ਸੌਰਭ ਮਲਿਕ
ਚੰਡੀਗੜ੍ਹ, 8 ਅਗਸਤ
ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 130 ਲੋਕਾਂ ਦੀ ਮੌਤ ਹੋਣ ਤੋਂ 10 ਦਿਨ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ ਗ਼ੈਰਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ ਗਰੋਹ ਦੇ ਮੁਲਜ਼ਮ ਤੋਂ ਹਿਰਾਸਤੀ ਪੁੱਛ-ਪੜਤਾਲ ਬਹੁਤ ਜ਼ਰੂਰੀ ਹੈ।
ਜਸਟਿਸ ਦੀਪਕ ਸਿੱਬਲ ਨੇ ਇਸ ਕੇਸ ਦੇ ਇੱਕ 18 ਸਾਲਾ ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਇਹ ਟਿੱਪਣੀ ਕੀਤੀ ਹੈ। ਮੁਲਜ਼ਮ ਦੇ ਘਰੋਂ 100 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ ਸੀ ਪਰ ਪੁਲੀਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮ ਘਰੋਂ ਫਰਾਰ ਹੋ ਗਿਆ ਸੀ। ਜਸਟਿਸ ਸਿੱਬਲ ਨੇ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਕਰਦਿਆਂ ਕਿਹਾ ਕਿ ਮੁਲਜ਼ਮ ਦੇ ਘਰੋਂ ਸੌ ਲਿਟਰ ਸ਼ਰਾਬ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵਾਪਰੀ ਤਾਜ਼ਾ ਘਟਨਾ ਨੂੰ ਦੇਖਦਿਆਂ ਪਟੀਸ਼ਨਰ ਤੋਂ ਪੁੱਛ-ਪੜਤਾਲ ਬਹੁਤ ਜ਼ਰੂਰੀ ਹੈ। ਇਹ ਕਹਿੰਦਿਆਂ ਅਦਾਲਤ ਨੇ ਮੁਲਜ਼ਮ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।
-ਪੀਟੀਆਈ