ਰੱਖੜ ਪੁੰਨਿਆ ਦੀਆਂ ਕਾਨਫਰੰਸਾਂ ’ਚ ਦੂਸ਼ਣਬਾਜ਼ੀ ਭਾਰੂ ਰਹੀ
ਲੋਕਾਂ ਨਾਲ ਜੁਡ਼ੇ ਮੁੱਦੇ ਨਜ਼ਰਅੰਦਾਜ਼; ਭਾਜਪਾ ਵੱਲੋਂ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼
ਪੰਜਾਬ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਬਾਬਾ ਬਕਾਲਾ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਕਾਨਫਰੰਸਾਂ ਵਿਚ ਆਗੂਆਂ ਵੱਲੋਂ ਆਪਸੀ ਪਰਿਵਾਰਕ ਦੂਸ਼ਣਬਾਜ਼ੀ ਕੀਤੀ ਗਈ। ਇਸ ਦੌਰਾਨ ਨਸ਼ੇ ਦਾ ਮੁੱਦਾ ਵੀ ਕੇਂਦਰ ’ਚ ਰਿਹਾ ਪਰ ਲੋਕ ਹਿੱਤ ਨਾਲ ਜੁੜਿਆ ਕੋਈ ਠੋਸ ਪ੍ਰੋਗਰਾਮ ਨਹੀਂ ਐਲਾਨਿਆ ਗਿਆ। ਇਸ ਦੌਰਾਨ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪਹਿਲੀ ਵਾਰ ਕਾਨਫ਼ਰੰਸ ਕਰ ਕੇ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕੀਤੀ ਗਈ ਅਤੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਪੱਟੀ ਲਾਉਣ ਦੀ ਸ਼ੁਰੂਆਤ ਕੀਤੀ ਗਈ।
ਆਮ ਆਦਮੀ ਪਾਰਟੀ ਵੱਲੋਂ ਕੀਤੀ ਸਿਆਸੀ ਕਾਨਫਰੰਸ ਦੇ ਮੁੱਖ ਬੁਲਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਹੇ ਅਤੇ ਉਨ੍ਹਾਂ ਬਾਦਲ ਪਰਿਵਾਰ ਵਿਰੁੱਧ ਦੂਸ਼ਣਬਾਜ਼ੀ ਤੋਂ ਇਲਾਵਾ ਪੰਜਾਬੀਆਂ ਲਈ ਕੋਈ ਠੋਸ ਮੁੱਦਾ ਨਹੀਂ ਚੁੱਕਿਆ। ਰੈਲੀ ਵਿਚ ਕੇਂਦਰੀ ਲੀਡਰਸ਼ਿਪ ਨਜ਼ਰ ਨਹੀਂ ਆਈ। ਸਰਕਾਰੀ ਕਰਮਚਾਰੀਆਂ ਦੇ ਵਿਰੋਧ ਤੋਂ ਡਰਦੇ ਆਗੂਆਂ ਵੱਲੋਂ ਤਪ ਅਸਥਾਨ ਗੁਰੂ ਤੇਗ਼ ਬਹਾਦਰ ਬਾਬਾ ਬਕਾਲਾ ਵਿਖੇ ਵੀ ਹਾਜ਼ਰੀ ਨਹੀਂ ਲਵਾਈ ਗਈ।
ਭਾਜਪਾ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਾਨਫਰੰਸ ਵਿਚ ਪੁੱਜੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਇਕਬਾਲ ਸਿੰਘ ਲਾਲਪੁਰਾ ਸਮੇਤ ਪਾਰਟੀ ਲੀਡਰਸ਼ਿਪ ਵੱਲੋਂ ਨਸ਼ੇ ਅਤੇ ਗੈਂਗਸਟਰਵਾਦ ਖ਼ਤਮ ਕਰਨ ਦਾ ਵਾਅਦੇ ਕੀਤੇ ਗਏ। ਹਾਜ਼ਰੀ ਪੱਖੋਂ ਇਕੱਠ ਭਾਵੇਂ ਘੱਟ ਸੀ ਪਰ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਜ਼ਰੂਰ ਕੀਤੀ ਗਈ।
ਸ਼੍ੋਮਣੀ ਅਕਾਲੀ ਦਲ (ਬਾਦਲ) ਦੀ ਕਾਨਫ਼ਰੰਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਇਸ ਮੌਕੇ ਉਨ੍ਹਾਂ ਪਹਿਲੀਆਂ ਅਕਾਲੀ ਸਰਕਾਰਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਕੋਈ ਨਵਾਂ ਮੁੱਦਾ ਨਹੀਂ ਚੁੱਕਿਆ। ਵਰਕਰਾਂ ਦੀ ਹਾਜ਼ਰੀ ਪੱਖੋਂ ਇਕੱਠ ਦੂਸਰੀਆਂ ਕਾਨਫ਼ਰੰਸਾਂ ਨਾਲੋਂ ਜ਼ਿਆਦਾ ਨਜ਼ਰ ਆ ਰਿਹਾ ਸੀ।
ਕਾਂਗਰਸ ਦੀ ਕਾਨਫਰੰਸ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਆਪ’ ਦੀ ਮੌਜੂਦਾ ਸਰਕਾਰ ਨੂੰ ਰੇਤੇ ਅਤੇ ਨਸ਼ੇ ਦੇ ਮੁੱਦੇ ’ਤੇ ਘੇਰਿਆ। ਕਾਨਫਰੰਸ ਵਿਚ ਪਾਰਟੀ ਪ੍ਰਧਾਨ, ਵਿਰੋਧੀ ਧਿਰ ਦੇ ਆਗੂ ਅਤੇ ਇਲਾਕੇ ਦੇ ਸਥਾਨਕ ਆਗੂਆਂ ਦੀ ਗ਼ੈਰ- ਹਾਜ਼ਰੀ ਰੜਕਦੀ ਰਹੀ।
ਅਕਾਲੀ ਦਲ (ਵਾਰਿਸ ਪੰਜਾਬ) ਦੀ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਆਪ ਮੁਹਾਰੇ ਸ਼ਮੂਲੀਅਤ ਕੀਤੀ ਪਰ ਉੱਥੇ ਲੀਡਰਸ਼ਿਪ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਸਬੰਧੀ ਮੁੱਦੇ ਤੋਂ ਇਲਾਵਾ ਪੰਜਾਬੀ ਲੋਕਾਂ ਲਈ ਕੋਈ ਖ਼ਾਸ ਪ੍ਰੋਗਰਾਮ ਨਹੀਂ ਐਲਾਨਿਆ ਗਿਆ। ਇਸੇ ਤਰ੍ਹਾਂ ਸ਼੍ੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਵਾਂਗ ਸਿੱਖਾਂ ’ਤੇ ਵਿਦੇਸ਼ਾਂ ਵਿਚ ਹੋ ਰਹੇ ਹਮਲਿਆਂ ਤੇ ਚਿੰਤਾ ਪ੍ਰਗਟ ਕੀਤੀ।

