਊਂਦੇ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਈਅਦ ਸਾਹਮੂਨ ਉਰਫ਼ ਮੂਨ (ਵਾਸੀ ਗਰੀਬ ਨਗਰੀ, ਈਦਗਾਹ ਰੋਡ), ਮੁਹੰਮਦ ਸਮੀਰ ਉਰਫ਼ ਸਾਜੀ (ਵਾਸੀ ਨੇੜੇ ਈਦਗਾਹ ਫਾਟਕ, ਇਮਾਮਗੜ੍ਹ ਰੋਡ) ਅਤੇ ਮੁਹੰਮਦ ਅਵੈਸ ਉਰਫ਼ ਬੰਸਰੀ ਵਾਲਾ (ਵਾਸੀ ਮੁਹੱਲਾ ਚੁਹੱਟਾ, ਮਾਲੇਰਕੋਟਲਾ) ਵਜੋਂ ਹੋਈ ਹੈ।
ਐੱਸ.ਐੱਸ.ਪੀ. ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਪੁਖ਼ਤਾ ਇਤਲਾਹ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ। ਇਸ ਅਪਰੇਸ਼ਨ ਦੀ ਯੋਜਨਾ ਐੱਸ.ਪੀ. (ਇਨਵੈਸਟੀਗੇਸ਼ਨ) ਰਮਨਦੀਪ ਸਿੰਘ ਭੁੱਲਰ ਅਤੇ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਦੀਪਵਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਬਣਾਈ ਗਈ ਸੀ, ਜਿਸ ਨੂੰ ਸੀ.ਆਈ.ਏ. ਸਟਾਫ਼ ਮਾਹੋਰਾਨਾ ਦੀ ਟੀਮ ਵੱਲੋਂ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਏ.ਐੱਸ.ਆਈ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ।
ਲੁਧਿਆਣਾ ਬਾਈਪਾਸ ਨੇੜੇ ਵਾਹਨਾਂ ਦੀ ਚੈਕਿੰਗ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਹਿਲਾਂ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਲੋੜੀਂਦੇ ਇਹ ਤਿੰਨੋਂ ਮੁਲਜ਼ਮ ਇੱਕ ਬਿਜਲੀ ਗਰਿੱਡ ਨੇੜੇ ਲੁਕੇ ਹੋਏ ਹਨ। ਪੁਲੀਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਸਾਹਮੂਨ ਕੋਲੋਂ .32 ਬੋਰ ਦਾ ਦੇਸੀ ਪਿਸਤੌਲ ਤੇ 2 ਜਿਊਂਦੇ ਕਾਰਤੂਸ, ਸਮੀਰ ਕੋਲੋਂ ਇੱਕ .32 ਬੋਰ ਦਾ ਪਿਸਤੌਲ ਤੇ 2 ਕਾਰਤੂਸ ਅਤੇ ਅਵੈਸ ਕੋਲੋਂ 2 ਜਿਊਂਦੇ ਕਾਰਤੂਸ ਬਰਾਮਦ ਹੋਏ।
ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਅਤੇ ਬੀ.ਐੱਨ.ਐੱਸ. (BNS) ਦੀ ਧਾਰਾ 112 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੁਡੀਸ਼ੀਅਲ ਹਿਰਾਸਤ ਅਧੀਨ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਹੈ। ਐੱਸ.ਐੱਸ.ਪੀ. ਖੱਖ ਨੇ ਦੱਸਿਆ ਕਿ ਇਹ ਮੁਲਜ਼ਮ ਪਹਿਲਾਂ ਵੀ ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਫਾਇਰਿੰਗ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ।

