Himanshi Khurana Murder Case: 7 ਮਹੀਨਿਆਂ ਬਾਅਦ ਭਗੌੜਾ ਭਾਈਵਾਲ ਅਬਦੁਲ ਗਫ਼ੂਰੀ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ
ਪੁਲੀਸ ਵੱਲੋਂ ਫ਼ਰਸਟ-ਡਿਗਰੀ ਮਰਡਰ ਦੇ ਦੋਸ਼ ਆਇਦ; ਕੌਮਾਂਤਰੀ ਏਜੰਸੀਆਂ ਦੇ ਸਹਿਯੋਗ ਨਾਲ ਚਲਾਇਆ ਗਿਆ ਸੀ ਵਿਸ਼ੇਸ਼ ਅਪਰੇਸ਼ਨ
ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਭਾਰਤੀ ਮੂਲ ਦੀ 30 ਸਾਲਾਂ ਮੁਟਿਆਰ ਹਿਮਾਂਸ਼ੀ ਖੁਰਾਨਾ ਦੇ ਚਰਚਿਤ ਕਤਲ ਮਾਮਲੇ ਵਿੱਚ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਉਸ ਦੇ ਭਾਈਵਾਲ ਅਬਦੁਲ ਗਫ਼ੂਰੀ ਨੂੰ ਕਰੀਬ ਸੱਤ ਮਹੀਨਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। 32 ਸਾਲਾ ਗਫ਼ੂਰੀ ਨੂੰ ਸ਼ੁੱਕਰਵਾਰ, 7 ਅਗਸਤ ਨੂੰ ਟੋਰਾਂਟੋ ਦੇ ਇੱਕ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ। ਪੁਲੀਸ ਨੇ ਉਸ ਦੇ ਖ਼ਿਲਾਫ਼ ਫ਼ਰਸਟ-ਡਿਗਰੀ ਮਰਡਰ (ਪਹਿਲੇ ਦਰਜੇ ਦੇ ਕਤਲ) ਦਾ ਗੰਭੀਰ ਦੋਸ਼ ਆਇਦ ਕੀਤਾ ਹੈ।
ਟੋਰਾਂਟੋ ਪੁਲੀਸ ਅਨੁਸਾਰ ਭਗੌੜੇ ਦੋਸ਼ੀ ਦੀ ਪਛਾਣ ਕਰਨ, ਉਸ ਨੂੰ ਫੜਨ ਅਤੇ ਕੈਨੇਡਾ ਵਾਪਸ ਲਿਆਉਣ ਲਈ ਪੁਲੀਸ ਦੀ ‘ਫਿਊਜਿਟਿਵ ਸਕੁਐਡ’ ਅਤੇ ‘ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਯੂਨਿਟ’ ਨੇ ਕੌਮੀਂ ਅਤੇ ਕੌਮਾਂਤਰੀ ਪੁਲੀਸ ਏਜੰਸੀਆਂ ਨਾਲ ਮਿਲ ਕੇ ਸਾਂਝਾ ਅਪਰੇਸ਼ਨ ਚਲਾਇਆ ਸੀ। ਹਾਲਾਂਕਿ, ਪੁਲੀਸ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਗਫ਼ੂਰੀ ਕਿਸ ਦੇਸ਼ ਵਿੱਚ ਲੁਕਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ 19 ਦਸੰਬਰ 2025 ਦੀ ਰਾਤ ਨੂੰ ਟੋਰਾਂਟੋ ਦੇ ਸਟ੍ਰਾਚਨ ਐਵੇਨਿਊ ਅਤੇ ਵੈਲਿੰਗਟਨ ਸਟ੍ਰੀਟ ਵੈਸਟ ਇਲਾਕੇ ਵਿੱਚੋਂ ਹਿਮਾਂਸ਼ੀ ਖੁਰਾਨਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲੀਸ ਨੂੰ ਮਿਲੀ ਸੀ। ਰਾਤ ਕਰੀਬ 10:41 ਵਜੇ ਮਿਲੀ ਇਸ ਇਤਲਾਹ ਤੋਂ ਬਾਅਦ ਪੁਲੀਸ ਨੇ ਭਾਲ ਸ਼ੁਰੂ ਕੀਤੀ ਅਤੇ ਅਗਲੇ ਦਿਨ ਸਵੇਰੇ ਕਰੀਬ 6:30 ਵਜੇ ਉਸੇ ਇਲਾਕੇ ਦੇ ਇੱਕ ਘਰ ਵਿੱਚੋਂ ਹਿਮਾਂਸ਼ੀ ਦੀ ਲਾਸ਼ ਬਰਾਮਦ ਹੋਈ। ਸ਼ੁਰੂਆਤੀ ਜਾਂਚ ਤੋਂ ਬਾਅਦਪੁਲੀਸ ਨੇ ਇਸ ਨੂੰ ਕਤਲ ਦਾ ਮਾਮਲਾ ਕਰਾਰ ਦਿੱਤਾ ਸੀ, ਜੋ ਸਾਲ 2025 ਵਿੱਚ ਟੋਰਾਂਟੋ ਦਾ 40ਵਾਂ ਕਤਲ ਕੇਸ ਸੀ।
ਜਾਂਚ ਅੱਗੇ ਵਧਣ ’ਤੇ ਪੁਲੀਸ ਨੂੰ ਪਤਾ ਲੱਗਾ ਸੀ ਕਿ ਹਿਮਾਂਸ਼ੀ ਖੁਰਾਨਾ ਅਤੇ ਅਬਦੁਲ ਗਫ਼ੂਰੀ ਇੱਕ-ਦੂਜੇ ਦੇ ਨੇੜਲੇ ਸਬੰਧਾਂ ਵਿੱਚ ਸਨ। ਪੁਲੀਸ ਨੇ ਇਸ ਘਟਨਾ ਨੂੰ ‘ਇੰਟੀਮੇਟ ਪਾਰਟਨਰ ਵਾਇਲੈਂਸ’ (ਨਿੱਜੀ ਸਬੰਧਾਂ ਵਿੱਚ ਹਿੰਸਾ) ਦਾ ਮਾਮਲਾ ਦੱਸਿਆ ਸੀ, ਜਿਸ ਤੋਂ ਬਾਅਦ ਗਫ਼ੂਰੀ ਖ਼ਿਲਾਫ਼ ਦੇਸ਼ ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ ਉਸ ਦੀ ਤਸਵੀਰ ਵੀ ਜਨਤਕ ਕੀਤੀ ਗਈ ਸੀ। ਹਿਮਾਂਸ਼ੀ ਦੇ ਕਤਲ ਤੋਂ ਬਾਅਦ ਟੋਰਾਂਟੋ ਸਥਿਤ ਭਾਰਤੀ ਮਹਾਵਣਜ ਦੂਤਾਵਾਸ (Consulate General of India) ਨੇ ਘਟਨਾ ’ਤੇ ਡੂੰਘੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਹਿਮਾਂਸ਼ੀ ਇੱਕ ਨੌਜਵਾਨ ਭਾਰਤੀ ਨਾਗਰਿਕ ਸੀ ਅਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

