ਲੋਕ ਸਭਾ ’ਚ ਖੇਤੀ ਬਿੱਲ ਪਾਸ

ਹਰਸਿਮਰਤ ਬਾਦਲ ਵੱਲੋਂ ਅਸਤੀਫ਼ਾ

ਪ੍ਰਧਾਨ ਮੰਤਰੀ ਨੂੰ ਭੇਜਿਆ ਅਸਤੀਫ਼ਾ; ਭਾਜਪਾ ਖ਼ਿਲਾਫ਼ ਖੜ੍ਹਨ ਦਾ ਫ਼ੈਸਲਾ

ਹਰਸਿਮਰਤ ਬਾਦਲ ਵੱਲੋਂ ਅਸਤੀਫ਼ਾ

ਚਰਨਜੀਤ ਭੁੱਲਰ
ਚੰਡੀਗੜ੍ਹ, 17 ਸਤੰਬਰ

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਖ਼ਰਕਾਰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। ਬਠਿੰਡਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੰਬੀ ਜਕੋਤਕੀ ਮਗਰੋਂ ਅੱਜ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕੇਂਦਰੀ ਵਜ਼ੀਰੀ ਛੱਡ ਦਿੱਤੀ। ਮਿਲੇ ਵੇਰਵਿਆਂ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ ਆਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਦਿੱਤਾ ਹੈ। ਮੌਨਸੂਨ ਇਜਲਾਸ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਗੈਰਹਾਜ਼ਰ ਚੱਲ ਰਹੀ ਸੀ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੇਰ ਸ਼ਾਮ ਟਵੀਟ ਕੀਤਾ, ‘‘ਮੈਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਿਸਾਨਾਂ ਨਾਲ ਧੀ-ਭੈਣ ਬਣ ਕੇ ਖੜ੍ਹੇ ਹੋਣ ਲਈ ਮਾਣ ਹੈ।’’ ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਨਿਭਾਉਣ ਦਾ ਫੈਸਲਾ ਲਿਆ ਹੈ ਪ੍ਰੰਤੂ ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ ਭਾਜਪਾ ਖ਼ਿਲਾਫ਼ ਖੜ੍ਹਨ ਦਾ ਸਟੈਂਡ ਲਿਆ ਹੈ।

ਤੀਜੀ ਵਾਰ ਸੰਸਦ ਮੈਂਬਰ ਬਣੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਵਿੱਚ ਮਈ-2014 ’ਚ ਥਾਂ ਮਿਲੀ ਸੀ। ਉਹ 27 ਮਈ 2014 ਤੋਂ 25 ਮਈ 2019 ਤੱਕ ਕੇਂਦਰ ’ਚ ਵਜ਼ੀਰ ਰਹੇ। ਤੀਜੀ ਵਾਰ ਚੁਣੇ ਜਾਣ ਮਗਰੋਂ ਉਹ 20 ਮਈ 2019 ਨੂੰ ਮੁੜ ਕੇਂਦਰੀ ਮੰੰਤਰੀ ਬਣ ਗਏ ਸਨ। ਕੇਂਦਰੀ ਮੰਤਰੀ ਮੰਡਲ ਵਿੱਚ ਖੇਤੀ ਆਰਡੀਨੈਂਸਾਂ ਦੇ ਫੈਸਲੇ ’ਚ ਉਹ ਪਹਿਲਾਂ ਸ਼ਾਮਲ ਰਹੇ ਹਨ ਅਤੇ ਦੋ ਹਫ਼ਤੇ ਪਹਿਲਾਂ ਤੱਕ ਉਹ ਖੇਤੀ ਆਰਡੀਨੈਂਸਾਂ ਨੂੰ ਦਰੁਸਤ ਵੀ ਦੱਸ ਰਹੇ ਸਨ। ਪਾਰਟੀ ਅੰਦਰੋਂ ਅਤੇ ਬਾਹਰੋਂ ਦਬਾਅ ਬਣਨ ਕਰ ਕੇ ਅਤੇ ਕਿਸਾਨੀ ਅੰਦੋਲਨ ਦੇ ਉਭਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਕਸੂਤਾ ਫੱਸ ਗਿਆ ਸੀ।

ਬੀਬੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਗਏ ਅਸਤੀਫ਼ੇ ਵਿੱਚ ਕਿਹਾ ਹੈ ਕਿ ਉਹ ਕਿਸੇ ਵੀ ਕਿਸਾਨ ਵਿਰੋਧੀ ਫੈਸਲੇ ਵਿੱਚ ਭਾਈਵਾਲ ਨਹੀਂ ਬਣ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹਿੱਤਾਂ ਲਈ ਲੜਾਈ ਵਿੱਚ ਕਿਸੇ ਵੀ ਹੱਦ ਤੱਕ ਜਾਣ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਨੂੰ ਫ਼ਖ਼ਰ ਹੈ ਕਿ ਉਹ ਅਕਾਲੀ ਦਲ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਚਾਰ ਸਫ਼ਿਆਂ ਦੇ ਅਸਤੀਫ਼ੇ ਵਿੱਚ ਬੀਬੀ ਬਾਦਲ ਨੇ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੰਘੀ ਢਾਂਚੇ ਦੀ ਕਾਇਮੀ ਲਈ ਲੜਾਈ ਲੜੀ ਹੈ। ਉਨ੍ਹਾਂ ਨੂੰ ਇਹ ਫੈਸਲਾ ਇਸ ਕਰ ਕੇ ਲੈਣਾ ਪਿਆ ਕਿਉਂਕਿ ਕੇਂਦਰ ਨੇ ਕਿਸਾਨਾਂ ਨੂੰ ਖੇਤੀ ਬਿੱਲਾਂ ਦੇ ਮਾਮਲੇ ਵਿੱਚ ਭਰੋਸੇ ’ਚ ਨਹੀਂ ਲਿਆ ਗਿਆ। ਊਨ੍ਹਾਂ ਅਸਤੀਫ਼ੇ ਵਿਚ ਕੇਂਦਰ ਵੱਲੋਂ ਸਿੱਖ ਭਾਈਚਾਰੇ ਲਈ ਚੁੱਕੇ ਗੲੇ ਕਦਮਾਂ ਅਤੇ ਪੰਜਾਬ ਲਈ ਦਿੱਤੇ ਗਏ ਕੇਂਦਰੀ ਪ੍ਰਾਜੈਕਟਾਂ ਬਾਰੇ ਵੀ ਚਰਚਾ ਕੀਤੀ ਹੈ। 

ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾਂ ਕਿਸਾਨੀ ਵੋਟ ਬੈਂਕ ’ਤੇ ਹੀ ਟੇਕ ਰਹੀ ਹੈ। ਜਦੋਂ ਕਿ ਅਕਾਲੀ ਦਲ ਕੇਂਦਰ ਦਾ ਪੱਖ ਪੂਰਨ ਦੇ ਰਾਹ ਪੈ ਗਿਆ ਸੀ ਤਾਂ ਦਿਹਾਤੀ ਪੰਜਾਬ ਵਿੱਚ ਅਕਾਲੀ ਦਲ ਦੀ ਸਾਖ ਦਾਅ ’ਤੇ ਲੱਗ ਗਈ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਆਖ਼ਰਕਾਰ ਲੋਕਾਂ ਵਿਚ ਵਿਸ਼ਵਾਸ ਬਹਾਲ ਕਰਨ ਲਈ ਕੇਂਦਰੀ ਵਜ਼ਾਰਤ ਨੂੰ ਅਲਵਿਦਾ ਕਹਿਣਾ ਪਿਆ ਹੈ।

ਵਿਧਾਇਕ ਕੁਲਜੀਤ ਨਾਗਰਾ ਵੱਲੋਂ ਅਸਤੀਫ਼ਾ

ਚੰਡੀਗੜ੍ਹ: ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਲੋਕ ਸਭਾ ਵਿੱਚ ਖੇਤੀ ਬਿੱਲ ਪਾਸ ਹੋਣ ਦੇ ਵਿਰੋਧ ’ਚ ਅੱਜ ਦੇਰ ਰਾਤ ਅਸਤੀਫ਼ਾ ਦੇ ਦਿੱਤਾ। ਨਾਗਰਾ ਨੇ ਇਕ ਟਵੀਟ ਕਰਕੇ ਆਪਣੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। 

ਹਰਸਿਮਰਤ ਦਾ ਅਸਤੀਫ਼ਾ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਢਕਵੰਜ: ਅਮਰਿੰਦਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ਵਿੱਚੋਂ ਦਿੱਤੇ ਅਸਤੀਫ਼ੇ ਨੂੰ ਅਕਾਲੀ ਦਲ ਵੱਲੋਂ ਰਚੇ ਜਾ ਰਹੇ ਡਰਾਮਿਆਂ ਦੀ ਇਕ ਹੋਰ ਨੌਟੰਕੀ ਦੱਸਿਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਬਿੱਲਾਂ ’ਤੇ ਕੇਂਦਰ ਸਰਕਾਰ ਵੱਲੋਂ ਅਕਾਲੀਆਂ ਦੇ ਮੂੰਹ ’ਤੇ ਚਪੇੜ ਮਾਰਨ ਦੇ ਬਾਵਜੂਦ ਅਕਾਲੀ ਦਲ ਨੇ ਹਾਲੇ ਤੱਕ ਸੱਤਾਧਾਰੀ ਗਠਜੋੜ ਨਾਲੋਂ ਨਾਤਾ ਨਹੀਂ ਤੋੜਿਆ। ਮੁੱਖ ਮੰਤਰੀ ਨੇ ਕਿਹਾ, ‘ਹਰਸਿਮਰਤ ਦਾ ਅਸਤੀਫ਼ਾ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦੇ ਢਕਵੰਜ ਤੋਂ ਵੱਧ ਹੋਰ ਕੁੱਝ ਨਹੀਂ। ਪਰ ਉਹ (ਅਕਾਲੀ ਦਲ) ਕਿਸਾਨ ਜਥੇਬੰਦੀਆਂ ਨੂੰ ਗੁੰਮਰਾਹ ਕਰਨ ਵਿੱਚ ਸਫਲ ਨਹੀਂ ਹੋਣਗੇ।’ 

ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਦਾ ਕੇਂਦਰੀ ਕੈਬਨਿਟ ਵਿੱਚੋਂ ਅਸਤੀਫ਼ਾ ਬਹੁਤ ਦੇਰੀ ਨਾਲ ਲਿਆ ਫ਼ੈਸਲਾ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਕਿਸੇ ਕਿਸਮ ਦੀ ਮਦਦ ਨਹੀਂ ਹੋਣੀ। ਜੇ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਸਟੈਂਡ ਲਿਆ ਹੁੰਦਾ ਅਤੇ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਸੂਬਾ ਸਰਕਾਰ ਦਾ ਸਮਰਥਨ ਕੀਤਾ ਹੁੰਦਾ ਤਾਂ ਸ਼ਾਇਦ ਇਹ ਬਿੱਲ ਪਾਸ ਹੋਣ ਦੇ ਹਾਲਾਤ ਪੈਦਾ ਨਾ ਹੁੰਦੇ ਅਤੇ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਲਿਆਉਣ ਅਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਸੰਸਦ ਵਿੱਚ ਰੱਖਣ ਤੋਂ ਪਹਿਲਾਂ 10 ਵਾਰ ਸੋਚਣਾ ਪੈਂਦਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਅਕਾਲੀ ਦਲ ਦੇ ਸਿਆਸੀ ਭਵਿੱਖ ਬਚਾਉਣ ਅਤੇ ਬਾਦਲਾਂ ਦੇ ਠੁੱਸ ਹੋ ਚੁੱਕੇ ਰਾਜਸੀ ਕਰੀਅਰ ਨੂੰ ਬਚਾਉਣ ਦੀ ਕਵਾਇਦ ਹੈ, ਜਿਨ੍ਹਾਂ ਦੀ ਸਾਖ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਘਾਤਕ ਖੇਤੀਬਾੜੀ ਆਰਡੀਨੈਂਸਾਂ ਖ਼ਿਲਾਫ਼ ਮੈਦਾਨ ਵਿੱਚ ਨਿੱਤਰੇ ਕਿਸਾਨਾਂ ਦਾ ਰੋਸ ਅਤੇ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਦਾ ਦਬਾਅ ਹੀ ਸੀ ਜਿਨ੍ਹਾਂ ਨੇ ਬਾਦਲਾਂ ਨੂੰ ਆਪਣੇ ਪਹਿਲੇ ਸਟੈਂਡ ਤੋਂ ਪਲਟਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਪਹਿਲਾਂ ਵੀ ਨਕਾਰਿਆ ਸੀ ਫਿਰ ਨਕਾਰਨਗੇ।

ਖ਼ਰੀਦ ਪ੍ਰਬੰਧ ਖ਼ਤਮ ਕਰਨਗੇ ਬਿੱਲ: ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕ ਸਭਾ ਵਿੱਚ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਬਿੱਲ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੀ ਤਬਾਹੀ ਦਾ ਕਾਰਨ ਬਣਨਗੇ ਅਤੇ ਜਿਣਸਾਂ ਦੇ ਖ਼ਰੀਦ ਪ੍ਰਬੰਧਾਂ ਨੂੰ ਖ਼ਤਮ ਕਰ ਦੇਣਗੇ। ਊਨ੍ਹਾਂ ਕਿਸਾਨਾਂ ਵੱਲੋਂ ਆਜ਼ਾਦੀ ਦੀ ਲੜਾਈ ਅਤੇ ਅਨਾਜ ਪੈਦਾਵਾਰ ਵਿਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ। ਊਨ੍ਹਾਂ ਕਿਹਾ ਕਿ ਐੱਨਡੀਏ ਤੋਂ ਵੱਖ ਹੋਣ ਦਾ ਫ਼ੈਸਲਾ ਬਾਅਦ ਵਿੱਚ ਲਵਾਂਗੇ। 

ਲੋਕ ਰੋਹ ਦੇ ਡਰੋਂ ਅਸਤੀਫ਼ਾ ਦਿੱਤਾ: ਚੀਮਾ

ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਰੋਹ ਦੇ ਡਰੋਂ ਹਰਸਿਮਰਤ ਨੇ ਅਸਤੀਫ਼ਾ ਦਿੱਤਾ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਦੀ ਪਿੱਠ ਵਿਚ ਛੁਰਾ ਮਾਰਿਆ। ਉਨ੍ਹਾਂ ਕਿਹਾ ਕਿ ਹਰਸਿਮਰਤ ਦੀ ਹਾਜ਼ਰੀ ਵਾਲੀ ਕੈਬਨਿਟ ਮੀਟਿੰਗ ਵਿਚ ਆਰਡੀਨੈਂਸਾਂ ਦਾ ਫ਼ੈਸਲਾ ਹੋਇਆ। ਹੁਣ ਜਦੋਂ ਕਿਸਾਨਾਂ ਨੇ ਪਿੰਡਾਂ ਵਿਚ ਅਕਾਲੀ ਦਲ ਨੂੰ ਵੜਨ ਨਾ ਦੇਣ ਫ਼ੈਸਲਾ ਕਰ ਲਿਆ ਤਾਂ ਅਸਤੀਫ਼ਾ ਦੇਣਾ ਪਿਆ ਹੈ। ਚੀਮਾ ਨੇ ਕਿਹਾ ਕਿ ਅਸਤੀਫ਼ਾ ਹਾਲੇ ਪ੍ਰਵਾਨ ਨਹੀਂ ਹੋਇਆ ਅਤੇ ਹੋ ਸਕਦਾ ਹੈ ਕਿ ਇਸ ਪਿੱਛੇ ਵੀ ਅਕਾਲੀ ਦਲ ਦੀ ਸਾਜਿਸ਼ ਹੋਵੇ।

ਅਗਲਾ ਫ਼ੈਸਲਾ ਕੋਰ ਕਮੇਟੀ ਕਰੇਗੀ: ਚੰਦੂਮਾਜਰਾ

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਐੱਨ.ਡੀ.ਏ ਨਾਲ ਰਹਿਣ ਜਾਂ ਨਾ ਰਹਿਣ ਦਾ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਤਾਂ ਹਾਲੇ ਦੂਰ ਹਨ, ਉਸ ਤੋਂ ਪਹਿਲਾਂ ਕਿਸਾਨਾਂ ਦੇ ਹਿੱਤਾਂ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਿਸਾਨੀ ਬਚਾਉਣ ਲਈ ਕਿਸ ਤਰ੍ਹਾਂ ਦਾ ਸੰਘਰਸ਼ ਕਰਨਾ ਹੈ, ਉਸ ਦਾ ਫ਼ੈਸਲਾ ਕੋਰ ਕਮੇਟੀ ਵਿਚ ਹੋਵੇਗਾ। 

ਕਿਸਾਨਾਂ ਨੇ ਹੰਕਾਰ ਤੋੜਿਆ: ਜਾਖੜ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹਰਸਿਮਰਤ ਦਾ ਅਸਤੀਫ਼ਾ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦੇ ਗੁੱਸੇ ਨੇ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਅਤੇ ਹੰਕਾਰ ਤੋੜ ਦਿੱਤਾ ਹੈ। ਅਕਾਲੀ ਦਲ ਦੋਗਲੀ ਨੀਤੀ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵੀ ਸਬਕ ਨਾ ਲਿਆ ਤਾਂ ਕਿਸਾਨਾਂ ਦਾ ਗੁੱਸਾ ਭਾਜਪਾ ਦੀ ਅੜੀ ਵੀ ਭੰਨ ਦੇਵੇਗਾ। 

ਅਸਤੀਫ਼ੇ ਦੇ ਐਲਾਨ ਮੌਕੇ ਸੰਸਦ ’ਚ ਸੁਖਬੀਰ ਦਾ ਮਾਈਕ ਬੰਦ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕ ਸਭਾ ਵਿਚ ਪਹਿਲਾਂ ਹੀ ਆਖ ਦਿੱਤਾ ਸੀ ਕਿ ਜੇਕਰ ਖੇਤੀ ਬਿੱਲ ਪਾਸ ਕੀਤੇ ਜਾਂਦੇ ਹਨ ਤਾਂ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਦੇਣਗੇ। ਜਦੋਂ ਸੁਖਬੀਰ ਬਾਦਲ ਲੋਕ ਸਭਾ ਵਿੱਚ ਇਹ ਐਲਾਨ ਕਰ ਰਹੇ ਸਨ ਉਦੋਂ ਉਨ੍ਹਾਂ ਦੇ ਮਾਈਕਰੋਫੋਨ ਦੀ ਆਵਾਜ਼ ਬੰਦ ਕਰ ਦਿੱਤੀ ਗਈ।

ਅਕਾਲੀ ਦਲ ਦੀ ਨੀਅਤ ’ਚ ਖੋਟ: ਬਾਜਵਾ

ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਟਵੀਟ ਕਰਕੇ ਆਖਿਆ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਤਾਂ ਦੇ ਦਿੱਤਾ ਹੈ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਹਾਲੇ ਐੱਨ.ਡੀ.ਏ ਦਾ ਹਿੱਸਾ ਹੈ। ਐੱਨ.ਡੀ.ਏ ਦਾ ਹਿੱਸਾ ਬਣੇ ਰਹਿਣਾ ਸ਼੍ਰੋਮਣੀ ਅਕਾਲੀ ਦਲ ਦੀ ਨੀਅਤ ਨੂੰ ਸਾਬਿਤ ਕਰਦਾ ਹੈ। 

ਜ਼ੁਬਾਨੀ ਵੋਟਾਂ ਨਾਲ ਦੋ ਖੇਤੀ ਿਬੱਲਾਂ ਨੂੰ ਮਨਜ਼ੂਰੀ

ਨਵੀਂ ਦਿੱਲੀ, 17 ਸਤੰਬਰ

ਵਿਰੋਧੀ ਧਿਰ ਵੱਲੋਂ ਵਾਕਆਊਟ ਦਰਮਿਆਨ ਅੱਜ ਲੋਕ ਸਭਾ ’ਚ ਕਿਸਾਨੀ ਨਾਲ ਜੁੜੇ ਦੋ ਬਿੱਲ, ਕਿਸਾਨੀ ਉਪਜ, ਵਪਾਰ ਅਤੇ ਵਣਜ (ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ) ਬਿੱਲ ਅਤੇ ਕੀਮਤ ਭਰੋਸਾ ਤੇ ਖੇਤੀ ਸੇਵਾਵਾਂ ਬਾਰੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ ਬਿੱਲ, 2020 ਜ਼ੁਬਾਨੀ ਵੋਟਾਂ ਨਾਲ ਪਾਸ ਹੋ ਗਏ। ਵੋਟਿੰਗ ਤੋਂ ਪਹਿਲਾਂ ਕਾਂਗਰਸ, ਡੀਐੱਮਕੇ ਅਤੇ ਆਰਐੱਸਪੀ ਦੇ ਮੈਂਬਰਾਂ ਨੇ ਬਿੱਲਾਂ ਦਾ ਵਿਰੋਧ ਕਰਦਿਆਂ ਸਦਨ ਦੀ ਕਾਰਵਾਈ ’ਚੋਂ ਵਾਕਆਊਟ ਕਰ ਦਿੱਤਾ। ਤੀਜਾ ਬਿੱਲ, ਜ਼ਰੂਰੀ ਵਸਤਾਂ ਸੋਧ ਬਿੱਲ ਮੰਗਲਵਾਰ ਨੂੰ ਹੀ ਲੋਕ ਸਭਾ ’ਚ ਪਾਸ ਹੋ ਚੁੱਕਾ ਹੈ। ਐੱਨਡੀਏ ’ਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਿੱਲਾਂ ਦਾ ਤਿੱਖਾ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੇ ਪਾਰਟੀ ਨਾਲ ਇਨ੍ਹਾਂ ਬਾਰੇ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੋਵੇਂ ਬਿੱਲਾਂ ਬਾਰੇ ਕਿਹਾ ਕਿ ਕਿਸਾਨਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਜਾਰੀ ਰਹੇਗਾ ਅਤੇ ਇਸ ਪ੍ਰਣਾਲੀ ਦਾ ਪ੍ਰਸਤਾਵਿਤ ਦੋ ਬਿੱਲਾਂ ’ਤੇ ਕੋਈ ਅਸਰ ਨਹੀਂ ਪਵੇਗਾ। ਸ੍ਰੀ ਤੋਮਰ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦਾ ਉਦੇਸ਼ ਕਿਸਾਨੀ ਨੂੰ ਮੁਨਾਫ਼ੇਯੋਗ ਬਣਾਉਣਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਇਹ ਪ੍ਰਸਤਾਵਿਤ ਬਿੱਲ ਸੂਬਿਆਂ ਦੇ ਖੇਤੀ ਉਤਪਾਦ ਮੰਡੀਕਰਨ ਕਮੇਟੀ ਐਕਟਾਂ ’ਚ ਦਖ਼ਲ ਨਹੀਂ ਦੇਣਗੇ। ਸ੍ਰੀ ਤੋਮਰ ਨੇ ਕਿਹਾ,‘‘ਦੋਵੇਂ ਬਿੱਲ ਇਹ ਯਕੀਨੀ ਬਣਾਉਣਗੇ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਢੁੱਕਵਾਂ ਮੁੱਲ ਮਿਲ ਸਕੇ। ਕਿਸਾਨ ਕਿਤੇ ਵੀ ਆਪਣੀ ਫ਼ਸਲ ਨੂੰ ਵੇਚ ਸਕਣ ਲਈ ਆਜ਼ਾਦ ਹੋਣਗੇ ਅਤੇ ਉਨ੍ਹਾਂ ਨੂੰ ਕੋਈ ਟੈਕਸ ਨਹੀਂ ਭਰਨਾ ਪਵੇਗਾ। ਇਹ ਬਿੱਲ ਮੁਕਾਬਲੇਬਾਜ਼ੀ ਨੂੰ ਵਧਾਉਣਗੇ ਅਤੇ ਪ੍ਰਾਈਵੇਟ ਨਿਵੇਸ਼ ਨੂੰ ਹੁਲਾਰਾ ਦੇਣਗੇ ਜਿਸ ਨਾਲ ਖੇਤੀ ਬੁਨਿਆਦੀ ਢਾਂਚੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਚ ਸਹਾਇਤਾ ਮਿਲੇਗੀ।’’ ਉਨ੍ਹਾਂ ਕਿਹਾ ਕਿ ਦੋਵੇਂ ਬਿੱਲਾਂ ਤਹਿਤ ਕਿਸਾਨ ਵੱਡੇ ਕਾਰੋਬਾਰੀਆਂ ਅਤੇ ਬਰਾਮਦਕਾਰਾਂ ਨਾਲ ਆਪਣੀ ਫ਼ਸਲ ਦੀ ਵੇਚ-ਵੱਟ ਲਈ ਸਿੱਧੇ ਹੀ ਸੰਪਰਕ ਕਰ ਸਕਣਗੇ। 

ਬਿੱਲਾਂ ’ਤੇ ਬਹਿਸ ਸ਼ੁਰੂ ਕਰਦਿਆਂ ਕਾਂਗਰਸ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੰਗ ਕੀਤੀ ਕਿ ਇਹ ਬਿੱਲ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀਆਂ ’ਚੋਂ 3630 ਕਰੋੜ ਰੁਪਏ ਇਕੱਤਰ ਕਰਦਾ ਹੈ ਅਤੇ ਇਹ ਪੈਸਾ ਕਿਸਾਨਾਂ ਦੀ ਭਲਾਈ ਦੇ ਨਾਲ ਨਾਲ ਪਿੰਡਾਂ ਦੀਆਂ ਸੜਕਾਂ ਅਤੇ ਹੋਰ ਦਿਹਾਤੀ ਬੁਨਿਆਦੀ ਢਾਂਚੇ ’ਤੇ ਖ਼ਰਚਿਆ ਜਾਂਦਾ ਹੈ। ਉਨ੍ਹਾਂ ਹੈਰਾਨੀ ਜਤਾਈ ਕਿ ਜੇਕਰ ਖੇਤੀਬਾੜੀ ਦਾ ਵਿਸ਼ਾ ਸਮਵਰਤੀ ਸੂਚੀ ’ਚ ਹੈ ਤਾਂ ਕੇਂਦਰ ਬਿੱਲਾਂ ਰਾਹੀਂ ਇਸ ’ਚ ਦਖ਼ਲ ਕਿਉਂ ਦੇ ਰਿਹਾ ਹੈ। ਬਿੱਟੂ ਨੇ ਕਿਹਾ,‘‘ਤੁਸੀਂ ਸੂਬਿਆਂ ਦੀਆਂ ਤਾਕਤਾਂ ਖੋਹਣਾ ਚਾਹੁੰਦੇ ਹੋ। ਪੂਰਨ ਜਾਂ ਭਾਰੀ ਬਹੁਮਤ ਦਾ ਅਰਥ ਇਹ ਨਹੀਂ ਕਿ ਕੇਂਦਰ ਸਾਰੀਆਂ ਤਾਕਤਾਂ ਆਪਣੇ ਹੱਥਾਂ ’ਚ ਕਰ ਲਵੇਗਾ।’’ ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਦੇ ਵੱਡੇ ਕਾਰਪੋਰੇਟਾਂ ਨਾਲ ਹੋਣ ਵਾਲੇ ਵਿਵਾਦਾਂ ਦਾ ਹੱਲ ਕਿਵੇਂ ਨਿਕਲੇਗਾ ਜਦਕਿ ਬਿੱਲ ਕਿਸਾਨਾਂ ਨੂੰ ਖ਼ਤਮ ਕਰ ਦੇਣਗੇ। ਆਰਐੱਸਪੀ ਦੇ ਐੱਨ ਕੇ ਪ੍ਰੇਮਚੰਦਰਨ ਨੇ ਮੰਗ ਕੀਤੀ ਕਿ ਇਹ ਬਿੱਲ ਸਟੈਂਡਿੰਗ ਕਮੇਟੀ ਕੋਲ ਭੇਜੇ ਜਾਣ ਅਤੇ ਆਰਡੀਨੈਂਸ ਲਿਆਉਣ ਦੀ ਕੋਈ ਤੁੱਕ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੋਵਿਡ-19 ਮਹਾਮਾਰੀ ਦਾ ਲਾਹਾ ਲੈਂਦਿਆਂ ਆਰਡੀਨੈਂਸ ਦਾ ਰਸਤਾ ਅਪਣਾਇਆ ਗਿਆ ਤਾਂ ਜੋ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਭਾਜਪਾ ਦੇ ਵੀਰੇਂਦਰ ਸਿੰਘ ਨੇ ਕਿਹਾ ਕਿ ਬਿੱਲ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਦੇ ਨਾਲ ਨਾਲ ਮੁਲਕ ਨੂੰ ਆਤਮ ਨਿਰਭਰ ਬਣਾਉਣ ’ਚ ਸਹਾਇਤਾ ਕਰਨਗੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All