ਪੰਜਾਬ ਵਿੱਚ ਅੱਜ ਤੜਕੇ ਮੌਸਮ ਨੇ ਅਚਾਨਕ ਆਪਣਾ ਮਿਜ਼ਾਜ ਬਦਲ ਲਿਆ ਹੈ, ਜਿਸ ਕਰਕੇ ਪੰਜਾਬ ਭਰ ਵਿੱਚ ਭਾਰੀ ਮੀਂਹ ਪਿਆ ਹੈ। ਮੀਂਹ ਕਰਕੇ ਪੰਜਾਬ ਦੇ ਦਰਜਨਾਂ ਸ਼ਹਿਰ ਜਲ-ਥਲ ਹੋ ਗਏ ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਇਹ ਮੀਂਹ ਝੋਨੇ ਤੇ ਹੋਰਨਾਂ ਸਬਜ਼ੀਆਂ ਦੀ ਫਸਲ ਲਈ ਲਾਹੇਵੰਦ ਸਾਬਤ ਹੋਵੇਗਾ। ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਦੋ ਦਿਨ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ 5 ਤੇ 6 ਅਗਸਤ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਅੱਜ ਤੜਕੇ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਮੀਂਹ ਤੇ ਕਾਲੇ ਬੱਦਲਾਂ ਨੇ ਦਿਨ ’ਚ ਹਨ੍ਹੇਰਾ ਕਰ ਦਿੱਤਾ। ਇਸ ਦੇ ਨਾਲ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਨੇ ਪਟਿਆਲਾ ਸਣੇ ਕਈ ਹੋਰ ਸ਼ਹਿਰਾਂ ਦੇ ਹਾਲਾਤ ਮਾੜੇ ਕਰ ਦਿੱਤੇ ਹਨ, ਜਿੱਥੇ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਰਕੇ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਮੌਸਮ ਵਿਭਾਗ ਅਨੁਸਾਰ ਅੱਜ ਪਟਿਆਲਾ ਸ਼ਹਿਰ ਸਭ ਵਿੱਚ ਵੱਧ 145 ਐੱਮ ਐੱਮ ਮੀਂਹ ਪਿਆ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 20.5 ਐੱਮ ਐੱਮ, ਅੰਮ੍ਰਿਤਸਰ ਵਿੱਚ 32.2 ਐੱਮ ਐੱਮ, ਲੁਧਿਆਣਾ ਵਿੱਚ 28 ਐੱਮ ਐੱਮ, ਪਠਾਨਕੋਟ ਵਿੱਚ 31 ਐੱਮ ਐੱਮ, ਬਠਿੰਡਾ ਵਿੱਚ 5 ਐੱਮ ਐੱਮ, ਫਰੀਦਕੋਟ ਵਿੱਚ 12.8 ਐੱਮ ਐੱਮ, ਨਵਾਂ ਸ਼ਹਿਰ ਵਿੱਚ 43.3 ਐੱਮ ਐੱਮ, ਬਰਨਾਲਾ ਵਿੱਚ 40 ਐੱਮ ਐੱਮ, ਫਿਰੋਜ਼ਪੁਰ ਵਿੱਚ 3.5 ਐੱਮ ਐੱਮ, ਹੁਸ਼ਿਆਰਪੁਰ ਵਿੱਚ 64.5 ਐੱਮ ਐੱਮ, ਕਪੂਰਥਲਾ ਵਿੱਚ 23.5 ਐੱਮ ਐੱਮ, ਮੁਹਾਲੀ ਵਿੱਚ 28 ਐੱਮ ਐੱਮ, ਰੂਪਨਗਰ ਵਿੱਚ 31.5 ਐੱਮ ਐੱਮ, ਸੰਗਰੂਰ ਵਿੱਚ 4 ਐੱਮ ਐੱਮ ਅਤੇ ਫਤਹਿਗੜ੍ਹ ਸਾਹਿਬ ਵਿੱਚ 3.5 ਐੱਮ ਐੱਮ ਮੀਂਹ ਪਿਆ।

