Sukhbir Badal ਦੀ ਰੱਖਿਆ ਕਰਨ ਵਾਲੇ ਇੰਸਪੈਕਟਰ ਦੀ ਹਰਸਿਮਰਤ ਬਾਦਲ ਨੇ ਕੀਤੀ ਹੌਸਲਾ ਅਫਜ਼ਾਈ
“ਇੰਸਪੈਕਟਰ ਸੰਤੋਸ਼ ਕੇਂਦਰੇ ਨੇ ਮਨੁੱਖੀ ਢਾਲ ਬਣ ਕੇ ਨਿਭਾਈ ਮਿਸਾਲੀ ਬਹਾਦਰੀ”: ਹਰਸਿਮਰਤ ਬਾਦਲ
ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨੰਦੇੜ ਵਿੱਚ ਹੋਏ ਹਮਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਲਈ ਬਹਾਦਰੀ ਦਾ ਮੁਜ਼ਾਹਰਾ ਕਰਨ ਵਾਲੇ ਮਹਾਰਾਸ਼ਟਰ ਪੁਲੀਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨੂੰ ਸਲਾਮ ਕੀਤਾ ਹੈ।
“ਇੰਸਪੈਕਟਰ ਸੰਤੋਸ਼ ਕੇਂਦਰੇ ਨੇ ਮਨੁੱਖੀ ਢਾਲ ਬਣ ਕੇ ਨਿਭਾਈ ਮਿਸਾਲੀ ਬਹਾਦਰੀ”
ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਰੀ ਕੀਤੀ ਪੋਸਟ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇੰਸਪੈਕਟਰ ਸੰਤੋਸ਼ ਕੇਂਦਰੇ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਸੁਖਬੀਰ ਸਿੰਘ ਬਾਦਲ ਦੀ ਰੱਖਿਆ ਲਈ ਮਨੁੱਖੀ ਢਾਲ ਵਾਂਗ ਖੜ੍ਹ ਕੇ ਅਸਾਧਾਰਣ ਹਿੰਮਤ ਅਤੇ ਫ਼ਰਜ਼ ਨਿਭਾਉਣ ਦੀ ਮਿਸਾਲ ਕਾਇਮ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੰਤੋਸ਼ ਕੇਂਦਰੇ ਦੀ ਬਹਾਦਰੀ ਨੇ ਇਹ ਯਾਦ ਕਰਵਾਇਆ ਹੈ ਕਿ ਵਰਦੀ ਪਹਿਨਣ ਦਾ ਅਸਲ ਮਤਲਬ ਆਪਣੇ ਆਪ ਤੋਂ ਪਹਿਲਾਂ ਫ਼ਰਜ਼ ਅਤੇ ਡਰ ਤੋਂ ਪਹਿਲਾਂ ਹਿੰਮਤ ਨੂੰ ਤਰਜੀਹ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਇੰਸਪੈਕਟਰ ਕੇਂਦਰੇ ਦਾ ਤਹਿ ਦਿਲੋਂ ਧੰਨਵਾਦੀ ਹੈ ਅਤੇ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ।
ਯਸ਼ੋਸਾਈ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦਾ ਕੀਤਾ ਵਿਸ਼ੇਸ਼ ਧੰਨਵਾਦ
ਹਰਸਿਮਰਤ ਕੌਰ ਬਾਦਲ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇੰਸਪੈਕਟਰ ਸੰਤੋਸ਼ ਕੇਂਦਰੇ ਨੂੰ ਜਲਦੀ ਸਿਹਤਯਾਬੀ ਬਖ਼ਸ਼ਣ। ਉਨ੍ਹਾਂ ਨਾਲ ਹੀ ਯਸ਼ੋਸਾਈ ਹਸਪਤਾਲ ਦੇ ਡਾਕਟਰਾਂ ਅਤੇ ਸਮੁੱਚੇ ਸਟਾਫ਼ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁਸ਼ਕਲ ਸਮੇਂ ਦੌਰਾਨ ਅਣਥੱਕ ਸੇਵਾਵਾਂ ਨਿਭਾਉਂਦਿਆਂ ਪਰਿਵਾਰ ਦਾ ਹੌਂਸਲਾ ਵਧਾਇਆ।
ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਡਾਕਟਰੀ ਟੀਮ ਵੱਲੋਂ ਨਿਭਾਈ ਗਈ ਭੂਮਿਕਾ ਹਮੇਸ਼ਾ ਯਾਦ ਰੱਖੀ ਜਾਵੇਗੀ।

