'ਸਰੋਕਾਰਾਂ ਦੀ ਆਵਾਜ਼' ਦੇ ਸੰਪਾਦਕ ਸਾਥੀ ਹਰਬੰਸ ਸਿੰਘ ਦਾ ਦੇਹਾਂਤ
ਕੈਨੇਡਾ ਦੇ ਹਸਪਤਾਲ ਵਿੱਚ ਲਏ ਆਖਰੀ ਸਾਹ; ਵੱਖ-ਵੱਖ ਜਥੇਬੰਦੀਆਂ ਵੱਲੋਂ ਡੰਘੇ ਦੁੱਖ ਦਾ ਪ੍ਰਗਟਾਵਾ
ਸਾਹਿਤਕ ਪ੍ਰੇਮੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ‘ਸਰੋਕਾਰਾਂ ਦੀ ਆਵਾਜ਼’ ਦੇ ਬਾਨੀ ਸੰਪਾਦਕ ਅਤੇ ਲੋਕ ਹਿਤੈਸ਼ੀ ਨਿਧੜਕ ਆਵਾਜ਼ ਸਾਥੀ ਹਰਬੰਸ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਸਿਹਤ ਕੁਝ ਸਮੇਂ ਤੋਂ ਨਾਸਾਜ਼ ਸੀ ਅਤੇ 28 ਸਤੰਬਰ ਨੂੰ ਬਰੈਂਪਟਨ ਦੇ ਹਸਪਤਾਲ ਵਿੱਚ ਦੁਪਹਿਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਹਰਬੰਸ ਸਿੰਘ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਦੇ ਜੰਮਪਲ ਸਨ ਅਤੇ ਉਨ੍ਹਾਂ ਪਿੰਡ ਭਰੋਵਾਲ ਕਲਾਂ (ਲੁਧਿਆਣਾ) ਵਿਖੇ ਆਪਣੀ ਭੂਆ ਜੀ ਕੋਲ ਰਹਿ ਕੇ ਪੜ੍ਹਾਈ ਕੀਤੀ। ਇਤਿਹਾਸਕ ਮੋਗਾ ਘੋਲ ਸਮੇਂ ਵਿਦਿਆਰਥੀ ਜੀਵਨ ਦੌਰਾਨ ਉਹ ਲੋਕ ਸੰਘਰਸ਼ਾਂ ਨਾਲ ਜੁੜ ਗਏ ਅਤੇ ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਦੀ ਚੜ੍ਹਤ ਦੇ ਦੌਰ ਵਿੱਚ ਜਗਰਾਓਂ ਇਲਾਕੇ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਵਜੋਂ ਉੱਭਰੇ। ਉਨ੍ਹਾਂ ਨੌਜਵਾਨ ਭਾਰਤ ਸਭਾ ਤੇ ਹੋਰ ਲੋਕ ਸੰਘਰਸ਼ਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕੁਝ ਸਮਾਂ ਬਤੌਰ ਸਾਇੰਸ ਅਧਿਆਪਕ ਨੌਕਰੀ ਕੀਤੀ ਅਤੇ ਫਿਰ ਚੰਗੇਰੇ ਭਵਿੱਖ ਦੀ ਤਲਾਸ਼ ਵਿੱਚ ਕੈਨੇਡਾ ਆ ਗਏ।
ਕੈਨੇਡਾ ਆ ਕੇ ਉਹ ਭਾਰਤ ਦੀ ਇਨਕਲਾਬੀ ਜਮਹੂਰੀ ਲਹਿਰ ਵਿੱਚ ਯੋਗਦਾਨ ਪਾਉਂਦੇ ਰਹੇ। ਇਸੇ ਦੌਰਾਨ ਉਹ ਕੈਨੇਡਾ ਵਿੱਚ ਲੋਕਪੱਖੀ ਜਥੇਬੰਦੀਆਂ ਨਾਲ ਜੁੜ ਕੇ ਸਰਗਰਮ ਹੋ ਗਏ ਅਤੇ ਆਪਣੇ ਅੰਤਿਮ ਸਾਹਾਂ ਤੱਕ ਲੋਕ ਹਿਤਾਂ ਤੇ ਸਰੋਕਾਰਾਂ ਨੂੰ ਸਮਰਪਿਤ ਰਹੇ। ਹੋਰ ਸਾਥੀਆਂ ਨਾਲ ਮਿਲ ਕੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਦੀ ਸਥਾਪਨਾ ਕਰਕੇ ਇਸ ਮਾਧਿਅਮ ਰਾਹੀਂ ਉਨ੍ਹਾਂ ਨੇ ਪੰਜਾਬੀ ਜ਼ਬਾਨ ਵਿੱਚ ਦੁਨੀਆ ਭਰ ਦੇ ਦੱਬੇ-ਕੁਚਲੇ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਇਨਕਲਾਬੀ ਕੌਮਾਂਤਰੀਵਾਦੀ ਨਜ਼ਰੀਏ ਤੋਂ ਉਠਾਉਣ ਅਤੇ ਲੋਕ ਰਾਇ ਖੜ੍ਹੀ ਕਰਨ ਦਾ ਬੀੜਾ ਚੁੱਕਿਆ।
ਵਿਦੇਸ਼ੀ ਧਰਤੀ ਤੋਂ ਛਪਦੇ ਇਸ ਪੇਪਰ ਨੂੰ ਉਨ੍ਹਾਂ ਲੋਕਾਂ ਦੀ ਆਵਾਜ਼ ਦੇ ਰੂਪ ਵਿੱਚ ਸਥਾਪਤ ਕੀਤਾ। ਅੱਜ ਦੁਨੀਆ ਭਰ ਵਿੱਚ ਫਾਸ਼ੀਵਾਦ ਦੇ ਬੋਲਬਾਲੇ ਦੇ ਵੱਡੀਆਂ ਚੁਣੌਤੀਆਂ ਵਾਲੇ ਸਮਿਆਂ ਵਿੱਚ ਅਜਿਹੀ ਬਹੁਪੱਖੀ ਇਨਕਲਾਬੀ ਸ਼ਖ਼ਸੀਅਤ ਦਾ ਵਿਛੋੜਾ ਦੇ ਜਾਣਾ ਅਦਾਰਾ ਸਰੋਕਾਰਾਂ ਦੀ ਆਵਾਜ਼, ਕੈਨੇਡਾ ਦੀਆਂ ਸਮੂਹ ਅਗਾਂਹਵਧੂ ਤਾਕਤਾਂ ਅਤੇ ਭਾਰਤ ਦੀ ਇਨਕਲਾਬੀ ਜਮਹੂਰੀ ਲਹਿਰ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਦੇ ਵਿਛੋੜੇ ਉੱਤੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਦੇ ਸੰਚਾਲਕਾਂ ਨੇ ਆਪਣੇ ਪਿਆਰੇ ਸਾਥੀ ਵੱਲੋਂ ਵਿੱਢੇ ਕਾਰਜ ਨੂੰ ਬੁਲੰਦ ਰੱਖਣ ਦਾ ਅਹਿਦ ਲੈਂਦਿਆਂ ਆਪਣੇ ਸਾਥੀ ਹਰਬੰਸ ਸਿੰਘ ਦੀ ਇਨਕਲਾਬੀ ਘਾਲਣਾ ਨੂੰ ਸਲਾਮ ਕੀਤਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਜਮਹੂਰੀ ਅਧਿਕਾਰ ਸਭਾ ਪੰਜਾਬ, ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਤਰਕਸ਼ੀਲ ਸੁਸਾਇਟੀ ਪੰਜਾਬ, ਬਾਬਾ ਭਾਨ ਸਿੰਘ ਯਾਦਗਾਰੀ ਟਰੱਸਟ ਸੁਨੇਤ (ਲੁਧਿਆਣਾ), ਪ੍ਰੋਗਰੈਸਿਵ ਆਰਟਸ ਕਲੱਬ ਸਰੀ, ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ, ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ, ਇਨਕਲਾਬੀ ਕੇਂਦਰ ਪੰਜਾਬ, ਵਰਗ ਚੇਤਨਾ ਮੰਚ ਪੰਜਾਬ, ਸਾਂਝਾ ਪੈਨਸ਼ਨਰਜ਼ ਫਰੰਟ ਜਗਰਾਉਂ, ਸੀਪੀਆਈ (ਐੱਮਐੱਲ) ਲਿਬਰੇਸ਼ਨ, ਆਲ ਇੰਡੀਆ ਕਿਸਾਨ ਮਹਾਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਸੀਪੀਆਈ ਐੱਮਐੱਲ ਨਿਊ ਡੈਮੋਕ੍ਰੇਸੀ, ਜਗਮੋਹਣ ਢੁੱਡੀਕੇ (ਕੈਨੇਡਾ), ਡਾ. ਕੁਲਦੀਪ ਸਿੰਘ ਅਤੇ ਡਾ. ਮਨਮੋਹਨ ਸਿੰਘ (ਸਾਬਕਾ ਡਾਇਰੈਕਟਰ ਸਾਇੰਸ ਕਾਲਜ ਜਗਰਾਉਂ) ਨੇ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ ਜਾਣ ਉੱਤੇ ਇਸ ਨੂੰ ਲੋਕ ਸੰਘਰਸ਼ਾਂ ਅਤੇ ਇਨਕਲਾਬੀ ਪੱਤਰਕਾਰੀ ਲਈ ਵੱਡਾ ਘਾਟਾ ਦੱਸਿਆ ਹੈ।

