ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਿਹਤ ਮੰਤਰੀ ਵਿਜੈ ਸਿੰਗਲਾ ਗ੍ਰਿਫ਼ਤਾਰ, ਵਜ਼ਾਰਤ ’ਚੋਂ ਛੁੱਟੀ

ਆਤਿਸ਼ ਗੁਪਤਾ/ਦਰਸ਼ਨ ਸਿੰਘ ਸੋਢੀ
ਚੰਡੀਗੜ੍ਹ/ਮੁਹਾਲੀ, 24 ਮਈ

ਮੁੱਖ ਅੰਸ਼

  • ਪੁਲੀਸ ਨੇ ਓਐੱਸਡੀ ਨੂੰ ਵੀ ਕੀਤਾ ਕਾਬੂ
  • ਨਿਗਰਾਨ ਇੰਜਨੀਅਰ ਦੀ ਸ਼ਿਕਾਇਤ ’ਤੇ ਮੁਹਾਲੀ ਥਾਣੇ ’ਚ ਕੇਸ ਦਰਜ

ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਅੱਜ ਪੰਜਾਬ ਕੈਬਨਿਟ ਵਿੱਚੋਂ ਬਾਹਰ ਕਰ ਦਿੱਤਾ ਹੈ। ਵਿਜੈ ਸਿੰਗਲਾ ਨੂੰ ਸਿਹਤ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਖ਼ਰੀਦੋ-ਫਰੋਖ਼ਤ ਲਈ ਇਕ ਫ਼ੀਸਦ ਕਮਿਸ਼ਨ ਮੰਗਣ ਦੇ ਦੋਸ਼ਾਂ ਹੇਠ ਬਰਖਾਸਤ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਵਿਜੈ ਸਿੰਗਲਾ ਦੀ ਭ੍ਰਿਸ਼ਟਾਚਾਰ ’ਚ ਸ਼ਮੂਲੀਅਤ ਬਾਰੇ ਸਾਰੇ ਸਬੂਤ ਮੌਜੂਦ ਹਨ। ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਾ ਕਰਨ ਦੀ ਆਪਣੀ ਨੀਤੀ ’ਤੇ ਦ੍ਰਿੜ੍ਹ ਹੈ। ਪੰਜਾਬ ਪੁਲੀਸ ਦੇ ਭ੍ਰਿਸ਼ਟਾਚਾਰ ਵਿਰੋਧੀ ਸੈੱਲ ਨੇ ਡਾ. ਵਿਜੈ ਸਿੰਗਲਾ ਤੇ ਉਸ ਦੇ ਓਐੱਸਡੀ ਪ੍ਰਦੀਪ ਖ਼ਿਲਾਫ਼ ਮੁਹਾਲੀ ਦੇ ਥਾਣਾ ਫੇਜ਼ 8 ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 8 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਡਾ. ਵਿਜੈ ਸਿੰਗਲਾ ਖਿਲਾਫ਼ ਕੇਸ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਿਗਰਾਨ ਇੰਜਨੀਅਰ ਰਾਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਮੁਤਾਬਕ ਸਿਹਤ ਵਿਭਾਗ ਵੱਲੋਂ 41 ਕਰੋੜ ਰੁਪਏ ਦੇ ਟੈਂਡਰ ਅਲਾਟ ਕੀਤੇ ਜਾਣੇ ਹਨ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੇ ਟੈਂਡਰ ਅਲਾਟ ਕੀਤੇ ਗ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਕੁੱਲ 58 ਕਰੋੜ ਰੁਪਏ ਦੇ ਟੈਂਡਰਾਂ ਦਾ 2 ਫ਼ੀਸਦ ਕਮਿਸ਼ਨ 1.16 ਕਰੋੜ ਰੁਪਏ ਦੀ ਮੰਗ ਕੀਤੀ ਸੀ। ਕਮਿਸ਼ਨ ਦੇਣ ਤੋਂ ਇਨਕਾਰ ਕਰਨ ’ਤੇ 10 ਲੱਖ ਰੁਪਏ ਦੀ ਮੰਗ ਕੀਤੀ ਤਾਂ ਸੌਦਾ 5 ਲੱਖ ਵਿੱਚ ਤੈਅ ਹੋ ਗਿਆ। ਡਾ. ਸਿੰਗਲਾ ਨੇ ਭਵਿੱਖ ਵਿੱਚ ਵਿਭਾਗ ਵੱਲੋਂ ਅਲਾਟ ਕੀਤੇ ਜਾਣ ਵਾਲੇ ਕੰਮਾਂ ਦਾ ਕਥਿਤ ਇਕ ਫ਼ੀਸਦ ਕਮਿਸ਼ਨ ਦੇਣ ਦੀ ਮੰਗ ਕੀਤੀ। ਸ਼ਿਕਾਇਤਕਰਤਾ ਮੁਤਾਬਕ ਸਿਹਤ ਮੰਤਰੀ ਨੇ ਪਿਛਲੇ ਦਿਨੀਂ ਪੰਜਾਬ ਭਵਨ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਗੱਲਬਾਤ ਲਈ ਸੱਦਿਆ ਸੀ। ਹਾਲਾਂਕਿ ਡਾ. ਵਿਜੈ ਸਿੰਗਲਾ ਜਲਦੀ ਹੀ ਮੀਟਿੰਗ ’ਚੋਂ ਇਹ ਕਹਿ ਕੇ ਚਲੇ ਗਏ ਕਿ ਉਨ੍ਹਾਂ ਕਿਸੇ ਜ਼ਰੂਰੀ ਕੰਮ ਜਾਣਾ ਹੈ ਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਸਾਰੀ ਗੱਲਬਾਤ ਉਨ੍ਹਾਂ ਦੇ ਓਐੱਸਡੀ ਪਰਦੀਪ ਕੁਮਾਰ ਕਰਨਗੇ। ਇਸ ਮਗਰੋਂ ਓਐੱਸਡੀ ਲਗਾਤਾਰ ਵਟਸਐਪ ਕਾਲ ਕਰਕੇ ਅਫ਼ਸਰਾਂ ਨੂੰ ਕਮਿਸ਼ਨ ਪੁੱਜਦੀ ਕਰਨ ਲਈ ਧਮਕਾ ਰਿਹਾ ਸੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕਰਕੇ ਸਾਰੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਉਕਤ ਅਧਿਕਾਰੀ ਨੂੰ ਭਰੋਸੇ ਵਿੱਚ ਲੈਂਦਿਆਂ ਉਕਤ ਮਾਮਲੇ ਸਬੰਧੀ ਪੁਖਤਾ ਸਬੂਤ ਲਿਆਉਣ ਲਈ ਕਿਹਾ। ਉਕਤ ਅਧਿਕਾਰੀ ਨੇ ਸਿਹਤ ਮੰਤਰੀ ਨਾਲ ਗੱਲਬਾਤ ਦੇ ਪੁਖਤਾ ਸਬੂਤ ਮੁੱਖ ਮੰਤਰੀ ਨੂੰ ਦਿੱਤੇ। ਮੁੱਖ ਮੰਤਰੀ ਨੇ ਉਕਤ ਸਬੂਤਾਂ ਦੇ ਆਧਾਰ ’ਤੇ ਜਾਂਚ ਕਰਵਾ ਕੇ ਅੱਜ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਅਹੁਦੇ ਤੋਂ ਹਟਾ ਦਿੱਤਾ। ਡਾ. ਵਿਜੈ ਸਿੰਗਲਾ ਖਿਲਾਫ਼ ਐਫ਼ਆਈਆਰ ਅੱਜ ਸਵੇਰੇ ਸਾਢੇ 11 ਵਜੇ ਦਰਜ ਕੀਤੀ ਗਈ ਸੀ ਜਦੋਂਕਿ ਮੁੱਖ ਮੰਤਰੀ ਨੇ ਦੁਪਹਿਰ ਪੌਣੇ ਇਕ ਵਜੇ ਮੰਤਰੀ ਖ਼ਿਲਾਫ਼ ਕਾਰਵਾਈ ਦਾ ਖੁਲਾਸਾ ਕੀਤਾ। ਪੰਜਾਬ ਵਿਜੀਲੈਂਸ ਬਿਊਰੋ, ਸਟੇਟ ਕਰਾਈਮ ਵਿੰਗ, ਖ਼ੁਫ਼ੀਆ ਵਿੰਗ ਅਤੇ ਸੀਆਈਏ ਸਟਾਫ਼ ਵੀ ਆਪਣੇ ਪੱਧਰ ’ਤੇ ਪੜਤਾਲ ਵਿੱਚ ਜੁੱਟ ਗਏ ਹਨ। ਜਾਂਚ ਅਧਿਕਾਰੀ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ। ਇਹ ਜਾਂਚ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਉੱਚ ਅਧਿਕਾਰੀਆਂ ਦੇ ਘਰਾਂ ਤੱਕ ਪਹੁੰਚ ਸਕਦੀ ਹੈ। ਸਿਹਤ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਸਮੇਤ ਹੋਰ ਕੰਮ ਜੰਗੀ ਪੱਧਰ ’ਤੇ ਚਲ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਦੇ ਵਰਕ ਆਰਡਰ ਹੁਣ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਇਹ ਕੰਮ ਵੱਖ-ਵੱਖ ਠੇਕੇਦਾਰਾਂ ਨੂੰ ਸੌਂਪੇ ਗਏ ਹਨ ਅਤੇ ਮਾਰਚ ਮਹੀਨੇ ਤਕਰੀਬਨ 17 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਉਂਜ ਸਿਹਤ ਵਿਭਾਗ ਵੱਲੋਂ ਕਰੀਬ 58 ਕਰੋੜ ਦੇ ਕੰਮ ਕਰਵਾਏ ਜਾ ਰਹੇ ਹਨ। ਮੰਤਰੀ ਦੇ ਓਐਸਡੀ ਵੱਲੋਂ ਕਮਿਸ਼ਨ ਦੇ ਰੂਪ ਵਿੱਚ 1.16 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਜਾਰੀ ਕਰਦਿਆਂ ਡਾ. ਸਿੰਗਲਾ ਨੂੰ ਕੈਬਨਿਟ ਵਿੱਚੋਂ ਬਾਹਰ ਕਰਨ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਤੇ ਮੁਕੰਮਲ ਪੜਤਾਲ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ, ‘‘ਮੇਰੀ ਸਰਕਾਰ ਰਿਸ਼ਵਤ ਨੂੰ ਬਰਦਾਸ਼ਤ ਨਾ ਕਰਨ ਦੇ ਰਾਹ ’ਤੇ ਚੱਲਦੀ ਰਹੇਗੀ ਅਤੇ ਕਿਸੇ ਨੂੰ ਵੀ, ਚਾਹੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ, ਉਸ ਨੂੰ ਅਜਿਹੀਆਂ ਬੇਨਿਯਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।” ਸ੍ਰੀ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਅਜਿਹੀਆਂ ਕਾਰਵਾਈਆਂ ਬਿਲਕੁਲ ਬਰਦਾਸ਼ਤ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਡਾ. ਸਿੰਗਲਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਪਹਿਲੀ ਵੱਡੀ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਲ 2015 ਵਿੱਚ ਅਜਿਹੀ ਕਾਰਵਾਈ ਕੀਤੀ ਸੀ, ਜਦੋਂ ਉਨ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੇ ਖੁਰਾਕ ਤੇ ਸਪਲਾਈ ਮੰਤਰੀ ਨੂੰ ਬਰਖਾਸਤ ਕੀਤਾ ਸੀ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਦਾ ਇਰਾਦਾ ਤੇ ਨੀਅਤ ਸਾਫ਼ ਹੈ ਕਿ ਭ੍ਰਿਸ਼ਟ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਵੇਗਾ, ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਮੈਨੂੰ ਭਗਵੰਤ ਮਾਨ ’ਤੇ ਮਾਣ ਹੈ: ਕੇਜਰੀਵਾਲ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਖਿਲਾਫ਼ ਕਾਰਵਾਈ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਸਿੰਘ ਮਾਨ ਦੀ ਤਾਰੀਫ਼ ਕੀਤੀ ਹੈ। ਸ੍ਰੀ ਕੇਜਰੀਵਾਲ ਨੇ ਟਵੀਟ ਕੀਤਾ, ‘‘ਤੁਹਾਡੇ ’ਤੇ ਮਾਣ ਹੈ ਭਗਵੰਤ। ਤੁਹਾਡੀ ਕਾਰਵਾਈ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ। ਅੱਜ ਪੂਰਾ ਦੇਸ਼ ‘ਆਪ’ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ।’ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਫ਼ੈਸਲਾ, ਪੰਜਾਬ ਵਿੱਚ ਬਦਲਾਅ ਦੀ ਨਿਸ਼ਾਨੀ ਹੈ। ਸੰਸਦ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ

ਡਾ. ਵਿਜੈ ਸਿੰਗਲਾ ਨੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਚੋਣ ਲੜਦਿਆਂ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਡਾ. ਸਿੰਗਲਾ ਨੂੰ 10023 ਅਤੇ ਸਿੱਧੂ ਮੂਸੇਵਾਲਾ ਨੂੰ 36700 ਵੋਟਾਂ ਪਈਆਂ ਸਨ। ਡਾ. ਵਿਜੈ ਸਿੰਗਲਾ ਨੇ 19 ਮਾਰਚ ਨੂੰ ਕੈਬਨਿਟ ਮੰਤਰੀ ਬਨਣ ਤੋਂ ਬਾਅਦ 23 ਮਾਰਚ ਨੂੰ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਭ੍ਰਿਸ਼ਟਾਚਾਰ ਬਰਦਾਸ਼ਤ ਨਾ ਕਰਨ ਦੀ ਗੱਲ ਆਖੀ ਸੀ।

ਇੰਜ ਫ਼ੇਲ੍ਹ ਹੋਇਆ ‘ਸ਼ੁਕਰਾਨਾ ਮਿਸ਼ਨ’

ਚਰਨਜੀਤ ਭੁੱਲਰ
ਚੰਡੀਗੜ੍ਹ, 24 ਮਈ

ਮੁੱਖ ਅੰਸ਼

  • ਓਐੱਸਡੀ ਭਤੀਜੇ ਰਾਹੀਂ ਮੰਗਿਆ ਜਾ ਰਿਹਾ ਸੀ ਕਮਿਸ਼ਨ
  • ਆਡੀਓ ਸਬੂਤ ਨੇ ਖੋਲ੍ਹੇ ਸਾਰੇ ਭੇਤ

ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ਬੰਦੀ ਨੇ ਸਿਹਤ ਮੰਤਰੀ ਵਿਜੈ ਸਿੰਗਲਾ ਦਾ ‘ਸ਼ੁਕਰਾਨਾ ਮਿਸ਼ਨ’ ਫ਼ੇਲ੍ਹ ਕਰ ਦਿੱਤਾ ਹੈ। ਸਰਕਾਰੀ ਟੈਂਡਰਾਂ ’ਚੋਂ ਕਮਿਸ਼ਨ ਦਾ ਬੁਣਿਆ ਤਾਣਾ ਇੰਜ ਉੱਧੜ ਜਾਵੇਗਾ, ਸਿਹਤ ਮੰਤਰੀ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ। ਜਦੋਂ ਦਸ ਦਿਨ ਪਹਿਲਾਂ ਮੁੱਖ ਮੰਤਰੀ ਕੋਲ ‘ਸ਼ੁਕਰਾਨਾ ਮਿਸ਼ਨ’ ਦਾ ਭੇਤ ਖੁੱਲ੍ਹਿਆ ਤਾਂ ਸਿਹਤ ਮੰਤਰੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਸੀ। ਮੁੱਖ ਮੰਤਰੀ ਨੇ ਵੱਢੀਖੋਰੀ ਨੂੰ ਬੇਪਰਦ ਕਰਨ ਲਈ ਪੂਰੀ ਵਿਉਂਤਬੰਦੀ ਕੀਤੀ ਤਾਂ ਜੋ ਪੰਜਾਬ ਨੂੰ ਰਿਸ਼ਵਤਖੋਰੀ ਦੇ ਸੇਕ ਤੋਂ ਮੁਕਤ ਕੀਤਾ ਜਾ ਸਕੇ। ‘ਸ਼ੁਕਰਾਨਾ ਮਿਸ਼ਨ’ ਦਾ ਮੁੱਢ ਉਦੋਂ ਬੱਝਦਾ ਹੈ, ਜਦੋਂ ਸਿਹਤ ਮੰਤਰੀ ਟੈਂਡਰਾਂ ’ਚੋਂ ਇੱਕ ਫ਼ੀਸਦੀ ਕਮਿਸ਼ਨ ਨੂੰ ਆਫ਼ ਰਿਕਾਰਡ ‘ਸ਼ੁਕਰਾਨਾ’ ਦਾ ਨਾਮ ਦਿੰਦੇ ਹਨ। ਗੱਲ ਸ਼ੁਰੂ ਹੁੰਦੀ ਹੈ ਨਿਗਰਾਨ ਇੰਜਨੀਅਰ ਰਜਿੰਦਰ ਸਿੰਘ ਤੋਂ, ਜਿਸ ਦੀ ਜਾਣ ਪਛਾਣ ਸਿਹਤ ਮੰਤਰੀ ਆਪਣੇ ਭਤੀਜੇ ਪ੍ਰਦੀਪ ਕੁਮਾਰ (ਓਐੱਸਡੀ) ਨਾਲ ਕਰਾਉਂਦੇ ਹਨ। ਇੱਕ ਦਿਨ ਪ੍ਰਦੀਪ ਕੁਮਾਰ ਮਹਿਕਮੇ ਦੇ ਨਿਗਰਾਨ ਇੰਜਨੀਅਰ ਨੂੰ ਪੰਜਾਬ ਭਵਨ ਦੀ ਪਾਰਕਿੰਗ ਵਿਚ ਬੁਲਾਉਂਦਾ ਹੈ ਅਤੇ ਕਾਰ ’ਚ ਬੈਠ ਕੇ ਗੱਲ ਤੈਅ ਕਰਦਾ ਹੈ। ਸੂਤਰਾਂ ਅਨੁਸਾਰ ਚੰਨੀ ਸਰਕਾਰ ਸਮੇਂ ਹੋਏ 41 ਕਰੋੜ ਅਤੇ ਮੌਜੂਦਾ ਸਰਕਾਰ ਸਮੇਂ ਹੋਏ 17 ਕਰੋੜ ਦੇ ਕੰਮਾਂ ’ਚੋਂ ਦੋ ਫ਼ੀਸਦੀ ਕਮਿਸ਼ਨ ਦੀ ਮੰਗ ਕੀਤੀ ਜਾਂਦੀ ਹੈ। ਰਾਜਿੰਦਰ ਸਿੰਘ ਬੇਵਸੀ ਜ਼ਾਹਿਰ ਕਰਦਾ ਹੈ ਤਾਂ ਪ੍ਰਦੀਪ ਕੁਮਾਰ ਉਸ ਨੂੰ ਚਿਤਾਵਨੀ ਵੀ ਦਿੰਦਾ ਹੈ। ਬੇਵੱਸ ਨਿਗਰਾਨ ਇੰਜਨੀਅਰ ਆਪਣੇ ਸੀਨੀਅਰ ਅਧਿਕਾਰੀ ਨੂੰ ਕਹਾਣੀ ਦੱਸਦਾ ਹੈ ਤਾਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਮੁੱਖ ਮੰਤਰੀ ਕੋਲ ਸਿਹਤ ਮੰਤਰੀ ਦੇ ‘ਸ਼ੁਕਰਾਨਾ ਮਿਸ਼ਨ’ ਦਾ ਖ਼ੁਲਾਸਾ ਕਰਦੇ ਹਨ। ਇਸ ਮਗਰੋਂ ਮੁੱਖ ਮੰਤਰੀ ਨੇ ਸਬੂਤਾਂ ਦੀ ਮੰਗ ਕੀਤੀ।

ਆਖ਼ਰ ਕੁੱਝ ਦਿਨਾਂ ਪਿੱਛੋਂ ਹੀ ਨਿਗਰਾਨ ਇੰਜਨੀਅਰ ਦੀ ਸਿਹਤ ਮੰਤਰੀ ਅਤੇ ਉਸ ਦੇ ਓਐੱਸਡੀ ਪ੍ਰਦੀਪ ਕੁਮਾਰ ਨਾਲ ਹੋਈ ਗੱਲਬਾਤ ਦੀ ਕਰੀਬ ਤਿੰਨ ਘੰਟੇ ਦੀ ਆਡੀਓ ਤਿਆਰ ਹੋ ਜਾਂਦੀ ਹੈ। ਆਡੀਓ ’ਚ ਜਦੋਂ ਸਭ ਕੁੱਝ ਸਾਬਤ ਹੋ ਜਾਂਦਾ ਹੈ ਤਾਂ ਮੁੱਖ ਮੰਤਰੀ ਅਗਲੀ ਕਾਰਵਾਈ ਲਈ ਹਰੀ ਝੰਡੀ ਦਿੰਦੇ ਹਨ। ਇਸ ਦੌਰਾਨ ਸਿਹਤ ਮੰਤਰੀ ਮੁਹਾਲੀ ਵਿਚ ਬਣਨ ਵਾਲੇ ਮੈਡੀਕਲ ਕਾਲਜ ਦੀ ਜਗ੍ਹਾ ਤਬਦੀਲ ਕਰਕੇ ਏਅਰਪੋਰਟ ਰੋਡ ’ਤੇ ਬਣਾਏ ਜਾਣ ਦੀ ਤਜਵੀਜ਼ ਲੈ ਕੇ ਆਉਂਦੇ ਹਨ ਜਿਸ ਤੋਂ ਸਿਹਤ ਮੰਤਰੀ ਦੇ ਅੰਦਰੂਨੀ ਮਨਸ਼ੇ ਨੂੰ ਮੁੱਖ ਮੰਤਰੀ ਭਾਪ ਜਾਂਦੇ ਹਨ।

ਆਡੀਓ ਵਿਚ ਮਾਨਸਾ ਦੇ ਪਿੰਡ ਖ਼ਿਆਲਾ ਵਿਚ ਬਣਨ ਵਾਲੇ ਮੁਹੱਲਾ ਕਲੀਨਿਕ ਦੀ ਉਸਾਰੀ ’ਚੋਂ ਵੀ ਦੋ ਫ਼ੀਸਦੀ ਕਮਿਸ਼ਨ ਮੰਗਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਅੱਜ ਮੁਹਾਲੀ ਦੇ ਇੱਕ ਪ੍ਰਾਈਵੇਟ ਘਰ ਵਿਚ ਵਿਜੈ ਸਿੰਗਲਾ ਨੂੰ ਮੈਡੀਕਲ ਕਾਲਜ ਦੀ ਗੱਲਬਾਤ ਕਰਨ ਦੇ ਬਹਾਨੇ ਬੁਲਾਇਆ ਗਿਆ ਜਿੱਥੇ ਪਹਿਲਾਂ ਹੀ ਆਧੁਨਿਕ ਕੈਮਰੇ ਲਗਾਏ ਹੋਏ ਸਨ। ਆਪਣੀ ਹੋਣੀ ਤੋਂ ਅਣਜਾਣ ਸਿਹਤ ਮੰਤਰੀ ਨੂੰ ਜਦੋਂ ਗੁਪਤ ਕੈਮਰਿਆਂ ’ਚ ਆਡੀਓ ਸੁਣਾਈ ਜਾਂਦੀ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ। ਕੈਮਰੇ ਅੱਗੇ ਸਿਹਤ ਮੰਤਰੀ ਸਭ ਕੁੱਝ ਕਬੂਲ ਕਰਦੇ ਹਨ।

ਸੂਤਰ ਦੱਸਦੇ ਹਨ ਕਿ ਵਿਜੈ ਸਿੰਗਲਾ ਅਤੇ ਪ੍ਰਦੀਪ ਕੁਮਾਰ ਨੇ ਭੇਤ ਖੁੱਲ੍ਹਣ ਮਗਰੋਂ ਬਹੁਤ ਮਿੰਨਤਾਂ-ਤਰਲੇ ਕੀਤੇ ਪਰ ਕੋਈ ਪੈਂਤੜਾ ਕਾਮਯਾਬ ਨਾ ਹੋ ਸਕਿਆ। ਉਨ੍ਹਾਂ ਆਪਣੀ ਗ਼ਲਤੀ ਦੀ ਮੁਆਫ਼ੀ ਵੀ ਮੰਗੀ ਸੀ। ਪ੍ਰਾਈਵੇਟ ਕੋਠੀ ਤੋਂ ਬਾਹਰ ਜਿਉਂ ਹੀ ਸਿਹਤ ਮੰਤਰੀ ਨਿਕਲਦੇ ਹਨ ਤਾਂ ਪਹਿਲਾਂ ਤੋਂ ਹੀ ਮੌਜੂਦ ਪੁਲੀਸ ਉਨ੍ਹਾਂ ਨੂੰ ਫ਼ੌਰੀ ਗ੍ਰਿਫ਼ਤਾਰ ਕਰ ਲੈਂਦੀ ਹੈ।

ਸੂਤਰਾਂ ਮੁਤਾਬਕ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਸੋਚਿਆ ਤੱਕ ਨਹੀਂ ਸੀ ਕਿ ਉਸ ਵੱਲੋਂ ਦਿੱਤੀ ਸੂਚਨਾ ’ਤੇ ਮੁੱਖ ਮੰਤਰੀ ਇੰਨਾ ਸਖ਼ਤ ਐਕਸ਼ਨ ਲੈਣਗੇ। ਸਿਹਤ ਮੰਤਰੀ ਵਿਜੈ ਸਿੰਗਲਾ ਨੇ ਹੀ ਕੁੱਝ ਸਮਾਂ ਪਹਿਲਾਂ ਸਰਕਾਰੀ ਸਮਾਗਮਾਂ ਵਿਚ ਗੁਲਦਸਤੇ ਦੇਣ ’ਤੇ ਰੋਕ ਲਗਾਈ ਸੀ। ਉਹ ਅੱਜ ਆਏ ਸਰਕਾਰੀ ਗੱਡੀ ’ਤੇ ਸਨ ਪਰ ਗਏ ਪੁਲੀਸ ਹਿਰਾਸਤ ਵਿਚ।

ਭਗਵੰਤ ਮਾਨ ਦਾ ਸਿਆਸੀ ਕੱਦ ਹੋਇਆ ਉੱਚਾ

ਰਿਸ਼ਵਤਖੋਰੀ ਵਿਰੁੱਧ ਇੰਨੇ ਵੱਡੇ ਐਕਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਸਿਆਸੀ ਉਚਾਣ ਦੇ ਦਿੱਤੀ ਹੈ। ਬਹੁਤੇ ਲੋਕਾਂ ਨੇ ਕਿਹਾ ਕਿ ਅੱਜ ਪੰਜਾਬ ਵਿਚ ਨਵਾਂ ਸੂਰਜ ਚੜ੍ਹਿਆ ਹੈ। ਪਤਾ ਲੱਗਾ ਹੈ ਕਿ ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਭਗਵੰਤ ਮਾਨ ਨੂੰ ਫ਼ੋਨ ਕਰਕੇ ਵਧਾਈ ਦਿੱਤੀ ਹੈ। ਮੁਬਾਰਕਾਂ ਦੇਣ ਵਾਲਿਆਂ ਵਿਚ ਭਾਜਪਾ ਆਗੂ ਵੀ ਸ਼ਾਮਲ ਹਨ। ਸਿਹਤ ਮੰਤਰੀ ਖ਼ਿਲਾਫ਼ ਕਾਰਵਾਈ ਨੇ ਭਗਵੰਤ ਮਾਨ ਦਾ ਸਿਆਸੀ ਕੱਦ ਹੋਰ ਉੱਚਾ ਕਰ ਦਿੱਤਾ ਹੈ। ਬਦਲਾਅ ਨੂੰ ਅੱਜ ਲੋਕਾਂ ਨੇ ਮਹਿਸੂਸ ਕੀਤਾ ਹੈ। ਸਿਆਸੀ ਆਗੂਆਂ ਅਤੇ ਨੌਕਰਸ਼ਾਹੀ ’ਚ ਵੀ ਅੱਜ ਦੇ ਐਕਸ਼ਨ ਨੇ ਖ਼ੌਫ਼ ਪੈਦਾ ਕਰ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All